ਦਿੱਲੀ : ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਸਾਬਕਾ ਪ੍ਰਧਾਨ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਸ਼ਬਦਾਂ ਵਿੱਚ ਪੰਜਾਬ ਦੀ ਲੀਡਰਸ਼ਿਪ ਦੁਆਰਾ ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਵੇਂ ਸਾਲਾਂ ਦੇ ਗੁਰਮਤ ਸਮਾਗਮ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਆਮਦ ਕਾਰਨ ਦੀਵਾਨ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਕਰਨ ਦੇ ਫੈਸਲੇ ਦੀ ਨਿੰਦਾ ਕਰਦੇ ਹੋਏ, ਦੁੱਖ ਦਾ ਵੀ ਪ੍ਰਗਟਾਵਾ ਕੀਤਾ ! ਇਹ ਫੈਸਲਾ ਆਪਣੇ ਆਪ ਵਿੱਚ ਗੁਰਮਤ ਵਿਰੋਧੀ ਹੋਣ ਦੇ ਨਾਲ ਨਾਲ ਆਰ.ਐਸ.ਐਸ. ਦੇ ਪ੍ਰਭਾਵ ਅਧੀਨ ਸਿੱਖ ਪਰੰਪਰਾਵਾਂ ਦਾ ਘਾਣ ਕਰਨ ਦਾ ਇੱਕ ਖਤਰਨਾਕ ਕਦਮ ਦੱਸਿਆ ! ਸਿੱਖ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਪ੍ਰਧਾਨ ਮੰਤਰੀ ਦੀ ਇੱਛਾ ਪੂਰਤੀ ਲਈ ਸਿੱਖਾਂ ਦੇ ਮੂਲ ਸਿਧਾਂਤਾਂ ਨਾਲ ਖਿਲਵਾੜ ਕਰਨਾ ਹੈ ! ਮੁਗਲ ਸ਼ਾਸ਼ਕ ਅਕਬਰ ਨੂੰ ਵੀ ਗੁਰੂ ਦਰਸ਼ਨਾਂ ਲਈ ਪਹਿਲਾਂ ਲੰਗਰ ਛਕਣਾ ਪਿਆ ਸੀ ! ਆਜ਼ਾਦ ਭਾਰਤ ਵਿੱਚ ਪੰਡਿਤ ਨਹਿਰੂ ਤੋਂ ਲੈ ਕੇ ਡਾ. ਮਨਮੋਹਨ ਸਿੰਘ ਤੱਕ ਸਾਰੇ ਪ੍ਰਧਾਨ ਮੰਤਰੀਆਂ ਨੇ ਗੁਰਮਤ ਸਮਾਗਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ਵਿੱਚ ਹੀ ਹਾਜ਼ਿਰੀ ਭਰੀ ਹੈ! ਪਰ ਇਹ ਪਹਿਲੀ ਵਾਰ ਫ਼ਕਰੇ ਕੌਮ ਸ. ਪ੍ਰਕਾਸ਼ ਸਿੰਘ ਬਾਦਲ ਦੇ ਹਿੱਸੇ ਹੀ ਆਇਆ ਹੈ ਕੀ ਗੁਰਮਤ ਸਮਾਗਮ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ਨੂੰ ਖਾਰਿਜ਼ ਕੀਤਾ ਜਾ ਰਿਹਾ ਹੈ !
