ਡਾ. ਕੁਲਵੀਰ ਕੌਰ
ਫਰਨੀਚਰ ਦੀ ਵਰਤੋਂ ਘਰ ਵਿੱਚ ਕਈ ਕੰਮਾਂ ਲਈ ਕੀਤੀ ਜਾਂਦੀ ਹੈ ਜਿਵੇਂ ਕਿ ਸੌਣ ਲਈ, ਕੁਝ ਖਾਸ ਕੰਮ ਜਿਵੇਂ ਕਿ ਪੜ੍ਹਨ ਲਈ, ਖਾਣਾ ਖਾਣ ਲਈ ਜਾਂ ਵਿਹਲੇ ਸਮੇਂ ਦੌਰਾਨ ਆਨੰਦ ਮਾਨਣ ਲਈ ਆਦਿ । ਸਾਰੇ ਜੀਵਤ ਪ੍ਰਾਣੀਆਂ ਵਿੱਚ ਊਰਜਾ ਦੀ ਖੱਪਤ ਅਤੇ ਫਿਰ ਸਿਹਤਯਾਬ ਹੋਣ ਦਾ ਪ੍ਰਵਾਹ ਸਾਰੀ ਜ਼ਿੰਦਗੀ ਲਗਾਤਾਰ ਚੱਲਦਾ ਰਹਿੰਦਾ ਹੈ । ਇਹ ਚੱਕਰ ਸਰੀਰ ਦੇ ਅੰਦਰੂਨੀ ਅੰਗਾਂ ਵਿੱਚ ਮੁੜ ਜਾਨ ਪਾਉਣ ਲਈ ਅਤਿ ਜ਼ਰੂਰੀ ਹੈ ਅਤੇ ਸਰੀਰ ਉਦੋਂ ਹੀ ਤਰੋ ਤਾਜਾ ਹੁੰਦਾ ਹੈ ਜਦੋਂ ਸਾਰੇ ਅੰਗ ਆਰਾਮ ਕਰ ਰਹੇ ਹੁੰਦੇ ਹਨ । ਸਮੇਂ ਦੇ ਪ੍ਰਸੰਗ ਵਿੱਚ ਹਰ ਮਨੁੱਖ ਲਈ ਤਿੰਨਭਾਗ ਹਨ – ਕੰਮ, ਵਿਸ਼ਰਾਮ ਅਤੇ ਨੀਂਦ ਅਤੇ ਇਨ੍ਹਾਂ ਤਿੰਨ ਭਾਗਾਂ ਦਾ ਉਚਿੱਤ ਸੰਤੁਲਨ ਹੋਣਾ ਅਤਿ ਜਰੂਰੀ ਹੈ। ਫਰਨੀਚਰ ਦੀ ਵਰਤੋਂ ਦਾ ਮੁੱਖ ਮੰਤਵ ਇਹ ਹੁੰਦਾ ਹੈ ਕਿ ਵੱਖ-2 ਕ੍ਰਿਆਵਾਂ ਦੌਰਾਨ ਸਰੀਰ ਨੂੰ ਵੱਧ ਤੋਂ ਵੱਧ ਸਹੂਲਤ ਪ੍ਰਦਾਨ ਕਰੇ ਤਾਂ ਕਿ ਰੋਜ਼ਾਨਾ ਘਰੇਲੂ ਕੰਮਾਂ ਨੂੰ ਜ਼ਿਆਦਾ ਸੰਤੋਸ਼ਜਨਕ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ ਅਤੇ ਇਹ ਸਰੀਰ ਨੂੰ ਕੰਮ ਦੌਰਾਨ ਹੋਣ ਵਾਲੀ ਥਕਾਵਟ ਨੂੰ ਆਰਾਮ ਰਾਹੀਂ ਦੂਰ ਕਰ ਸਕੇ । ਪਰ ਅਜਿਹਾ ਤਾਂ ਹੀ ਸੰਭਵ ਹੈ ਜੇਕਰ ਫਰਨੀਚਰ ਦੇ ਡਿਜਾਇਨ ਦੀ ਚੋਣ ਕਰਨ ਸਮੇਂ ਫਰਨੀਚਰ ਵਰਤਣ ਵਾਲੇ ਦੇ ਸਰੀਰ ਦੀ ਲੋੜ ਅਨੁਸਾਰ ਕੀਤਾ ਜਾਵੇ ।
