ਨਵੀਂ ਦਿੱਲੀ – ਉਪਰਾਜਪਾਲ ਅਤੇ ਦਿੱਲੀ ਦੀ ਆਪ ਸਰਕਾਰ ਦਰਮਿਆਨ ਕਾਰਜਕਾਰੀ ਮੁੱਖ ਸਕੱਤਰ ਦੀ ਨਿਯੁਕਤੀ ਨੂੰ ਲੈ ਕੇ ਐਸਾ ਬਵਾਲ ਮੱਚਿਆ ਹੋਇਆ ਹੈ ਕਿ ਇਹ ਮਾਮਲਾ ਰੁਕਣ ਦੀ ਬਜਾਏ ਹੋਰ ਵੀ ਤੂਲ ਫੜਦਾ ਜਾ ਰਿਹਾ ਹੈ। ਦਿੱਲੀ ਸਰਕਾਰ ਨੇ ਪ੍ਰਧਾਨ ਸਕੱਤਰ ਅਨਿੰਦੋ ਮਜੂਮਦਾਰ ਨੂੰ ਹਟਾ ਕੇ ਇਸ ਨੂੰ ਹੋਰ ਹਵਾ ਦੇ ਦਿੱਤੀ ਹੈ।
ਦਿੱਲੀ ਦੇ ਉਪ ਰਾਜਪਾਲ ਨੇ ਦਿੱਲੀ ਸਰਕਾਰ ਦੁਆਰਾ ਮਜੂਮਦਾਰ ਨੂੰ ਹਟਾਏ ਜਾਣ ਤੇ ਸਖਤ ਰਵਈਆ ਅਪਨਾਉਂਦੇ ਹੋਏ ਕਿਹਾ ਹੈ ਕਿ ਇਸ ਆਦੇਸ਼ ਦੀ ਕਾਨੂੰਨੀ ਤੌਰ ਤੇ ਕੋਈ ਵੀ ਮਹੱਤਤਾ ਨਹੀਂ ਹੈ। ਉਪ ਰਾਜਪਾਲ ਦੇ ਦਫ਼ਤਰ ਦਾ ਕਹਿਣਾ ਹੈ ਕਿ ਅਜਿਹਾ ਕਰਨ ਲਗਿਆਂ ਉਪਰਾਜਪਾਲ ਦੀ ਮਨਜ਼ੂਰੀ ਨਹੀਂ ਲਈ ਗਈ ਜੋ ਕਿ ਇਸ ਰੈਂਕ ਦੇ ਅਧਿਕਾਰੀਆਂ ਦਾ ਤਬਾਦਲਾ ਕਰਨ ਸਮੇਂ ਜਰੂਰੀ ਹੈ। ਇਸ ਤੋਂ ਪਹਿਲਾਂ ਦਿੱਲੀ ਸਰਕਾਰ ਦੇ ਵਿਰੋਧ ਦੇ ਬਾਵਜੂਦ ਉਪ ਰਾਜਪਾਲ ਨੇ ਸ਼ਕੁੰਤਲਾ ਗੈਮਲਿਨ ਨੂੰ ਕਾਰਜਕਾਰੀ ਮੁੱਖ ਸਕੱਤਰ ਨਿਯੁਕਤ ਕੀਤਾ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮਜੂਮਦਾਰ ਨੂੰ ਦਿੱਲੀ ਸਰਕਾਰ ਨੇ ਇਸ ਲਈ ਹਟਾਇਆ ਕਿ ਉਸ ਨੇ ਉਪ ਰਾਜਪਾਲ ਦੇ ਆਦੇਸ਼ ਤੇ ਕਾਰਜਕਾਰੀ ਮੁੱਖ ਸਕੱਤਰ ਦੇ ਅਹੁਦੇ ਤੇ ਸ਼ਕੁੰਤਲਾ ਗੈਮਲਿਨ ਦੀ ਨਿਯੁਕਤੀ ਦਾ ਪੱਤਰ ਜਾਰੀ ਕੀਤਾ ਸੀ।
ਮੁੱਖਮੰਤਰੀ ਕੇਜਰੀਵਾਲ ਨੇ ਉਪ ਰਾਜਪਾਲ ਨਜੀਬ ਜੰਗ ਨੂੰ ਪੱਤਰ ਲਿਖ ਕੇ ਸੰਵਿਧਾਨ ਦੇ ਦਾਇਰੇ ਵਿੱਚ ਅਤੇ ਦਿੱਲੀ ਸਰਕਾਰ ਦੇ ਨਿਯਮਾਂ ਅਨੁਸਾਰ ਕੰਮ ਕਰਨ ਲਈ ਕਿਹਾ ਹੈ। ਇਸ ਸਬੰਧੀ ਕੇਜਰੀਵਾਲ ਨੇ ਰਾਸ਼ਟਰਪਤੀ ਪ੍ਰਣਬ ਮੁੱਖਰਜੀ ਨੂੰ ਮਿਲਣ ਲਈ ਵੀ ਸਮਾਂ ਮੰਗਿਆ ਹੈ। ਉਪ ਰਾਜਪਾਲ ਦੇ ਦਫ਼ਤਰ ਵੱਲੋਂ ਵੀ ਇਹ ਕਿਹਾ ਗਿਆ ਹੈ ਕਿ ਇਹ ਕਦਮ ਆਪਣੇ ਫਰਜ਼ ਅਤੇ ਜਿੰਮੇਵਾਰੀਆਂ ਦਾ ਪਾਲਣ ਕਰਦੇ ਹੋਏ ਸੰਵਿਧਾਨ ਅਨੁਸਾਰ ਹੀ ਉਠਾਇਆ ਗਿਆ ਹੈ।
ਦਿੱਲੀ ਦੇ ਉਪ ਮੁੱਖਮੰਤਰੀ ਮਨੀਸ਼ ਸਿਸੌਦੀਆ ਨੇ ਕੇਂਦਰ ਸਰਕਾਰ ਤੇ ਇਹ ਆਰੋਪ ਲਗਾਇਆ ਹੈ ਕਿ ਬੀਜੇਪੀ ਸਰਕਾਰ ਉਪ ਰਾਜਪਾਲ ਦੁਆਰਾ ਕੇਜਰੀਵਾਲ ਸਰਕਾਰ ਦਾ ਤਖਤਾ ਪਲਟਣਾ ਚਾਹੁੰਦੀ ਹੈ। ਕੇਂਦਰ ਸਰਕਾਰ ਨੇ ਇਸ ਨੂੰ ਉਪ ਰਾਜਪਾਲ ਅਤੇ ਦਿੱਲੀ ਸਰਕਾਰ ਦਾ ਆਪਸੀ ਮਾਮਲਾ ਦੱਸਿਆ ਹੈ।