ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ 11 ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦਾ ਇਸ ਸਾਲ 12ਵੀਂ ਜਮਾਤ ਦਾ ਕੁਲ ਔਸਤ ਨਤੀਜਾ 90.53% ਆਉਣ ਦਾ ਦਾਅਵਾ ਕਮੇਟੀ ਵੱਲੋਂ ਕੀਤਾ ਗਿਆ ਹੈ।ਮੀਡੀਆ ਨੂੰ ਜਾਰੀ ਬਿਆਨ ‘ਚ ਸਕੂਲੀ ਸਿੱਖਿਆ ਐਜੂਕੇਸ਼ਨ ਕਾਉਂਸਲ ਦੇ ਨਵੇਂ ਥਾਪੇ ਗਏ ਚੇਅਰਮੈਨ ਹਰਮੀਤ ਸਿੰਘ ਕਾਲਕਾ ਨੇ ਸਮੂਹ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਹੋਈ ਬੈਠਕ ਦੌਰਾਨ ਨਤੀਜਿਆਂ ਬਾਰੇ ਸਾਹਮਣੇ ਆਈ ਜਾਣਕਾਰੀ ਨੂੰ ਸਾਂਝਾ ਕੀਤਾ ਹੈ। ਕਾਲਕਾ ਨੇ ਦੱਸਿਆ ਕਿ ਇਸ ਵਰ੍ਹੇ 12ਵੀਂ ਜਮਾਤ ਦੀ ਪ੍ਰਿਖਿਆ 1901 ਬੱਚਿਆਂ ਨੇ ਦਿੱਤੀ ਸੀ ਜਿਸ ਵਿਚੋਂ 1721 ਬੱਚੇ ਪਾਸ, 52 ਫੇਲ ਅਤੇ 128 ਬੱਚਿਆਂ ਦੀ ਕਮਪਾਰਟਮੈਂਟ ਆਈ ਹੈ। ਕਾਲਕਾ ਨੇ ਮੌਜੂਦਾ ਕੁਲ ਪਾਸ ਫੀਸਦੀ ਦਾ ਔਸਤ 90.53 ਦੱਸਣ ਦੇ ਨਾਲ ਹੀ ਕਮਪਾਰਟਮੈਂਟ ਪ੍ਰਿਖਿਆ ਤੋਂ ਬਾਅਦ ਇਹ ਆਂਕੜਾ ਲਗਭਗ 95% ਤੱਕ ਪੁੱਜਣ ਦਾ ਵੀ ਦਾਅਵਾ ਕੀਤਾ ਹੈ।
ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਕੀਤੇ ਗਏ ਵਿਦਿਅਕ ਸੁਧਾਰਾਂ ਦੇ ਸਿਰ ਇਸ ਮਾਣਮੱਤੇ ਨਤੀਜਿਆਂ ਦਾ ਸਹਿਰਾ ਬਣਦੇ ਹੋਏ ਕਾਲਕਾ ਨੇ ਪੁਰਾਨੀ ਕਮੇਟੀ ਦੇ ਪ੍ਰਬੰਧ ਦੌਰਾਨ ਕਮੇਟੀ ਦੇ ਸਕੁੂਲਾਂ ਦਾ ਔਸਤ ਨਤੀਜਾ 50 ਤੋਂ 60 ਫੀਸਦੀ ਰਹਿਣ ਦੀ ਵੀ ਗੱਲ ਕਹੀ। ਕਮੇਟੀ ਵੱਲੋਂ ਲਗਭਗ 800 ਅਧਿਆਪਕਾਂ ਨੂੰ ਨਵੀਂ ਤਕਨੀਕਾ ਨਾਲ ਪੜਾਈ ਕਰਵਾਉਣ ਦੀ ਵਿਦੇਸ਼ੀ ਐਨ.ਜੀ.ਓ. ਹੈਲਗਾ ਟੋਡ ਫਾਉਂਡੇਸ਼ਨ ਦੇ ਸਹਿਯੋਗ ਨਾਲ ਕਰਵਾਈ ਗਈ ਟ੍ਰੈਨਿੰਗ ਦੇ ਨਾਲ ਹੀ ਕਮੇਟੀ ਸਕੂਲਾਂ ‘ਚ ਬੱਚਿਆਂ ਨੂੰ ਸਿਫਾਰਸ਼ਾਂ ਦੇ ਅਧਾਰ ‘ਤੇ 9ਵੀਂ ਅਤੇ 11ਵੀਂ ਜਮਾਤ ‘ਚ ਸਹਾਇਕ ਅੰਕਾ ਨਾਲ ਪਾਸ ਕਰਨ ਦੇ ਬੰਦ ਕੀਤੇ ਗਏ ਰੁਝਾਨ ਨੂੰ ਵੀ ਇਨ੍ਹਾਂ ਬਹਿਤਰ ਨਤੀਜਿਆਂ ਦੀ ਨੀਹ ਰੱਖਣ ਦਾ ਕਾਲਕਾ ਨੇ ਵੱਡਾ ਕਾਰਣ ਦੱਸਿਆ।