ਆਮ ਵੇਖਣ ਵਿੱਚ ਆਇਆ ਹੈ ਕਿ ਸੁਆਣੀਆਂ ਫਰਨੀਚਰ ਦੀ ਚੋਣ ਕਰਨ ਸਮੇਂ ਉਹਦੇ ਡਿਜ਼ਾਇਨ ਨੂੰ ਪਹਿਲ ਦਿੰਦੀਆਂ ਹਨ ਅਤੇ ਉਸ ਡਿਜ਼ਾਇਨ ਦੇ ਕਾਰਜਾਤਮਿਕ ਹੋਣ ਨੂੰ ਅੱਖੋਂ ਪਰੋਖੇ ਕਰ ਦਿੰਦੀਆਂ ਹਨ । ਜਿਸ ਨਾਲ ਫਰਨੀਚਰ ਦਾ ਮੁੱਢਲਾ ਮੰਤਵ ਅਰਥਹੀਣ ਹੋ ਜਾਂਦਾ ਹੈ । ਇਸ ਵਿਚ ਕੋਈ ਸ਼ੱਕ ਨਹੀਂ ਕਿ ਸੋਹਣਾ ਫਰਨੀਚਰ ਦੇਖਣ ਨੂੰ ਸੋਹਣਾ ਲੱਗਦਾ ਹੈ ਅਤੇ ਘਰ ਦੀ ਸੁਹਜ ਸੱਜਾ ਵਿਚ ਚਾਰ ਚੰਨ ਲਗਾਉਂਦਾ ਹੈ ਪਰ ਇਸ ਦਾ ਵਰਤਣ ਵਾਲੇ ਦੇ ਸਰੀਰ ਦੀ ਲੋੜ ਅਨੁਸਾਰ ਕਾਰਜਾਤਮਿਕ ਹੋਣਾ ਵੀ ਬੇਹੱਦ ਜ਼ਰੂਰੀ ਹੈ । ਕਈ ਘਰਾਂ ਵਿੱਚ ਅਜਿਹੇ ਫਰਨੀਚਰ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਘੱਟ ਸਮੇਂ ਲਈ ਕੀਤੀ ਜਾਂਦੀ ਹੈ ਇਸ ਤਰ੍ਹਾਂ ਦਾ ਫਰਨੀਚਰ ਆਪਣੀ ਕਾਰਜਤਮਿਕ ਮਹੱਤਤਾ ਦੀ ਛਾਪ ਨਹੀਂ ਛੱਡਦਾ । ਪਰ ਜਿਹੜੇ ਫਰਨੀਚਰ ਲੰਬੇ ਸਮੇਂ ਲਈ ਵਰਤੇ ਜਾਂਦੇ ਹਨ ਉਨ੍ਹਾਂ ਦਾ ਕਾਰਜਾਤਮਿਕ ਹੋਣਾ ਅਤਿ ਜਰੂਰੀ ਹੋ ਜਾਂਦਾ ਹੈ ਕਿਉਂਕਿ ਇਸ ਤਰ੍ਹਾਂ ਦੇ ਫਰਨੀਚਰ ਸਰੀਰ ਮੁਤਾਬਕ ਠੀਕ ਨਾ ਹੋਣ ਤੇ ਸਰੀਰ ਦੇ ਪ੍ਰਭਾਵਿਤ ਅੰਗਾਂ ਵਿਚ ਦਰਦ ਪੈਦਾ ਕਰਦੇ ਹਨ । ਸਰੀਰ ਵਿੱਚ ਇਹ ਦਰਦ, ਵਰਤੇ ਜਾਣ ਵਾਲੇ ਫਰਨੀਚਰ ਦੇ ਗਲਤ ਡਿਜਾਇਨ ਕਾਰਣ ਸਰੀਰਕ ਮਾਸ ਪੇਸ਼ੀਆਂ ਤੇ ਆਏ ਵਾਧੂ ਦਬਾਅ ਦੇ ਫਲਸਰੂਪ ਖ਼ੂਨ ਸੰਚਾਰ ਪ੍ਰਣਾਲੀ ਦੇ ਪ੍ਰਭਾਵਿਤ ਹੋਣ ਕਾਰਣ ਪੈਦਾ ਹੁੰਦੀ ਹੈ।
