ਨਵੀਂ ਦਿੱਲੀ – ਬੀਜੇਪੀ ਸਰਕਾਰ ਦੇ ਇੱਕ ਸਾਲ ਪੂਰਾ ਹੋਣ ਤੇ ਬੇਸ਼ੱਕ ਮੋਦੀ ਸਰਕਾਰ ਅਤੇ ਉਨ੍ਹਾਂ ਦੇ ਕੁਝ ਚਾਪਲੂਸ ਮੀਡੀਆ ਵਿੱਚ ਝੂਠਾ ਪਰਚਾਰ ਅਤੇ ਨਾਟਕੀ ਢੰਗ ਨਾਲ ਉਪਲੱਭਦੀਆਂ ਗਿਣਾ-ਗਿਣਾ ਕੇ ਮੋਦੀ ਨੂੰ ਫਿਲਮੀ ਹੀਰੋ ਵਾਂਗ ਪੇਸ਼ ਕਰ ਰਹੇ ਹਨ। ਪਰ ਪਿੱਛਲੇ ਢਾਈ ਦਹਾਕਿਆਂ ਵਿੱਚ ਜੇ ਸ਼ੇਅਰ ਬਾਜ਼ਾਰ ਤੇ ਗੌਰ ਕੀਤਾ ਜਾਵੇ ਤਾਂ ਮੋਦੀ ਨਿਵੇਸ਼ਕਾਂ ਦੀ ਨਜ਼ਰ ਵਿੱਚ ਡਾ. ਮਨਮੋਹਨ ਸਿੰਘ ਅਤੇ ਨਰਸਿੰਮਾ ਰਾਓ ਤੋਂ ਬਹੁਤ ਹੀ ਕਮਜ਼ੋਰ ਪ੍ਰਧਾਨਮੰਤਰੀ ਸਾਬਿਤ ਹੋਏ ਹਨ।
ਵਾਲਸਟਰੀਟ ਜਨਰਲ ਦੇ ਇੱਕ ਲੇਖ ਅਨੁਸਾਰ ਪਿੱਛਲੇ ਸਾਲ ਮੋਦੀ ਦੇ ਪ੍ਰਧਾਨਮੰਤਰੀ ਬਣਨ ਤੇ ਨਿਵੇਸ਼ਕਾਂ ਨੂੰ ਲਗਿਆ ਸੀ ਕਿ ਉਦਯੋਗ ਜਗਤ ਵਿੱਚ ਕੁਝ ਚੰਗਾ ਹੋਵੇਗਾ, ਪਰ ਇਹ ਉਮੀਦ ਕੁਝ ਹੀ ਦਿਨਾਂ ਵਿੱਚ ਕਾਫੂਰ ਹੋ ਗਈ। ਮੋਦੀ ਦੇ ਪੀਐਮ ਬਣਦਿਆਂ ਹੀ ਸੈਂਸੇਕਸ ਵਿੱਚ ਉਛਾਲ ਆਇਆ ਸੀ ਪਰ ਹੌਲੀ-ਹੌਲੀ ਨਿਵੇਸ਼ਕਾਂ ਦਾ ਉਤਸ਼ਾਹ ਠੰਢਾ ਪੈ ਗਿਆ ਅਤੇ ਸੇਂਸੇਕਸ ਹੋਰ ਵੀ ਹੇਠਾਂ ਆ ਗਿਆ।
ਨਰੇਂਦਰ ਮੋਦੀ ਦੇ ਪੀਐਮ ਬਣਨ ਦੇ ਪਹਿਲੇ ਸਾਲ ਅੰਦਰ ਸੇਂਸੇਕਸ ਵਿੱਚ 13 ਫੀਸਦੀ ਦਾ ਵਾਧਾ ਹੋਇਆ, ਜਦੋਂ ਕਿ ਡਾ: ਮਨਮੋਹਨ ਸਿੰਘ ਦੇ ਪ੍ਰਧਾਨਮੰਤਰੀ ਕਾਰਜਕਾਲ ਦੇ ਪਹਿਲੇ ਸਾਲ ਵਿੱਚ 2004-05 ਵਿੱਚ ਸੇਂਸੇਕਸ ਵਿੱਚ 31 ਫੀਸਦੀ ਦਾ ਵਾਧਾ ਹੋਇਆ ਸੀ। ਰਾਓ ਦੇ ਪ੍ਰਧਾਨਮੰਤਰੀ ਕਾਰਜਕਾਲ ਦੇ ਪਹਿਲੇ ਸਾਲ ਅੰਦਰ 126% ਦਾ ਵਾਧਾ ਹੋਇਆ ਸੀ।
ਸੇਂਸੇਕਸ ਦੇ ਪ੍ਰਦਰਸ਼ਨ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਸਿਰਫ਼ ਬੀਜੇਪੀ ਦੇ ਅਟੱਲ ਬਿਹਾਰੀ ਵਾਜਪੇਈ ਹੀ ਬਤੌਰ ਪ੍ਰਧਾਨਮੰਤਰੀ ਆਪਣੇ ਪਹਿਲੇ ਸਾਲ ਦੇ ਕਾਰਜਕਾਲ ਦੌਰਾਨ ਨਿਵੇਸ਼ਕਾਂ ਦੀ ਨਜ਼ਰ ਵਿੱਚ ਮੋਦੀ ਤੋਂ ਕਮਜ਼ੋਰ ਰਹੇ ਹਨ। 1998-99 ਵਿੱਚ ਅਟੱਲ ਬਿਹਾਰੀ ਵਾਜਪੇਈ ਦੇ ਸ਼ਾਸਨ ਕਾਲ ਦੌਰਾਨ ਸੇਂਸੇਕਸ ਵੱਧਣ ਦੀ ਬਜਾਏ 4% ਘਾਟੇ ਵਿੱਚ ਚਲਾ ਗਿਆ ਸੀ। ਸੇਂਸੇਕਸ ਦੇ ਇਹ ਅੰਕੜੇ ਮੋਦੀ ਨੂੰ ਕਮਜ਼ੋਰ ਪ੍ਰਧਾਨਮੰਤਰੀ ਸਾਬਿਤ ਕਰਦੇ ਹਨ।