ਪਾਸ ਹੋਏ 1721 ਵਿਦਿਆਰਥੀਆਂ ਚੋਂ ਲਗਭਗ 800 ਵਿਦਿਆਰਥੀਆਂ ਦੇ ਔਸਤ ਨੰਬਰ 90% ਤੋਂ ਉਪਰ ਆਉਣ ਦਾ ਕਾਲਕਾ ਨੇ ਦਾਅਵਾ ਕਰਦੇ ਹੋਏ ਕਈ ਵਿਦਿਆਰਥੀਆਂ ਦੇ ਕਈ ਵਿਸ਼ਿਆਂ ‘ਚ 100% ਨੰਬਰ ਪ੍ਰਾਪਤ ਕਰਨ ਦੀ ਵੀ ਗੱਲ ਕਹੀ। ਕਮੇਟੀ ਵੱਲੋਂ 90% ਤੋਂ ਉਪਰ ਨੰਬਰ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਪਿਛਲੇ ਸਾਲ ਦੀ ਤਰ੍ਹਾਂ ਹੀ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਐਕਸੀਲੈਂਸ ਅਵਾਰਡ ਦੇਣ ਦਾ ਵੀ ਕਮੇਟੀ ਵੱਲੋਂ ਕਾਲਕਾ ਨੇ ਐਲਾਨ ਕੀਤਾ। ਦਿੱਲੀ ਦੇ ਸਮੂਹ ਪਬਲਿਕ ਸਕੂਲਾਂ ਦੇ ਪਿਛਲੇ ਵਾਰ ਦੇ ਆਏ ਕੁਲ ਪਾਸ ਫਿਸਦ 92.9% ਤੋਂ ਘੱਟ ਕੇ ਇਸ ਵਾਰ 85.48% ਹੋਣ ਦੇ ਬਾਵਜੂਦ ਕਮੇਟੀ ਸਕੂਲਾਂ ਵੱਲੋਂ ਲਗਾਤਾਰ ਆਪਣੇ ਪਾਸ ਫੀਸਦੀ ‘ਚ ਕੀਤੇ ਜਾ ਰਹੇ ਵਾਧੇ ਦੇ ਰੁਝਾਨ ਨੂੰ ਅੱਗੇ ਵੀ ਇਸੇ ਤਰ੍ਹਾਂ ਕਾਇਮ ਰੱਖਣ ਦਾ ਵੀ ਕਾਲਕਾ ਨੇ ਅਹਿਦ ਲਿਆ। ਕਮੇਟੀ ਦੇ ਸਕੂਲਾਂ ਚੋਂ ਸਭ ਤੋਂ ਵਧੀਆਂ ਪਾਸ ਫੀਸਦੀ ਲੋਨੀ ਰੋਡ ਸਕੂਲ ਦਾ 98.48 ਹੋਣ ਦੇ ਨਾਲ ਹੀ ਨਾਨਕ ਪਿਆਉ 96.29, ਇੰਡੀਆ ਗੇਟ 95.85, ਕਰੋਲ ਬਾਗ 94.02, ਪੰਜਾਬੀ ਬਾਗ 93.70, ਹਰਿਗੋਬਿੰਦ ਐਨਕਲੇਵ 92.47, ਤਿਲਕ ਨਗਰ 90.56, ਵਸੰਤ ਵਿਹਾਰ 89.91, ਕਾਲਕਾ ਜੀ 85.22, ਹੇਮਕੁੰਟ ਕਲੋੌਨੀ 77.0 ਅਤੇ ਫਤਿਹ ਨਗਰ 76.36 ਪਾਸ ਫੀਸਦੀ ਨਤੀਜੇ ਆਉਣ ਦੀ ਵੀ ਕਾਲਕਾ ਨੇ ਜਾਣਕਾਰੀ ਦਿੱਤੀ।