ਫਰਨੀਚਰ ਦੀ ਵਰਤੋਂ ਦੇ ਵੱਖ-2 ਮੰਤਵਾਂ ਵਿੱਚੋਂ ਬੈਠਣ ਵਾਲੇ ਫਰਨੀਚਰ ਦੀ ਵਰਤੋਂ ਸਭ ਤੋਂ ਵੱਧ ਪ੍ਰਚਲਿਤ ਹੈ ਜਿਵੇਂ ਕਿ ਵੱਖ-2 ਕੰਮ ਕਰਨ ਲਈ ਬੈਠਣ ਦੀਆਂ ਵੱਖ-2 ਅਵਸਥਾਵਾਂ ਹੋ ਸਕਦੀਆਂ ਹਨ ਜਿਵੇਂ ਕਿ ਆਰਾਮ ਕਰਨ ਲਈ ਬੈਠਣਾ, ਪੜ੍ਹਨ ਲਈ, ਖਾਣਾ ਖਾਣ ਲਈ, ਕੱਪੜੇ ਧੋਣ ਲਈ ਬੈਠਣਾ ਆਦਿ । ਸੋ ਫਰਨੀਚਰ ਖਰੀਦਣ ਸਮੇਂ ਵਰਤੀ ਜਾਣ ਵਾਲੀ ਸੀਟ ਦੀ ਉਚਾਈ, ਡੂੰਘਾਈ, ਢੋਅ ਦੀ ਢਲਾਣ ਅਤੇ ਸ਼ੇਪ, ਬਾਹਵਾਂ ਟਿਕਾਉਣ ਲਈ ਜਗ੍ਹਾ ਆਦਿ ਦਾ ਖ਼ਾਸ ਧਿਆਨ ਦੇਣਾ ਚਾਹੀਦਾ ਹੈ । ਬੈਠਣ ਵਾਲੀ ਸੀਟ ਦੀ ਡੂੰਘਾਈ ਵਰਤਣ ਵਾਲੇ ਵਿਅਕਤੀ ਦੀ ਉਪਰਲੀ ਲੱਤ (ਚੂਲੇ ਤੋਂ ਗੋਡੇ ਤੱਕ) ਦੀ ਲੰਬਾਈ ਦੇ ਬਰਾਬਰ ਹੋਣੀ ਚਾਹੀਦੀ ਹੈ ਤਾਂ ਕਿ ਆਰਾਮ ਨਾਲ ਬੈਠਿਆ ਜਾ ਸਕੇ । ਸੀਟ ਦੀ ਉਚਾਈ ਵਰਤਣ ਵਾਲੇ ਵਿਅਕਤੀ ਦੀ ਹੇਠਲੀ ਲੱਤ (ਗੋਡੇ ਤੋਂ ਅੱਡੀ ਤੱਕ) ਦੀ ਲੰਬਾਈ ਦੇ ਬਰਾਬਰ ਹੋਣੀ ਚਾਹੀਦੀ ਹੈ ਤਾਂ ਕਿ ਬੈਠਣ ਸਮੇਂ ਪੈਰ ਧਰਤੀ ਤੇ ਆਸਾਨੀ ਨਾਲ ਟਿਕ ਸਕਣ। ਕਈ ਵਾਰ ਪ੍ਰੀਵਾਰ ਵਿੱਚ ਵੱਖੋ-ਵੱਖਰੇ ਕੱਦ ਦੇ ਮੈਂਬਰ ਹੁੰਦੇ ਹਨ ਜਾਂ ਡਰਾਇੰਗ ਰੂਮ ਵਿੱਚ ਵਰਤੀਆਂ ਜਾਣ ਵਾਲੀਆਂ ਕੁਰਸੀਆਂ ਜਾਂ ਸੋਫੇ ਪ੍ਰਾਹੁਣਿਆਂ ਦੁਆਰਾ ਵਰਤੇ ਜਾਂਦੇ ਹਨ ਸੋ ਇਸ ਤਰ੍ਹਾਂ ਦਾ ਫਰਨੀਚਰ ਛੋਟੇ ਕੱਦ ਦੇ ਮੈਂਬਰ ਜਾਂ ਵਿਅਕਤੀ ਨੂੰ ਧਿਆਨ ਵਿੱਚ ਰੱਖ ਕੇ ਖਰੀਦਣਾ ਚਾਹੀਦਾ ਹੈ ਕਿਉਂਕਿ ਲੰਬੇ ਕੱਦ ਦਾ ਵਿਅਕਤੀ ਲੱਤਾਂ ਪਸਾਰ ਕੇ ਬੈਠ ਸਕਦਾ ਹੈ ਜਦ ਕਿ ਛੋਟੇ ਕੱਦ ਦਾ ਵਿਅਕਤੀ ਲੱਤਾਂ ਲਮਕਾ ਕੇ ਬੈਠਣਾ ਅਤਿ ਦੁਖਦਾਈ ਹੁੰਦਾ ਹੈ । ਜੇਕਰ ਕੁਰਸੀ ਪੜ੍ਹਨ ਲਈ ਵਰਤਣੀ ਹੋਵੇ ਤਾਂ ਉਸਦੀ ਢੋਅ ਇਸ ਪ੍ਰਕਾਰ ਦੀ ਹੋਣੀ ਚਾਹੀਦੀ ਹੈ ਕਿ ਵਿਅਕਤੀ ਸਿੱਧਾ ਬੈਠ ਸਕੇ ਤੇ ਉਸਦੀ ਪਿੱਠ ਨੂੰ ਸਹਾਰਾ ਮਿਲ ਸਕੇ ਪਰ ਗਰਦਨ ਦੀ ਗਤੀ ਵਿਧੀ ਵਿੱਚ ਕੋਈ ਅੜਿੱਕਾ ਪੈਦਾ ਨਾ ਕਰੇ । ਆਰਾਮ ਕਰਨ ਵਾਲੀ ਕੁਰਸੀ ਦੀ ਢੋਅ ਉੱਪਰੋਂ ਕੁੱਝ ਲੇਟਵੀਂ ਹੋਣੀ ਚਾਹੀਦੀ ਹੈ ਤਾਂ ਜੋ ਰੀੜ੍ਹ ਦੀ ਹੱਡੀ ਨੂੰ ਲੋੜੀਂਦਾ ਸਹਾਰਾ ਮਿਲ ਸਕੇ । ਦਫ਼ਤਰੀ ਕੰਮ-ਕਾਜ ਕਰਨ ਲਈ ਅਤੇ ਆਰਾਮ ਆਦਿ ਲਈ ਵਰਤੀਆਂ ਜਾਣ ਵਾਲੀਆਂ ਕੁਰਸੀਆਂ ਤੇ ਲੋੜ ਅਨੁਸਾਰ ਬਾਹਵਾਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਬਾਹਵਾਂ ਆਰਾਮ ਨਾਲ ਟਿਕਾਈਆਂ ਜਾ ਸਕਣ। ਹੇਠਾਂ ਬੈਠ ਕੇ ਕੰਮ ਕਰਨ ਵਾਲੀ ਪੀੜ੍ਹੀ ਜਾਂ ਪਟੜੇ ਦੀ ਉਚਾਈ 5-6 ਸ.ਮ. ਹੋਣੀ ਚਾਹੀਦੀ ਹੈ ਤਾਂ ਜੋ ਕੰਮ ਕਰਨ ਵੇਲੇ ਝੁਕਣਾ ਨਾ ਪਵੇ ।
ਬੈਠਣ ਵਾਲੀ ਸੀਟ ਤੇ ਗੱਦੀ ਰੱਖਣੀ ਬਹੁਤ ਆਰਾਮਦਾਇਕ ਰਹਿੰਦੀ ਹੈ ਅਜਿਹਾ ਕਰਨ ਨਾਲ ਸਰੀਰ ਦਾ ਭਾਰ ਵੱਧ ਖੇਤਰਫਲ ਵਿੱਚ ਵੰਡਿਆ ਜਾਂਦਾ ਹੈ ਜਿਸ ਕਾਰਨ ਥਕਾਵਟ ਕਾਫੀ ਘੱਟ ਹੁੰਦੀ ਹੈ। ਗੱਦੀ ਅਜਿਹੇ ਮਟੀਰੀਅਲ ਦੀ ਹੋਣੀ ਚਾਹੀਦੀ ਹੈ ਜੋ ਪਸੀਨੇ ਨੂੰ ਚੰਗੀ ਤਰ੍ਹਾਂ ਜਜ਼ਬ ਕਰ ਸਕੇ । ਮੇਜ਼ ਦੀ ਉਚਾਈ ਇੰਨੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਕੁਰਸੀ ਤੇ ਬੈਠ ਕੇ ਲੱਤਾਂ ਆਰਾਮ ਨਾਲ ਹੇਠਾਂ ਆਉਣ ਤੋਂ ਬਾਅਦ 6″-8″ ਤੱਕ ਜਗ੍ਹਾ ਬਚ ਜਾਵੇ । ਮੇਜ਼ ਦੀ ਸਤਹਿ ਖੁਰਦਰੀ ਜਾਂ ਚਮਕਦਾਰ ਨਹੀਂ ਹੋਣੀ ਚਾਹੀਦੀ ।
