ਵਿੱਚ ਕਨੇਡਾ ਪਹੁੰਚ ਗਏ, ਪੌੜੀ ਧੀ ਬਣਾ,
ਕਰਮਾਂ ਮਾਰੀ ਰੋਂਵਦੀ, ਵੈਣ ਬੁੱਢੇ ਦੇ ਪਾ।
ਕਦੇ ਨਾ ਏਥੇ ਮੁੱਕਣੀ, ਡਾਲਰ ਦੀ ਇੱਹ ਦੌੜ,
ਅੱਗਾ ਪਏ ਸੁਆਰਦੇ, ਪਿੱਛਾ ਹੋਇਆ ਚੌੜ।
ਵੱਡੇ ਵੱਡੇ ਘਰ ਤੇ, ਵੱਡੀ ਲੈ ਲਈ ਕਾਰ,
ਵੰਡੇ ਗਏ ਦਿਨ ਰਾਤ ਨੇ, ਦੋਹਾਂ ਦੇ ਵਿਚਕਾਰ।
ਏਧਰ ਓਧਰ ਮਹਿਲ ਤਾਂ, ਆਪਾਂ ਲਏ ਬਣਾ,
ਡਾਲਰ ਜੋੜਦਿਆਂ ਪਰ, ਹੀਰੇ ਲਏ ਗੁਆ।
ਦੂਜੇ ਦੇ ਵੱਲ ਉਂਗਲੀ, ਕਰਨੀ ਸੌਖੀ ਇੱਕ,
ਤਿੰਨ ਤੇਰੇ ਵੱਲ ਹੋਂਦੀਆਂ, ਕੁੱਝ ਇਨ੍ਹਾਂ ਤੋਂ ਸਿੱਖ।
ਹੱਦਾਂ ਬੰਨੇ ਟੱਪਦੇ, ਪੰਛੀ ਰਹਿਣ ਹਮੇਸ਼,
ਸਭ ਦੇ ਸਾਂਝੇ ਹੋਂਵਦੇ, ਸ਼ਾਇਰ ਤੇ ਦਰਵੇਸ਼।
ਐਵੇਂ ਕਾਹਤੋਂ ‘ਦੀਸ਼’ ਤੂੰ, ਜਾਏਂ ਜਸ਼ਨ ਮਨਾ,
ਹਰ ਇੱਕ ਜਨਮ ਦਿਨ ਤੇ, ਉਮਰ ਘਟੇਂਦੀ ਜਾ।