ਲੰਡਨ – ਬ੍ਰਿਟੇਨ ਵਿੱਚ ਹਾਲ ਹੀ ਵਿੱਚ ਹੋਈਆਂ ਆਮ ਚੋਣਾਂ ਵਿੱਚ ਕੈਮਰਨ ਦੀ ਅਗਵਾਈ ਵਾਲੀ ਕੰਜਰਵੇਟਿਵ ਪਾਰਟੀ ਨੇ ਸੰਸਦ ਵਿੱਚ ਦੂਸਰੀ ਵਾਰ ਸਪੱਸ਼ਟ ਬਹੁਮੱਤ ਹਾਸਿਲ ਕਰ ਲਿਆ ਹੈ। ਕੰਜਰਵੇਟਿਵ ਪਾਰਟੀ ਦੀ 1992 ਤੋਂ ਬਾਅਦ ਇਹ ਸੱਭ ਤੋਂ ਵੱਡੀ ਜਿੱਤ ਹੈ। ਜਿੱਤ ਤੋਂ ਬਾਅਦ ਡੇਵਿਡ ਕੈਮਰਨ ਨੇ ਕਿਹਾ ਕਿ ਸੰਪੂਰਨ ਬਹੁਮੱਤ ਹਾਸਿਲ ਹੋਣ ਤੇ ਹੁਣ ਉਨ੍ਹਾਂ ਦੀ ਪਾਰਟੀ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਕਰ ਸਕੇਗੀ।
ਕੰਜਰਵੇਟਿਵ ਪਾਰਟੀ 331 ਸੀਟਾਂ ਜਿੱਤ ਕੇ ਬਹੁਮੱਤ ਪ੍ਰਾਪਤ ਕਰਨ ਵਿੱਚ ਸਫਲ ਰਹੀ ਹੈ। ਕੈਮਰਨ ਨੇ ਚੋਣ ਨਤੀਜਿਆਂ ਤੋਂ ਬਾਅਦ ਆਪਣੀ ਪਤਨੀ ਸਮਾਥਾ ਸਮੇਤ ਦਸ ਡਾਊਨਨਿੰਗ ਸਟਰੀਟ ਤੇ ਆ ਕੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਇਹ ਸੱਭ ਤੋਂ ਚੰਗੀ ਜਿੱਤ ਹੋਈ ਹੈ। 650 ਸੀਟਾਂ ਵਾਲੀ ਪਾਰਲੀਮੈਂਟ ਦੇ ਲਈ ਹੋਈਆਂ ਚੋਣਾਂ ਵਿੱਚ ਕੰਜਰਵੇਟਿਵ ਪਾਰਟੀ ਨੇ 331, ਲੇਬਰ ਪਾਰਟੀ ਨੂੰ 232, ਲਿਬਰਲ ਡੈਮੋਕਰੇਟਸ ਨੂੰ 8 ਅਤੇ ਸਕਾਟਿਸ਼ ਨੈਸ਼ਨਲ ਪਾਰਟੀ ਨੂੰ 56 ਸੀਟਾਂ ਮਿਲੀਆਂ ਹਨ। ਚੋਣਾਂ ਵਿੱਚ ਹੋਈ ਹਾਰ ਤੋਂ ਬਾਅਦ ਲੇਬਰ ਪਾਰਟੀ ਦੇ ਨੇਤਾ ਐਡ ਮਿਲੀਬੈਂਡ ਅਤੇ ਲਿਬਰਲ ਡੈਮੋਕਰਟਿਕ ਪਾਰਟੀ ਦੇ ਨੇਤਾ ਨਿਕ ਕਲੇਗ ਨੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਇਨ੍ਹਾਂ ਆਮ ਚੋਣਾਂ ਵਿੱਚ ਕੰਜਰਵੇਟਿਵ ਪਾਰਟੀ ਦੀਆਂ ਵੀ ਕਈ ਵੱਡੀਆਂ ਹਸਤੀਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ।ਸਕਾਟਿਸ਼ ਲੇਬਰ ਪਾਰਟੀ ਦੇ ਨੇਤਾ ਜਿਮ ਮਰਫੀ ਅਤੇ ਡਗਲਸ ਅਲੈਕਜੈਂਡਰ ਵੀ ਚੋਣ ਹਾਰ ਗਏ ਹਨ।