ਸੌਣ ਵਾਸਤੇ ਵਰਤੇ ਜਾਂਦੇ ਮੰਜੇ ਕੱਸੇ ਹੋਣੇ ਚਾਹੀਦੇ ਹਨ ਤਾਂ ਕਿ ਸੌਣ ਸਮੇਂ ਸਰੀਰ ਦੀ ਮਾਸ ਪੇਸ਼ੀਆਂ ਕੁਦਰਤੀ ਅਵਸਥਾ ਵਿੱਚ ਆਰਾਮ ਨਾਲ ਫੈਲ/ਸੁੰਗੜ ਸਕਣ ਅਤੇ ਰੀੜ੍ਹ ਦੀ ਹੱਡੀ ਵੀ ਆਪਣੀ ਕੁਦਰਤੀ ਅਵਸਥਾ ਵਿੱਚ ਰਹਿ ਸਕੇ । ਜੇਕਰ ਨੀਂਦ ਦੌਰਾਨ ਸਰੀਰ ਸਹੀ ਅਵਸਥਾ ਵਿੱਚ ਨਾ ਹੋਵੇ ਤਾਂ ਉੱਠ ਕੇ ਸਰੀਰ ਵਿੱਚ ਲੋੜੀਂਦੀ ਚੁਸਤੀ ਅਤੇ ਚੇਤੰਨਤਾ ਮਹਿਸੂਸ ਨਹੀਂ ਹੁੰਦੀ ।
ਇਸ ਤੋਂ ਇਲਾਵਾ ਫ਼ਰਨੀਚਰ ਦਾ ਡਿਜ਼ਾਇਨ ਸਾਧਾਰਨ ਹੋਣਾ ਚਾਹੀਦਾ ਹੈ ਤਾਂ ਕਿ ਉਸ ਵਿੱਚ ਮਿੱਟੀ ਨਾ ਜੰਮ ਸਕੇ ਅਤੇ ਸਾਫ਼ ਕਰਨਾ ਆਸਾਨ ਹੁੰਦਾ ਹੈ । ਫਰਨੀਚਰ ਅਜਿਹਾ ਹੋਣਾ ਚਾਹੀਦਾ ਹੈ ਜੋ ਚੁੱਕਣਾ ਆਸਾਨ ਹੋਵੇ । ਫਰਨੀਚਰ ਅਜਿਹੇ ਮਟੀਰੀਅਲ ਦਾ ਬਣਿਆ ਹੋਣਾ ਚਾਹੀਦਾ ਹੈ ਜੋ ਤਾਪ ਦਾ ਕੁਚਾਲਕ ਹੋਵੇ ਜਿਵੇਂ ਕਿ ਲੱਕੜ, ਪਲਾਸਟਿਕ, ਕੇਨ ਆਂਦਿ। ਫ਼ਰਨੀਚਰ ਦਾ ਕੋਈ ਹਿੱਸਾ ਤਿੱਖਾ ਨਹੀਂ ਹੋਣਾ ਚਾਹੀਦਾ । ਫਰਨੀਚਰ ਦਾ ਰੰਗ ਉਸਨੂੰ ਰੱਖੇ ਜਾਣ ਵਾਲੇ ਕਮਰੇ ਦੀ ਰੰਗ ਸਕੀਮ ਅਨੁਸਾਰ ਹੋਣਾ ਚਾਹੀਦਾ ਹੈ ਜਾਂ ਭੂਰੇ ਰੰਗਾਂ ਵਾਲੇ ਫਰਨੀਚਰ ਵਧੀਆ ਰਹਿੰਦੇ ਹਨ ਜੋ ਹਰ ਰੰਗ ਸਕੀਮ ਵਿੱਚ ਫਿੱਟ ਹੋ ਜਾਂਦੇ ਹਨ ਅਤੇ ਮੈਲੇ ਵੀ ਘੱਟ ਹੁੰਦੇ ਹਨ । ਜਿੱਥੋਂ ਤੱਕ ਹੋ ਸਕੇ ਬਹੁ-ਮੰਤਵੀ ਫਰਨੀਚਰ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਘੱਟ ਜਗ੍ਹਾ ਵਿੱਚ ਵੱਧ ਮੰਤਵ ਹਾਸਿਲ ਕੀਤੇ ਜਾ ਸਕਣ ।
ਡਾ. ਕੁਲਵੀਰ ਕੌਰ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ)
ਡਾਇਰੈਕਟੋਰੇਟ ਪਸਾਰ ਸਿੱਖਿਆ