ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ ਸੈਨਾ ਪ੍ਰਮੁੱਖ ਰਹੇ ਜਨਰਲ ਪ੍ਰਵੇਜ਼ ਮੁਸ਼ਰੱਫ਼ ਨੇ 1999 ਵਿੱਚ ਭਾਰਤ ਨਾਲ ਹੋਏ ਕਾਰਗਿਲ ਯੁੱਧ ਸਬੰਧੀ ਆਪਣੀ ਪਿੱਠ ਥਪਥਪਾਈ ਹੈ। ਜਨਰਲ ਮੁਸ਼ਰੱਫ਼ ਨੇ ਕਿਹਾ ਕਿ ਭਾਰਤ ਕਦੇ ਵੀ ਤਿੰਨ ਮਹੀਨੇ ਤੱਕ ਚੱਲੇ ਇਸ ਯੁੱਧ ਨੂੰ ਕਦੇ ਵੀ ਭੁੱਲਾ ਨਹੀਂ ਪਾਏਗਾ।
ਜਨਰਲ ਮੁਸ਼ਰੱਫ਼ ਨੇ ਪਾਕਿਸਤਾਨ ਦੇ ਰਾਜਨੀਤਕ ਦਲ ‘ਆਲ ਪਾਕਿਸਤਾਨ ਮੁਸਲਿਮ ਲੀਗ’ ਦੇ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਉਸ ਸਮੇਂ ਸਾਡੀਆਂ ਸੁਰੱਖਿਆ ਫੋਰਸਾਂ ਨੇ ਭਾਰਤ ਨੂੰ ਗਲੇ ਤੋਂ ਦਬੋਚ ਲਿਆ ਸੀ। ਇਹ ਯੁੱਧ ਕਰਨ ਵਾਲੀ ਦੂਸਰੀ ਕਤਾਰ ਦੀ ਟੁਕੜੀ ਸੀ, ਜਿਸ ਨੂੰ ਬਾਅਦ ਵਿੱਚ ਸੈਨਾ ਦਾ ਦਰਜ਼ਾ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਚਹੁੰ ਪਾਸਿਆਂ ਤੋਂ ਭਾਰਤੀ ਖੇਤਰ ਵਿੱਚ ਘੁਸਪੈਠ ਕੀਤੀ ਸੀ, ਜਿਸ ਸਬੰਧੀ ਭਾਰਤ ਨੂੰ ਬਿਲਕੁਲ ਹੀ ਜਾਣਕਾਰੀ ਨਹੀਂ ਸੀ।
ਉਨ੍ਹਾਂ ਨੇ ਕਿਹਾ ਕਿ 1971 ਤੋਂ ਬਾਅਦ ਕਾਰਗਿਲ ਸੱਭ ਤੋਂ ਭਿਆਨਕ ਯੁੱਧ ਸੀ। ਮੁਸ਼ਰੱਫ਼ ਅਨੁਸਾਰ ਕਾਰਗਿਲ ਖੇਤਰ ਵਿੱਚ ਜਿਵੇਂ ਹੀ ਬਰਫ਼ ਪਿਘਲਣੀ ਸ਼ੁਰੂ ਹੋਈ ਤਾਂ 1000 ਤੋਂ ਵੱਧ ਘੁਸਪੈਠੀਏ ਪਾਕਿਸਤਾਨ ਦੇ ਕੰਟਰੋਲ ਵਾਲੇ ਕਸ਼ਮੀਰ ਤੋਂ ਭਾਰਤ ਵਿੱਚਲੇ ਕਸ਼ਮੀਰ ਵਿੱਚ ਦਾਖਿਲ ਹੋ ਗਏ। ਘੁਸਪੈਠੀਆਂ ਨੇ 14000 ਫੁੱਟ ਦੀ ਉਚਾਈ ਤੇ ਆਪਣਾ ਟਿਕਾਣਾ ਬਣਾ ਲਿਆ ਸੀ। ਜਿਸ ਸਥਾਨ ਤੋਂ ਉਹ ਲੇਹ ਅਤੇ ਲਦਾਖ ਨੂੰ ਸ੍ਰੀਨਗਰ ਨਾਲ ਜੋੜਨ ਵਾਲੀ ਰਣਨੀਤਕ ਮਹੱਤਵ ਦੀ ਸੜਕ ਤੇ ਨਜ਼ਰ ਰੱਖ ਸਕਦੇ ਸਨ।