ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਤੀਜੀ ਕੁੱਲ ਭਾਰਤੀ ਭਾਸ਼ਾ ਸੰਬੰਧੀ ਕਾਨਫਰੰਸ ਅੱਜ ਆਰੰਭ ਹੋਈ। ਇਸ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਵਿੱਚ ਉੱਘੇ ਵਿਦਵਾਨ ਪਦਮਸ਼੍ਰੀ ਡਾ: ਸੁਰਜੀਤ ਪਾਤਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਡਾ:ਹਰਚਰਨ ਸਿੰਘ ਬੈਂਸ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਯੂਨੀਵਰਸਿਟੀ ਦੇ ਜੈਕਬ ਹਾਲ ਵਿੱਚ ਆਯੋਜਿਤ ਇਸ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕੀਤੀ। ਇਹ ਕਾਨਫਰੰਸ ਪੰਜਾਬੀ ਲਿੰਗੁਇਸਟਿਕ ਐਸੋਸੀਏਸ਼ਨ ਅਤੇ ਯੂਨੀਵਰਸਿਟੀ ਦੇ ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ ਵੱਲੋਂ ਸਾਂਝੇ ਤੌਰ ਤੇ ਆਯੋਜਿਤ ਕੀਤੀ ਗਈ।
ਇਸ ਮੌਕੇ ਡਾ: ਪਾਤਰ ਨੇ ਸੰਬੋਧਨ ਕਰਦਿਆਂ ਨੌਜਵਾਨ ਪੀੜ੍ਹੀ ਵਿੱਚ ਭਾਸ਼ਾ ਸੰਬੰਧੀ ਅਵੇਸਲੇਪਨ ਲਈ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਨਾਲ ਉਨ੍ਹਾਂ ਦਾ ਚਾਰ ਦਹਾਕੇ ਤੋਂ ਪੁਰਾਣਾ ਸੰਬੰਧ ਹੈ ਅਤੇ ਇਸ ਯੂਨੀਵਰਸਿਟੀ ਨੇ ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿੱਚ ਆਪਣਾ ਚੌਖਾ ਯੋਗਦਾਨ ਪਾਇਆ ਹੈ। ਡਾ: ਬੈਂਸ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਬੋਲੀ ਦਾ ਪਿਛਲੇ ਕੁਝ ਸਮੇਂ ਵਿੱਚ ਪੂਰੀ ਦੁਨੀਆਂ ਵਿੱਚ ਮਾਣ ਵਧਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਭਾਸ਼ਾ ਵਿੱਚ ਸਮੋਏ ਸ਼ਬਦ ਦੂਜੀਆਂ ਭਾਸ਼ਾਵਾਂ ਤੋਂ ਲਏ ਹੋ ਸਕਦੇ ਹਨ। ਉਨ੍ਹਾਂ ਭਰੂਣ ਹੱਤਿਆ ਵਿਰੁੱਧ ਲੇਖਕਾਂ ਨੂੰ ਲਾਮਬੰਦ ਹੋ ਕੇ ਲਿਖਣ ਲਈ ਕਿਹਾ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵਿਸ਼ੇਸ਼ ਮਹਿਮਾਨ ਡਾ: ਗੁਲਜ਼ਾਰ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ: ਢਿੱਲੋਂ ਨੇ ਬੋਲਦਿਆਂ ਕਿਹਾ ਕਿ ਇਸ ਯੂਨੀਵਰਸਿਟੀ ਨੇ ਖੇਤੀਬਾੜੀ, ਖੇਡਾਂ ਅਤੇ ਸਾਹਿਤ ਦੇ ਖੇਤਰ ਵਿੱਚ ਅਨੇਕਾਂ ਨਾਮੀ ਹਸਤੀਆਂ ਪੈਦਾ ਕੀਤੀਆਂ ਹਨ। ਉਹਨਾਂ ਕਿਹਾ ਕਿ ਸਾਹਿਤ ਦੇ ਨਾਲ ਨਿਵੇਕਲੇ ਵਿਚਾਰਾਂ, ਪਿਆਰ, ਵਿਹਾਰ, ਜਿੰਮੇਂਵਾਰੀ ਦੀ ਭਾਵਨਾ ਦਾ ਪ੍ਰਵਾਹ ਹੁੰਦਾ ਹੈ। ਉਨ੍ਹਾਂ ਪ੍ਰਬੰਧਕਾਂ ਦੇ ਨਾਲ ਨਾਲ ਬੁੱਧੀਜੀਵੀਆਂ ਨੂੰ ਬੇਨਤੀ ਕੀਤੀ ਕਿ ਸਭਿਆਚਾਰਕ ਗੀਤਾਂ ਦਾ ਨੌਜਵਾਨ ਪੀੜ੍ਹੀ ਤੇ ਪੈਣ ਵਾਲੇ ਪ੍ਰਭਾਵ ਤੇ ਖੋਜ ਹੋਣੀ ਚਾਹੀਦੀ ਹੈ। ਇਸ ਕਾਨਫਰੰਸ ਵਿੱਚ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਡੀਨ ਡਾ: ਨਾਹਰ ਸਿੰਘ, ਪੰਜਾਬੀ ਲਿੰਗੁਇਸਟਿਕ ਐਸੋਸੀਏਸ਼ਨ ਦੇ ਪ੍ਰਧਾਨ ਡਾ: ਬੀ ਐਸ ਖਹਿਰਾ ਨੇ ਵੀ ਸੰਬੋਧਨ ਕੀਤਾ। ਕਾਨਫਰੰਸ ਦੇ ਕਨਵੀਨਰ ਅਤੇ ਯੂਨੀਵਰਸਿਟੀ ਦੇ ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ: ਨੀਲਮ ਗਰੇਵਾਲ ਨੇ ਜੀ ਆਇਆਂ ਦੇ ਸ਼ਬਦ ਬੋਲਦਿਆਂ ਕਿਹਾ ਕਿ ਸਾਹਿਤ ਦੇ ਨਾਲ ਜੁੜਨ ਨਾਲ ਨਵੇਂ ਵਿਚਾਰਾਂ ਦੀ ਉਤਪਤੀ ਹੁੰਦੀ ਹੈ। ਭਾਸ਼ਾ ਅਤੇ ਸਾਹਿਤ ਨਾਲ ਜੁੜਨ ਨਾਲ ਅਸੀਂ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿੰਦੇ ਹਾਂ। ਵਿਭਾਗ ਦੀ ਮੁਖੀ ਡਾ: ਜਗਦੀਸ਼ ਕੌਰ ਨੇ ਧੰਨਵਾਦ ਦੇ ਸ਼ਬਦ ਕਹੇ ਜਦ ਕਿ ਮੰਚ ਸੰਚਾਲਨ ਦੀ ਕਾਰਵਾਈ ਗੁਰਲੀਨ ਚਹਿਲ ਨੇ ਕੀਤੀ।