ਨਵੀਂ ਦਿੱਲੀ / ਨਿਯੂਯਾਰਕ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕਾਰੀ ਪ੍ਰੋਜੈਕਟ ਇੰਟਰਨੈਸ਼ਨਲ ਸੈਂਟਰ ਫੋਰ ਸਿੱਖ ਸਟਡੀਜ਼ ਦੇ ਪ੍ਰੋਜੈਕਟ ਨੂੰ ਕੌਮਾਂਤਰੀ ਪੱਧਰ ‘ਤੇ ਮਲਟੀਮੀਡੀਆ ਰਾਹੀਂ ਕਮੇਟੀ ਵੱਲੋਂ ਅਮਰੀਕਾ ਦੇ ਨਿਯੂਯਾਰਕ ਵਿਖੇ ਹੋਟਲ ਮੈਗਨੇਟ ਵਿਖੇ ਜਾਰੀ ਕੀਤਾ ਗਿਆ। ਅਮਰੀਕਾ ਦੇ ਪੱਤਵੰਤੇ ਹੋਟਲ ਕਾਰੋਬਾਰੀ ਸੰਤ ਸਿੰਘ ਛਤਵਾਲ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਇਸ ਪ੍ਰੋਗਰਾਮ ‘ਚ ਇਸ ਪ੍ਰੋਜੈਕਟ ਦੇ ਰਚਨਾਕਾਰ ਬੋਬੀ ਬੇਦੀ ਨੇ ਇਕ ਵਿਡੀਓ ਰਾਹੀਂ ਭੱਵਿਖ ‘ਚ ਤਿਆਰ ਹੋਣ ਵਾਲੇ ਇਸ ਨਿਵੇਕਲੇ ਪ੍ਰੋਜੈਕਟ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ। ਕਮੇਟੀ ਵੱਲੋਂ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ ਅਤੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਪੁਨੀਤ ਸਿੰਘ ਚੰਢੋਕ ਵੀ ਇਸ ਮੌਕੇ ਹੋਈ ਪ੍ਰੈਸ ਕਾਨਫ੍ਰੈਂਸ ‘ਚ ਮੌਜੂਦ ਸਨ।
ਜੀ.ਕੇ. ਨੇ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਪ੍ਰੋਜੈਕਟ ਨੂੰ ਕੌਮ ਦਾ ਮੂਲ ਪ੍ਰੋਜੈਕਟ ਵੀ ਕਰਾਰ ਦਿੱਤਾ। ਆਪਣੀ ਗੱਲ ਨੂੰ ਸਾਫ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਕੌਮ ਨੂੰ ਆਪਨੀ ਜੜਾਂ ਨਾਲ ਜੁੜਨ ਦਾ ਸੱਦਾ ਦੇਣ ਦੇ ਨਾਲ ਹੀ ਅਪਾਨੇ ਅਮੀਰ ਵਿਰਸੇ ਨਾਲ ਵੀ ਜਾਣੂੰ ਕਰਵਾਉਣ ਵਾਲਾ ਸੰਸਾਰ ਦਾ ਪਹਿਲਾ ਕੌਮੀ ਪ੍ਰੋਜੈਕਟ ਹੋਵੇਗਾ। ਜਿਥੇ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੇ ਪਾਵਨ ਅਤੇ ਇਤਿਹਾਸਕ ਹਸਤ ਲਿੱਖਤ ਸਰੂਪ ਅਤੇ ਹੋਰ ਧਾਰਮਿਕ ਸਾਹਿਤ ‘ਤੇ ਖੋਜਕਾਰ ਤੇ ਵਿਧਵਾਨ ਖੋਜ ਕਰ ਸਕਨਗੇ ਉਥੇ ਹੀ ਵਿਦੇਸ਼ਾਂ ਤੋਂ ਆਉਂਦੇ ਗੈਰ ਸਿੱਖ ਸੈਲਾਨੀ ਵੀ ਉਥੇ ਬਨੇ ਔਡੀਟੋਰੀਅਮ ਵਿਖੇ ਸਿੱਖ ਧਰਮ ਬਾਰੇ ਮੁੱਢਲੀ ਜਾਣਕਾਰੀ ਪ੍ਰਾਪਤ ਕਰ ਸਕਨਗੇ। ਇਸ ਦੇ ਨਾਲ ਹੀ ਮਾਡਰਨ ਤਕਨੀਕ ਨਾਲ ਬਨੀ ਡਿਜੀਟਲ ਲਾਈਬ੍ਰੇਰੀ ਕੌਮ ਦੇ ਇਤਿਹਾਸਕ ਦਸਤਾਵੇਜਾਂ ਨੂੰ ਇਕ ਛੱਤ ਥੱਲੇ ਪੇਸ਼ ਕਰਨ ਦੀ ਗਵਾਹ ਬਣੇਗੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨੁੱਖਤਾ ਦੀ ਸੇਵਾ ਅਤੇ ਸੰਭਾਲ ਦਾ ਪ੍ਰਤੀਕ ਦੱਸਦੇ ਹੋਏ ਜੀ.ਕੇ. ਨੇ ਕਿਹਾ ਕਿ ਜਿਥੇ ਗੁਰਬਾਣੀ ਉੂਂਚ-ਨੀਚ ਅਤੇ ਜਾਤ-ਪਾਤ ਦੇ ਵਿਤਕਰੇ ਦਾ ਖਾਤਮਾ ਕਰਦੀ ਹੈ ਉਥੇ ਹੀ ਇਸਤ੍ਰੀ ਜਾਤ ਨੂੰ ਬਰਾਬਰੀ ਦਾ ਹੱਕ ਤੇ ਸਭ ਧਰਮਾ ਦਾ ਸਤਿਕਾਰ ਕਰਨ ਦਾ ਸਰਬ ਸਾਂਝੀਵਾਲਤਾ ਦਾ ਸੁਨੇਹਾ ਵੀ ਦਿੰਦੀ ਹੈ।ਇਸੇ ਕਰਕੇ ਨੌਜਵਾਨ ਬੱਚਿਆਂ ਨੂੰ ਧਰਮ ਦੀ ਚੰਗੀ ਸਿੱਖਿਆ ਦੇਣ ਅਤੇ ਧਰਮ ‘ਚ ਉਨ੍ਹਾਂ ਦੇ ਭਰੋਸੇ ਨੂੰ ਸਿੱਖ ਪਛਾਣ ਪ੍ਰਤੀ ਮਜਬੂਤ ਕਰਨ ਲਈ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦਾ ਸੁਪਨਾ ਕਮੇਟੀ ਵੱਲੋਂ ਲਿਆ ਗਿਆ ਹੈ ਤਾਂਕਿ ਗੁਰੁੂ ਗੋਬਿੰਦ ਸਿੰਘ ਵੱਲੋਂ ਬਖਸ਼ੇ ਗਏ ਪੰਜ ਕਕਾਰਾਂ ਨੂੰ ਸਾਂਭ ਕੇ ਨੌਜਵਾਨ ਸੱਚਾ ਸਿੱਖ ਬਣ ਸਕੇ। ਇਸ ਸੈਂਟਰ ਦੇ ਸ਼ੁਰੂ ਹੋਣ ਉਪਰੰਤ ਧਰਮ ਦੇ ਮੂਲ ਸਿਧਾਤਾਂ ਦਾ ਪ੍ਰਚਾਰ ਹਰ ਧਰਮ ਅਤੇ ਫਿਰਕੇ ਦੇ ਲੋਕਾਂ ਤੱਕ ਬਿਨਾ ਕਿਸੇ ਭਾਸ਼ਾ ਦੇ ਭੇਦਭਾਵ ਦੇ ਪੁੱਜਣ ਦਾ ਰਸਤਾ ਸਾਫ ਹੋ ਸਕੇਗਾ।
