ਚੰਡੀਗੜ੍ਹ – ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਦੇ ਵਿਧਾਇਕ ਜੁਗਿੰਦਰ ਸਿੰਘ ਪੰਜਗਰਾਈ ਦੇ ਨਾਲ ਮਾੜਾ ਸਲੂਕ ਕਰਨ ਵਾਲੇ ਜੈਤੋ ਦੇ ਐਸਐਚਓ ਅਮਰਜੀਤ ਸਿੰਘ ਕੁਲਾਰ ਨੂੰ ਤੁਰੰਤ ਸਸਪੈਂਡ ਕਰਨ ਦੀ ਮੰਗ ਕੀਤੀ ਹੈ। ਅਜਿਹਾ ਨਾਂ ਕਰਨ ਤੇ ਬਾਦਲ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਕਾਂਗਰਸੀ ਨੇਤਾਵਾਂ ਅਤੇ ਵਿਧਾਇਕਾਂ ਦੇ ਨਾਲ ਬੁਰਾ ਵਤੀਰਾ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ 2017 ਬਾਰੇ ਸੋਚੋ, ਜਦੋਂ ਅਕਾਲੀ ਖੁਦ ਨੂੰ ਬਚਾਉਣ ਲਈ ਭੱਜਣਗੇ, ਜੇ ਪੁਲਿਸ ਵਾਲੇ ਆਪਣਾ ਰਵਈਆ ਨਹੀਂ ਬਦਲਣਗੇ, ਤਾਂ ਉਨ੍ਹਾਂ ਦਾ ਵੀ ਉਹੋ ਹਾਲ ਹੋਵੇਗਾ। ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਟਵਾਲ ਤੋਂ ਇਹ ਉਮੀਦ ਜਤਾਈ ਕਿ ਉਹ ਇਸ ਮੁੱਦੇ ਤੇ ਗੰਭੀਰ ਨੋਟਿਸ ਲੈਂਦੇ ਹੋਏ ਐਸਐਚਓ ਦੇ ਖਿਲਾਫ਼ ਕਾਰਵਾਈ ਕਰਨਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ 27 ਮਈ ਤੱਕ ਆਰੋਪੀ ਨੂੰ ਸਸਪੈਂਡ ਨਾਂ ਕੀਤਾ ਗਿਆ ਤਾਂ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਕੈਪਟਨ ਨੇ ਕਿਹਾ ਕਿ ਇਹ ਐਸਐਚਓ ਆਪਣੇ ਸਿਆਸੀ ਆਕਾਵਾਂ ਦੀ ਸ਼ਹਿ ਤੇ ਇਹ ਸੱਭ ਕੁਝ ਕਰ ਰਿਹਾ ਹੈ, ਜੋ ਖੁਦ ਨੂੰ ਕਾਨੂੰਨ ਸਮਝ ਕੇ ਬੈਠੇ ਹਨ। ਜੇ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀ ਨਾਲ ਹੀ ਅਜਿਹਾ ਵਾਪਰਦਾ ਹੈ ਤਾਂ ਆਮ ਆਦਮੀ ਦਾ ਕੀ ਹਾਲ ਹੋਵੇਗਾ। ਉਨ੍ਹਾਂ ਨੇ ਕਿਹਾ ਕਿ 2017 ਜਿਆਦਾ ਦੂਰ ਨਹੀਂ ਹੈ, ਜਦੋਂ ਕਾਂਗਰਸੀ ਵਰਕਰਾਂ ਅਤੇ ਨੇਤਾਵਾਂ ਨੂੰ ਧਮਕਾਉਣ ਵਾਲੇ ਪੁਲਿਸ ਅਫ਼ਸਰਾਂ ਨੂੰ ਅਕਾਲੀਆਂ ਸਮੇਤ ਆਪਣੇ ਆਪ ਨੂੰ ਬਚਾਉਣ ਲਈ ਭੱਜਣਾ ਪਵੇਗਾ।