ਨਵੀਂ ਦਿੱਲੀ : ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਬੁਲਾਰਿਆਂ ਨੇ ਗੁਰੂ ਸਾਹਿਬ ਦੀ ਸ਼ਹੀਦੀ ਦਾ ਕਾਰਨ ਦੱਸਦੇ ਹੋਏ ਧਰਮ ਦੀ ਰੱਖਿਆ ਅਤੇ ਬਾਣੀ ਦੇ ਸਤਿਕਾਰ ਵਾਸਤੇ ਗੁਰੂ ਸਾਹਿਬ ਦੇ ਵੱਲੋਂ ਕੀਤੇ ਗਏ ਕਾਰਜਾਂ ਤੋਂ ਪ੍ਰੇਸ਼ਾਨ ਹੋਕੇ ਮੁਗਲ ਰਾਜ ਵੱਲੋਂ ਫਤਵਾ ਜਾਰੀ ਕਰਨ ਦਾ ਦਾਅਵਾ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਗੁਰੂ ਸਾਹਿਬ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਅਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾਂ ਕਰਦੇ ਹੋਏ ਸਰਬ ਸਾਂਝੀਵਾਲਤਾ ਦੇ ਸੁਨੇਹੇ ਨੂੰ ਸਾਹਮਣੇ ਰੱਖਕੇ ਕੀਤੇ ਗਏ ਕਾਰਜਾਂ ਨੂੰ ਗੁਰੂ ਸਾਹਿਬ ਦੀ ਅਦੁੱਤੀ ਸ਼ਹੀਦੀ ਦਾ ਮੁੱਢ ਦੱਸਿਆ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਿੱਲੀ ਕਮੇਟੀ ਵੱਲੋਂ ਪੰਥਕ, ਸਮਾਜਿਕ, ਵਿਦਿਅਕ ਤੇ ਰਾਜਸੀ ਤੌਰ ’ਤੇ ਕੀਤੇ ਗਏ ਵਾਅਦਿਆਂ ’ਤੇ ਪੂਰਨ ਤੌਰ ’ਤੇ ਪਹਿਰਾ ਦੇਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਗੁਰੂ ਦੀ ਵਡਿਆਈ ਨਾਲ ਹੀ ਸਾਡੀ ਵਡਿਆਈ ਹੁੰਦੀ ਹੈ। ਆਪਣੀ ਗੱਲ ਨੂੰ ਵਿਸਥਾਰ ਨਾਲ ਸਮਝਾਉਂਦੇ ਹੋਏ ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੇ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਮਾਰਫਤ ਖਾਲਸਾ ਰਾਜ ਬਖਸ਼ਿਆ, ਉਥੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬਖਸ਼ਿਸ਼ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਹਰ ਹੁਕਮਨਾਮੇ ਅੱਗੇ ਕੌਮ ਵੱਲੋਂ ਸੀਸ ਨਿਵਾਉਣ ਦੀ ਗੱਲ ਕਰਦੇ ਹੋਏ ਇਸ ਸਬੰਧ ਵਿੱਚ ਆਪਣੀ ਪਾਕਿਸਤਾਨ ਯਾਤਰਾ ਦੌਰਾਨ ਤਖ਼ਤ ਸਾਹਿਬ ਦੇ ਬਾਰੇ ਹੋਈ ਵਿਚਾਰ ਚਰਚਾ ਬਾਰੇ ਵੀ ਸੰਗਤਾਂ ਨੂੰ ਜਾਣੂੰ ਕਰਵਾਇਆ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਪਾਕਿਸਤਾਨ ਓਕਾਫ ਬੋਰਡ ਦੇ ਅਧਿਕਾਰਿਆਂ ਨਾਲ ਦਿੱਲੀ ਕਮੇਟੀ ਦੇ ਇੱਕ ਵਫਦ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਬਾਰੇ ਪਾਕਿਸਤਾਨ ਅਧਿਕਾਰੀਆਂ ਵੱਲੋਂ ਕੀਤੇ ਗਈ ਕਿੰਤੂ-ਪ੍ਰੰਤੂ ਦਾ ਖੁਲਾਸਾ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਅਧਿਕਾਰੀਆਂ ਨੇ ਸਾਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਨੂੰ ਪਵਿੱਤਰ ਅਤੇ ਸਿੱਖੀ ਦਾ ਧੁਰਾ ਕਰਾਰ ਦਿੰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਨਨਕਾਣਾ ਸਾਹਿਬ ਨੂੰ ਵੱਡਾ ਦੱਸਣ ਦੀ ਕੋਸ਼ਿਸ਼ ਕੀਤੀ ਸੀ। ਜਿਸ ’ਤੇ ਪ੍ਰਤੀਕ੍ਰਮ ਦਿੰਦੇ ਹੋਏ ਵਫਦ ਵੱਲੋਂ ਗੁਰੂ ਸਾਹਿਬ ਨਾਲ ਸਬੰਧਿਤ ਸਮੂਹ ਗੁਰਧਾਮਾਂ ਨੂੰ ਪਵਿੱਤਰ ਦੱਸਦੇ ਹੋਏ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਾਬਲ-ਕੰਧਾਰ ਤੱਕ ਰਾਜ ਕਰਨ ਦੇ ਬਾਵਜ਼ੂਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ’ਤੇ ਮਸ਼ਕਾਂ ਬੰਨਕੇ ਤਖ਼ਤ ਸਾਹਿਬ ’ਤੇ ਜਾਣ ਦਾ ਵੀ ਹਵਾਲਾ ਦਿੱਤਾ ਗਿਆ।
ਜੀ.ਕੇ. ਨੇ ਕਮੇਟੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਚਿੱਟੇ ਰੰਗ ’ਚ ਰੰਗਣ ਦੀ ਕੀਤੀ ਜਾ ਰਹੀ ਸੇਵਾ ਸਣੇ ਭੁਚਾਲ ਦੌਰਾਨ ਨੇਪਾਲ ਵਿੱਚ ਕਮੇਟੀ ਵੱਲੋਂ ਕੀਤੀ ਗਈ ਸੇਵਾ ਨੂੰ ਵੀ ਸੰਗਤਾਂ ਦੇ ਸਾਹਮਣੇ ਰੱਖਿਆ। ਨੇਪਾਲ ’ਚ ਕਮੇਟੀ ਵੱਲੋਂ ਲਗਾਏ ਗਏ ਲੰਗਰ ਕੈਂਪਾ ਦੌਰਾਨ ਨੇਪਾਲੀਆਂ ਵੱਲੋਂ ਸਿੱਖਾਂ ਦੀ ਨਿਸ਼ਕਾਮ ਸੇਵਾ ਦੀ ਭੁਚਾਲ ਦੌਰਾਨ ਢਹਿ ਗਏ ਮੰਦਰਾਂ ’ਚੋਂ ਨਿਕਲੇ ਦੇਵਤਿਆਂ ਨਾਲ ਕੀਤੀ ਗਈ ਤੁਲਨਾ ਦੀ ਵੀ ਸੰਗਤਾਂ ਨੂੰ ਜਾਣਕਾਰੀ ਦਿੱਤੀ। ਜੀ.