ਛਤਵਾਲ ਨੇ ਕਮੇਟੀ ਪ੍ਰਬੰਧਕਾਂ ਨੂੰ ਇਸ ਪ੍ਰੋਜੈਕਟ ਨੂੰ ਅਮਰੀਕਾ ਵਿਖੇ ਲਾਂਚ ਕਰਨ ਦੀ ਖੁਦ ਵੱਲੋਂ ਕੀਤੀ ਗਈ ਪੇਸ਼ਕਸ਼ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੀ ਬੇਨਤੀ ਨੂੰ ਪਰਵਾਣ ਕਰਨ ਵਾਸਤੇ ਕਮੇਟੀ ਦਾ ਧੰਨਵਾਦ ਵੀ ਕੀਤਾ। ਵੱਡੀ ਗਿਣਤੀ ‘ਚ ਅਮਰੀਕਾ ਅਤੇ ਕਨੈਡਾ ਵਿਖੇ ਰਹਿੰਦੇ ਸਿੱਖਾਂ ਤੱਕ ਇਸ ਪ੍ਰੋਜੈਕਟ ਦੀ ਮੂਲ ਭਾਵਨਾ ਨੂੰ ਪਹੁੰਚਾਉਣ ਦਾ ਅਹਿਦ ਲੈਂਦੇ ਹੋਏ ਛਤਵਾਲ ਨੇ ਇਸ ਪ੍ਰੋਜੈਕਟ ਲਈ 1 ਮਿਲੀਅਨ ਡਾਲਰ ਆਪਣੇ ਵੱਲੋਂ ਦੇਣ ਦਾ ਵੀ ਐਲਾਨ ਕੀਤਾ। ਛਤਵਾਲ ਨੇ ਕਿਹਾ ਕਿ ਸ੍ਰੀ ਗੁਰੁੂ ਗ੍ਰੰਥ ਸਾਹਿਬ ਖਾਲੀ ਸਿੱਖਾਂ ਨੂੰ ਨਹੀਂ ਸਗੋਂ ਸਮੂਚੇ ਸੰਸਾਰ ਨੂੰ ਸੱਚ ਦਾ ਰਸਤਾ ਦਿਖਾਉਣ ਵਾਲੇ ਗੁਰੂ ਹਨ ਇਸ ਲਈ ਸੰਸਾਰ ਭਰ ਦੇ ਸਿੱਖਾਂ ਨੂੰ ਦਿੱਲੀ ਕਮੇਟੀ ਦੇ ਇਸ ਉਪਰਾਲੇ ‘ਚ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ।
ਸਿਰਸਾ ਨੇ ਛਤਵਾਲ ਦਾ ਧੰਨਵਾਦ ਕਰਦੇ ਹੋਏ ਇਸ ਸੈਂਟਰ ਦੇ ਸ਼ੁਰੂ ਹੋਣ ਨਾਲ ਕੌਮ ਦੀ ਨੌਜਵਾਨੀ ਨੂੰ ਆਪਣੀ ਜੜਾ ਦੇ ਨਾਲ ਜੁੜਨ ਦਾ ਸੁਨਹਿਰਾ ਮੌਕਾ ਮਿਲਣ ਦਾ ਵੀ ਦਾਅਵਾ ਕੀਤਾ। ਸਿਰਸਾ ਨੇ 2 ਸਾਲ ਦੇ ਅੰਦਰ ਸੈਂਟਰ ਸੰਗਤਾਂ ਨੂੰ ਸਮਰਪਿਤ ਕਰਨ ਦੀ ਗੱਲ ਕਰਦੇ ਹੋਏ ਸਿੱਖ ਕੌਨ ਹਨ, ਸਿੱਖਾਂ ਦਾ ਇਤਿਹਾਸ ਕੀ ਹੈ, ਸਿੱਖ ਧਰਮ ਕੀ ਹੈ, ਸਿੱਖ ਮਨੁੱਖਤਾ ਦੇ ਰਾਖੇ ਕਿਵੇਂ ਹਨ, ਸਿੱਖ ਕੌਮ ਅਤੇ ਦੇਸ਼ ਦੇ ਵਫਾਦਾਰ ਅਤੇ ਝੰਡਾਬਰਦਾਰ ਗੁਰੁੂ ਸਾਹਿਬ ਵੱਲੋਂ ਮਿਲੀ ਕਿਨ ਸਿੱਖਿਆਵਾਂ ਦੇ ਅਧਾਰ ਤੇ ਹਨ ਆਦਿਕ ਸਵਾਲਾ ਦੇ ਜਵਾਬ ਇਸ ਸੈਂਟਰ ਵਿਚ ਆਉਣ ਵਾਲੇ ਖੌਜਕਾਰਾਂ ਅਤੇ ਸੈਲਾਨੀਆਂ ਨੂੰ ਮਿਲਣ ਦੀ ਵੀ ਜਾਣਕਾਰੀ ਦਿੱਤੀ।ਇਸ ਮੌਕੇ ਮੌਜੂਦ ਪੱਤਵੰਤੇ ਸਿੱਖਾਂ ‘ਚ ਅਮਰਜੀਤ ਸਿੰਘ ਬਖਸ਼ੀ ਅਤੇ ਅਨਲਜੀਤ ਸਿੰਘ ਵੀ ਮੌਜੂਦ ਸਨ।