ਸ. ਸਰਨਾ ਨੇ ਆਪਣਾ ਬਿਆਨ ਜਾਰੀ ਕਰਦੇ ਹੋਏ ਦੁਖ ਦਾ ਪ੍ਰਗਟਾਵਾ ਕੀਤਾ ਕਿ ਇਸ ਫੈਸਲੇ ਵਿੱਚ ਪੰਜਾਬ ਸਰਕਾਰ, ਬਾਦਲ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹਿੱਸੇਦਾਰ ਹੈ ! ਬਾਦਲਕਿਆਂ ਦਾ ਸਿੱਖ ਕੌਮ ਦੀਆਂ ਪਰੰਪਰਾਵਾਂ ਦਾ ਲਗਾਤਾਰ ਖਾਤਮਾ ਕੀਤਾ ਜਾ ਰਿਹਾ ਹੈ ! ਸਿੱਖ ਨੌਜਵਾਨੀ ਪਤਿਤਪੁਣੇ, ਨਸ਼ਿਆ ਦਾ ਸ਼ਿਕਾਰ, ਡੇਰੇਵਾਦ ਦੇ ਪ੍ਰਭਾਵ ਨਾਲ ਪਹਿਲਾਂ ਹੀ ਜੂਝ ਰਹੀ ਹੈ ਪਰ ਇਸ ਫੈਸਲੇ ਰਾਹੀਂ ਸਿੱਖਾਂ ਦੀ ਅਧਿਆਤਮਕ ਸ਼ਕਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਦੁਜੈਲਾ ਸਥਾਨ ਦੇਣ ਨਾਲ, ਸਿੱਖੀ ਸਰੂਪ, ਸਿੱਖ ਵਿਚਾਰਧਾਰਾ ਤੇ ਸਿੱਖੀ ਆਸਥਾ ਨੂੰ ਹਿੰਦੁਤਵ ਤਾਕਤਾਂ ਦੇ ਪ੍ਰਭਾਵ ਅਧੀਨ ਨੁਕਸਾਨ ਪਹੁੰਚਾਉਣ ਦੀ ਸਾਜਸ ਕਰਾਰ ਦਿੱਤਾ ਹੈ !
ਸ. ਪਰਮਜੀਤ ਸਿੰਘ ਸਰਨਾ ਨੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ, ਸੱਪਸ਼ਟ ਸ਼ਬਦਾਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦੂਜੇ ਤਖਤਾਂ ਦੇ ਜੱਥੇਦਾਰਾਂ ਨੂੰ ਬਾਦਲਕਿਆਂ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਪੰਥ ਦੀ ਆਣ ਤੇ ਸ਼ਾਨ ਦੇ ਸਨਮੁੱਖ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਧਰਮ ਵਿਰੋਧੀ ਫੈਸਲੇ ਨੂੰ ਵਾਪਿਸ ਲੈਣ ਲਈ ਅਪੀਲ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ. ਬਾਦਲ ਨੂੰ ਪ੍ਰਦਾਨ ਕੀਤਾ ‘ਫ਼ਕਰੇ-ਏ-ਕੌਮ” ਦਾ ਖਿਤਾਬ ਵਾਪਿਸ ਲਿਆ ਜਾਵੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੁਲਾਕੇ ਤਨਖਾਹੀਆ ਕਰਾਰ ਦਿੰਦੇ ਹੋਏ, ਪੰਥਕ ਸਜ਼ਾ ਸੁਣਾਈ ਜਾਵੇ ! ਸ. ਸਰਨਾ ਨੇ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਯਾਦ ਕਰਵਾਇਆ ਕੀ ਹਰ ਛੋਟੇ ਮੋਟੇ ਕਾਰਨਾਂ ਨੂੰ ਆਧਾਰ ਬਣਾਕੇ ਉਨ੍ਹਾਂ ਨੂੰ ਬਾਰ ਬਾਰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ ਲਈ ਬੁਲਾਇਆ ਜਾਂਦਾ ਰਿਹਾ ਹੈ, ਪਰ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਪੰਥਕ ਸਜ਼ਾ ਨਾ ਦੇਣ ਦੇ ਯਤਨਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦੀ ਨਿਰਪੱਖਤਾ ਤੇ ਅਧਿਆਤਮਕਤਾ ਤੇ ਪ੍ਰਸ਼ਨ ਚਿੰਨ ਲੱਗ ਜਾਵੇਗਾ !
ਸ. ਸਰਨਾ ਨੇ ਸਾਰੀਆਂ ਪੰਥਕ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਬਾਦਲਕਿਆਂ ਦੇ ਇਸ ਫੈਸਲੇ ਦਾ ਜਬਰਦਸਤ ਵਿਰੋਧ ਕੀਤਾ ਜਾਵੇ ਤੇ ਇੱਕਠੇ ਹੋ ਕੇ ਪ੍ਰਧਾਨ ਮੰਤਰੀ ਦੀ ਸ੍ਰੀ ਅਨੰਦਪੁਰ ਸਾਹਿਬ ਦੀ ਸਰਕਾਰੀ ਫੇਰੀ ਦਾ ਵਿਰੋਧ ਪ੍ਰਦਰਸ਼ਨ ਕਰਨ ਦਾ ਪ੍ਰੋਗ੍ਰਾਮ ਉਲੀਕਿਆ ਜਾਵੇ !