ਫਤਿਹਗੜ੍ਹ ਸਾਹਿਬ – “ ਬਰਨਾਲਾ, ਸੰਗਰੂਰ, ਅੰਮ੍ਰਿਤਸਰ, ਮੁਕਤਸਰ, ਤਰਨਤਾਰਨ, ਹੁਸਿ਼ਆਰਪੁਰ, ਗੁਰਦਾਸਪੁਰ ਆਦਿ ਵੱਖ ਵੱਖ ਜਿਲ੍ਹਿਆਂ, ਸ਼ਹਿਰਾਂ , ਪਿੰਡਾਂ ਅਤੇ ਬਾਹਰਲੇ ਮੁਲਕਾਂ ਵਿਚ ਜੋ ਪੰਥ ਦਰਦੀਆਂ ਵੱਲੋਂ ਮੇਰੀ ਤੰਦਰੁਸਤੀ ਅਤੇ ਸਿਹਤਯਾਬੀ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾ ਕੇ ਅਰਦਾਸਾਂ ਨਿੱਤ ਦਿਹਾੜੇ ਹੋ ਰਹੀਆਂ ਹਨ, “ਬਿਰਥੀ ਕਦੇ ਨਾਂ ਹੋਵਈ ਜਨਿ ਕੀ ਅਰਦਾਸ” ਦੇ ਮਹਾਂਵਾਕ ਅਨੁਸਾਰ ਮੈਂ ਸੰਤਾ ਵੱਲੋਂ ਮਿਲਣ ਵਾਲੇ ਪਿਆਰ ਦੀ ਬਦੌਲਤ ਆਤਮਿਕ ਅਤੇ ਸਰੀਰਿਕ ਤੌਰ ‘ਤੇ ਮਜਬੂਤ ਮਹਿਸੂਸ ਕਰ ਰਿਹਾ ਹਾਂ। ੀੲਸ ਲਈ ਮੈਂ ਸਭਨਾਂ ਪੰਥ ਦਰਦੀਆਂ ਅਤੇ ਮੇਰੀ ਤੰਦਰੁਸਤੀ ਦੀ ਚਾਹਨਾਂ ਕਰਨ ਵਾਲਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੇਰੇ ਇਲਾਜ ਅਧੀਨ ਪੀਜੀਆਈ ਤੋਂ ਪਾਰਟੀ ਮੁੱਖ ਦਫਤਰ ਨੂੰ ਪ੍ਰੈਸ ਲਈ ਪੰਜਾਬ ਦੇ ਅਤੇ ਬਾਹਰਲੇ ਮੁਲਕਾਂ ਦੇ ਗੁਰਮੁੱਖਾਂ ਦਾ ਉਚੇਚੇ ਤੌਰ ‘ਤੇ ਧੰਨਵਾਦ ਕਰਦੇ ਹੋਏ ਜਿਥੇ ਪ੍ਰਗਟ ਕੀਤੇ ਉਥੇ ਉਹਨਾਂ ਨੇ ਇਹ ਵੀ ਕਿਹਾ ਕਿ ਬੇਸ਼ੱਕ ਸਿੱਖ ਧਰਮ ਵਿਚ ਅਰਦਾਸ ਦਾ ਬਹੁਤ ਵੱਡਾ ਮਹੱਤਵ ਹੈ ਅਤੇ ਗੁਰਮੁੱਖ ਸੱਜਣ ਮੇਰੀ ਸਿੱਹਤਯਾਬੀ ਲਈ ਵੱਡੀ ਗਿਣਤੀ ਵਿਚ ਅਰਦਾਸਾਂ ਕਰ ਰਹੇ ਹਨ, ਪਰ ਦੂਸਰੇ ਪਾਸੇ ਗੁਰੂ ਸਾਹਿਬਾਨ ਅਤੇ ਉਹਨਾਂ ਦੀ ਬਾਣੀ ਨੇ ਸਾਨੂੰ ਉਸ ਅਕਾਲ ਪੁਰਖ ਦੇ ਹੁਕਮਾਂ ਅਤੇ ਭਾਣੇ ਵਿਚ ਜਿੰਦਗੀ ਬਤੀਤ ਕਰਨ ਦਾ ਸੰਦੇਸ਼ ਵੀ ਦਿੱਤਾ ਹੈ। ਗੁਰੂ ਸਾਹਿਬਾਨ ਆਪੋ-ਆਪਣੇ ਜੀਵਨ ਕਾਲ ਦੇ ਸਮੇਂ ਅਕਹਿ ਅਤੇ ਅਸਹਿ ਦੁੱਖ ਤਕਲੀਫਾਂ ਨੂੰ ਖਿੜੇ ਮੱਥੇ ਝੱਲ ਕੇ ਵੀ ਆਪਣੀਆਂ ਇਨਸਾਨੀ, ਸਮਾਜਿਕ ਅਤੇ ਮਨੁੱਖਤਾ ਪੱਖੀ ਜਿੰਮੇਵਾਰੀਆਂ ਨੂੰ ਪੂਰਨ ਕਰਦੇ ਹੋਏ ਭਾਣੇ ਵਿਚ ਰਹਿੰਦੇ ਰਹੇ ਹਨ। ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਇਨਸਾਨੀਅਤ ਨੂੰ ਕਾਇਮ ਰੱਖਣ ਹਿਤ ਜਾਬਰਾਂ ਦੇ ਗਵਾਲੀਅਰ ਦੇ ਕਿਲੇ ਵਿਚ ਲੰਮਾ ਸਮਾਂ ਕੈਦ ਰਹੇ ਅਤੇ ਉਹਨਾਂ ਨੇ ਬੁਰਾਈਆਂ ਵਿਰੁੱਧ ਲੜਦੇ ਹੋਏ ਜੰਗਾਂ ਵੀ ਲੜੀਆਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਸਾਹਿਬਜਾਦਿਆਂ ਨੂੰ ਖੁਦ ਮੈਦਾਨੇ ਜੰਗ ਵਿਚ ਤਿਆਰ ਕਰਕੇ ਸ਼ਹਾਦਤਾਂ ਪ੍ਰਾਪਤ ਕਰਨ ਲਈ ਭੇਜਿਆ ਅਤੇ ਖੁਦ ਸਮਾਜਿਕ ਬੁਰਾਈਆਂ ਵਿਰੁੱਧ ਸੰਘਰਸ਼ ਕਰਦੇ ਹੋਏ 14 ਜੰਗਾਂ ਵੀ ਲੜੀਆਂ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਾਬਰਾਂ ਵਿਰੁੱਧ ਆਵਾਜ ਬੁਲੰਦ ਕਰਦੇ ਹੋਏ ਇਨਸਾਨੀਅਤ ਲਈ ਸ਼ਹਾਦਤ ਦਿੱਤੀ, ਸਿੰਘਾਂ ਨੂੰ ਬੰਦ ਬੰਦ ਕਟਵਾਉਣੇ ਪਏ, ਜਿਊਂਦੇ ਖੋਪਰੀਆਂ ਲੁਹਾਉਣੀਆਂ ਪਈਆਂ, ਚਰਖੜੀਆਂ ਉਤੇ ਚੜ੍ਹਨਾ ਪਿਆ ਪਰ ਸਭਨਾਂ ਨੇ ਉਸ ਅਕਾਲ ਪੁਰਖ ਦੇ ਭਾਣੇ ਵਿਚ ਵਿਚਰਦੇ ਹੋਏ ਆਪਣੀਆਂ ਸ਼ਹਾਦਤਾਂ ਦਿੱਤੀਆਂ। ਜਦੋਂ ਗੁਰੂ ਸਾਹਿਬਾਨ ਖੁਦ ਭਾਣੇ ਵਿਚ ਵਿਸ਼ਵਾਸ ਰੱਖਦੇ ਸਨ ਤਾਂ ਸਾਨੂੰ ਵੀ ਆਪਣੀਆਂ ਮਾਨਸਿਕ ਅਤੇ ਸਰੀਰਿਕ ਪੀੜਾ ਨੂੰ ਸਮੇਂ ਸਮੇਂ ਨਾਲ ਉਸ ਮਹਾਂਵਾਕ ਅਨੁਸਾਰ “ਜੋ ਤੂੰ ਕਰੇ, ਸੋਇ ਪਰਵਾਨ, ਸਾਚੈ ਸਾਹਿਬ ਸਚਾ ਫੁਰਮਾਨ”, ਦੇ ਅਨੁਸਾਰ ਭਾਣੇ ਵਿਚ ਰਹਿੰਦੇ ਹੋਏ ਆਪਣੀਆਂ ਸਮਾਜਿਕ, ਕੌਮੀ ਅਤੇ ਮਨੁੱਖਤਾ ਪੱਖੀ ਜਿੰਮੇਵਾਰੀਆਂ ਨੂੰ ਪੂਰਨ ਦ੍ਰਿੜ੍ਹਤਾ ਅਤੇ ਇਮਾਨਦਾਰੀ ਨਾਲ ਪੂਰਨ ਕਰ ਦੇਣਾ ਚਾਹੀਦਾ ਹੈ। ਇਸੇ ਵਿਚ ਸਾਡੀ ਅਤੇ ਉਸ ਅਕਾਲ ਪੁਰਖ ਦੀਆਂ ਖੁਸ਼ੀਆਂ ਛਿਪੀਆਂ ਹੋਈਆਂ ਹਨ ਅਤੇ ਗੁਰਬਾਣੀ ਹੀ ਸਾਨੂੰ ਇਹੋ ਸੰਦੇਸ਼ ਦਿੰਦੀ ਹੈ।