ਅੰਮ੍ਰਿਤਸਰ : ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਕਲੀਗਰ ਸਿੱਖਾਂ ਵੱਲੋਂ ਅਖ਼ਬਾਰਾਂ ‘ਚ ਦਿੱਤੇ ਬਿਆਨ ਕਿ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਦੀ ਕਦੇ ਸਾਰ ਨਹੀਂ ਲਈ ਨੂੰ ਸਰਾਸਰ ਗਲਤ ਕਰਾਰ ਦਿੱਤਾ ਹੈ।
ਇਥੋਂ ਜਾਰੀ ਪ੍ਰੈਸ ਨੋਟ ਵਿੱਚ ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਂ-ਸਮੇਂ ਤੇ ਬਿਨਾਂ ਕਿਸੇ ਭੇਦਭਾਵ ਦੇ ਹਰ ਵਰਗ ਦੀ ਮਾਲੀ ਸਹਾਇਤਾ ਕਰਦੀ ਆ ਰਹੀ ਹੈ।ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਿਕਲੀਗਰ ਸਿੱਖਾਂ ਨੂੰ ਸਹਾਇਤਾ ਵਜੋਂ ਸਾਲ ੨੦੧੧-੧੨ ਵਿੱਚ ੧੦ ਲੱਖ ੨੫ ਹਜ਼ਾਰ ਰੁਪਏ, ਸਾਲ ੨੦੧੩-੧੪ ਵਿੱਚ ੩੨ ਲੱਖ ੭੦ ਹਜ਼ਾਰ ਰੁਪਏ, ਸਾਲ ੨੦੧੪-੧੫ ਵਿੱਚ ੭ ਲੱਖ ੩੦ ਹਜ਼ਾਰ ਰੁਪਏ ਅਤੇ ਇਸੇ ਸਹਾਇਤਾ ਨੂੰ ਜਾਰੀ ਰੱਖਦਿਆਂ ਚਾਲੂ ਮਾਲੀ ਸਾਲ ੨੦੧੫-੧੬ ਵਿੱਚ ੧ ਕਰੋੜ ਰੁਪਏ ਦੀ ਰਕਮ ਸਿਕਲੀਗਰ ਸਿੱਖਾਂ ਲਈ ਰਾਖਵੀਂ ਰੱਖੀ ਗਈ ਹੈ ਜਿਸ ਵਿਚੋਂ ੧੦ ਲੱਖ ੧੦ ਹਜ਼ਾਰ ਰੁਪਏ ਸਹਾਇਤਾ ਵਜੋਂ ਦਿੱਤੇ ਜਾ ਚੁੱਕੇ ਹਨ।ਇਸੇ ਤਰ੍ਹਾਂ ਸਾਲ ੨੦੧੧ ਤੋਂ ੨੦੧੫ ਤੀਕ ਕੁਲ ੬੦ ਲੱਖ ੩੫ ਹਜ਼ਾਰ ਸਹਾਇਤਾ ਸਿਕਲੀਗਰ ਸਿੱਖਾਂ ਨੂੰ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਕਲੀਗਰ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਕਰ ਰਹੀ ਹੈ ਤੇ ਅੱਗੋਂ ਵੀ ਜਾਰੀ ਹੈ।ਜਿਹੜਾ ਵੀ ਪਰਿਵਾਰ ਦਰਖਾਸਤ ਦੇ ਨਾਲ ਠੋਸ ਸਬੂਤ ਲਗਾਉਂਦਾ ਹੈ ਉਸ ਦੀ ਦਰਖਾਸਤ ‘ਤੇ ਵਿਚਾਰ ਕਰਕੇ ਸਹਾਇਤਾ ਦਿੱਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਕੁਝ ਲੋਕ ਸਿੱਖਾਂ ਦੀ ਇਸ ਸੰਸਥਾ ਨੂੰ ਬਦਨਾਮ ਕਰਨ ਤੇ ਆਪਣੀ ਝੂਠੀ ਸ਼ੋਹਰਤ ਖਾਤਰ ਗਲਤ ਬਿਆਨ ਲਗਵਾ ਰਹੇ ਹਨ ਜੋ ਸਰਾਸਰ ਗਲਤ ਹੈ।ਉਨ੍ਹਾਂ ਕਿਹਾ ਕਿ ਜੇਕਰ ਕੋਈ ਰਹਿ ਗਿਆ ਹੈ ਤਾਂ ਉਹ ਸਿੱਧਾ ਮੇਰੇ ਨਾਲ ਜਾਂ ਦਫ਼ਤਰ ਸ਼੍ਰੋਮਣੀ ਕਮੇਟੀ ‘ਚ ਸੰਪਰਕ ਕਰ ਸਕਦਾ ਹੈ।
ਸਿਕਲੀਗਰ ਸਿੱਖਾਂ ਵੱਲੋਂ ਸ਼੍ਰੋਮਣੀ ਕਮੇਟੀ ਖਿਲਾਫ ਬਿਆਨਬਾਜ਼ੀ ਸਰਾਸਰ ਗਲਤ : ਜਥੇਦਾਰ ਅਵਤਾਰ ਸਿੰਘ
This entry was posted in ਪੰਜਾਬ.