ਕੇ. ਨੇ ਬਾਬਾ ਫਰੀਦ ਜੀ ਦਾ ਸਲੋਕ ਪੜ੍ਹਦੇ ਹੋਏ ਨੇਪਾਲੀਆਂ ਵੱਲੋਂ ਸਿੱਖਾਂ ਦੀ ਕੀਤੀ ਗਈ ਇਸ ਇੱਜਤ ਨੂੰ ਜ਼ਰੂਰਤ ਤੋਂ ਜ਼ਿਆਦਾ ਵੀ ਦੱਸਿਆ। ਨੇਪਾਲ ਦੇ ਪ੍ਰਧਾਨ ਮੰਤਰੀ ਸ਼ੁਸੀਲ ਕੋਇਰਾਲਾ ਵੱਲੋਂ ਉਨ੍ਹਾਂ ਨੂੰ ਤੇ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਸਿੱਖ ਕੌਮ ਦੀ ਮਦਦ ਲਈ ਕੀਤੇ ਗਏ ਧੰਨਵਾਦੀ ਫੋਨ ਨੂੰ ਸਿੱਖ ਫਲਸਫੇ ਅਤੇ ਗੁਰੂ ਦੀ ਸਿੱਖਿਆ ਨੂੰ ਮੁੱਖ ਰੱਖਕੇ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਮਾਨਤਾ ਮਿਲਣ ਦੀ ਵੀ ਗੱਲ ਕਹੀ।
ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਮੇਟੀ ਵੱਲੋਂ ਸਮਾਗਮ ਦੌਰਾਨ ਲਗਾਏ ਗਏ ਧਾਰਮਿਕ ਪੁਸਤਕਾਂ ਦੇ ਸਟਾਲਾਂ ’ਤੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਸਬੰਧਿਤ ਭੇਟਾ ਰਹਿਤ ਪੁਸਤਕਾਂ ਦੀ ਵੰਡ ਕੀਤੀ। ਕਮੇਟੀ ਦੇ ਜਾਇੰਟ ਸਕੱਤਰ ਅਮਰਜੀਤ ਸਿੰਘ ਪੱਪੂ ਅਤੇ ਮੈਂਬਰ ਗੁਰਲਾਡ ਸਿੰਘ ਨੇ ਵੀ ਇਸ ਮੌਕੇ ਸਿੱਖ ਬੀਬੀਆਂ ਨੂੰ ਆਪਣੇ ਪਰਿਵਾਰ ’ਚ ਧਰਮ ਨੂੰ ਪ੍ਰਚੰਡ ਕਰਨ ਵਾਸਤੇ ਅੱਗੇ ਆਉਣ ਦਾ ਵੀ ਸੱਦਾ ਦਿੱਤਾ। ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਸਰਪ੍ਰਸਤ ਗੁਰਬਚਨ ਸਿੰਘ ਚੀਮਾ, ਸਕੂਲ ਐਜੂਕੇਸ਼ਨ ਕਮੇਟੀ ਦੇ ਚੇਅਰਮੈਨ ਹਰਮੀਤ ਸਿੰਘ ਕਾਲਕਾ, ਸੀਨੀਅਰ ਆਗੂ ਉਂਕਾਰ ਸਿੰਘ ਥਾਪਰ, ਮੈਂਬਰ ਕੁਲਮੋਹਨ ਸਿੰਘ, ਮਨਮੋਹਨ ਸਿੰਘ, ਰਵੇਲ ਸਿੰਘ, ਬੀਬੀ ਧੀਰਜ ਕੌਰ, ਚਮਨ ਸਿੰਘ, ਜੀਤ ਸਿੰਘ ਖੋਖਰ, ਹਰਜਿੰਦਰ ਸਿੰਘ, ਇੰਦਰਜੀਤ ਸਿੰਘ ਮੌਂਟੀ ਤੇ ਪਰਮਜੀਤ ਸਿੰਘ ਚੰਢੋਕ ਵੀ ਮੌਜ਼ੂਦ ਸਨ। ਸਿੱਖ ਚੇਤਨਾ ਮਿਸ਼ਨ ਦੇ ਸਹਿਯੋਗ ਨਾਲ ਗੁਰਮਤਿ ਕੁਇਜ਼ ਵਿੱਚ ਹਿੱਸਾ ਲੈ ਕੇ ਅੱਵਲ ਆਉਣ ਵਾਲੇ ਬੱਚਿਆਂ ਤੇ ਉਨ੍ਹਾਂ ਦੇ ਅਧਿਆਪਕਾਂ ਦਾ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਰਾਗੀ ਜੱਥਿਆਂ ਵੱਲੋਂ ਗੁਰਬਾਣੀ ਕੀਰਤਨ ਗਾਇਣ ਕਰਦੇ ਹੋਏ ਸੰਗਤਾਂ ਨੂੰ ਨਿਹਾਲ ਕੀਤਾ। ਕਮੇਟੀ ਤੇ ਸੰਗਤਾਂ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲਾਂ ਵੀ ਲਗਾਈਆਂ ਗਈਆਂ।