ਨਵੀ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ੍ਰ. ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜੀਤ ਸਿੰਘ ਜੀ. ਕੇ.ਤੇ ਜਨਰਲ ਸਕੱਤਰ ਸ੍ਰ. ਮਨਜਿੰਦਰ ਸਿੰਘ ਸਿਰਸਾ ਵੱਲੋਂ ਇੱਕ ਦੂਸਰੇ ਪ੍ਰਭੁਸੱਤਾ ਸੰਪਨ ਮੁਲਕ ਦੇ ਘੱਟ ਗਿਣਤੀਆਂ ਦੇ ਧਾਰਮਿਕ ਅਸਥਾਨ ਦੀ ਸੇਵਾ ਸੰਭਾਲ ਕਰ ਰਹੇ ਇੱਕ ਸਰਕਾਰੀ ਅਦਾਰੇ ਦੇ ਖਿਲਾਫ ਬੇਹੂਦਾ ਟਿੱਪਣੀਆਂ ਕਰਨ ਨੂੰ ਮੰਦਭਾਗਾ ਕਰਾਰ ਦਿੰਦਿਆ ਕਿਹਾ ਕਿ ਦੁਨੀਆਂ ਦੇ ਇਤਿਹਾਸ ਵਿੱਚ ਸਿਰਫ ਪਾਕਿਸਤਾਨ ਸਰਕਾਰ ਹੀ ਹੈ ਜਿਸ ਨੇ ਪਾਕਿਸਤਾਨ ਵਿੱਚ ਸੱਭ ਤੋਂ ਘੱਟ ਗਿੱਣਤੀ ਸਿੱਖਾਂ ਨੂੰ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਧਾਰਮਿਕ ਅਦਾਰਿਆਂ ਦੀ ਸੇਵਾ ਸੰਭਾਲ ਕਰਨ ਦੀ ਜਿੰਮੇਵਾਰੀ ਸੌਂਪੀ ਹੈ ਜਦ ਕਿ ਦੁਨੀਆਂ ਭਰ ਵਿੱਚ ਹੋਰ ਕਿਧਰੇ ਅਜਿਹੀ ਅਵਸਥਾ ਨਹੀਂ ਹੈ।
ਜਾਰੀ ਇੱਕ ਬਿਆਨ ਸਰਨਾ ਭਰਾਵਾਂ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਤੇ ਉਕਾਫ ਬੋਰਡ ਦੇ ਉਹ ਧੰਨਵਾਦੀ ਹਨ ਜਿਹਨਾਂ ਨੇ ਸਿੱਖ ਗੁਰਧਾਮਾਂ ਦੀ ਸੇਵਾ ਸੰਭਾਲ ਲਈ ਸੰਨ 1999 ਵਿੱਚ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰ੍ਰਬੰਧਕ ਕਮੇਟੀ ਬਣਾ ਕੇ ਸਿੱਖਾਂ ਨੂੰ ਆਪਣੇ ਅਕੀਦੇ ਅਨੁਸਾਰ ਧਾਰਮਿਕ ਅਸਥਾਨਾਂ ਦੇ ਪ੍ਰਬੰਧ ਕਰਨ ਦਾ ਸੁਨਿਹਰੀ ਅਵਸਰ ਦਿੱਤਾ ਹੈ। ਉਹਨਾਂ ਕਿਹਾ ਕਿ ਸੰਨ 1999 ਤੋ ਪਹਿਲਾਂ ਸ਼੍ਰ੍ਰੋਮਣੀ ਕਮੇਟੀ ਵਾਲੇ ਪਾਕਿਸਤਾਨ ਜਾਂਦੇ ਸੀ ਤੇ ਉਥੋ ਗੋਲਕ ਹੂੰਝ ਕੇ ਲੈ ਆਉਦੇ ਸੀ ਪਰ ਗੁਰਧਾਮਾਂ ਦੇ ਵਿਕਾਸ ਦਾ ਕੰਮ ਮਨਫੀ ਸੀ। ਉਹਨਾਂ ਕਿਹਾ ਕਿ ਅੱਜ ਓਕਾਫ ਬੋਰਡ ਤੇ ਪਾਕਿਸਤਾਨ ਸਰਕਾਰ ਦੇ ਸਹਿਯੋਗ ਨਾਲ ਪਾਕਿਸਤਾਨ ਕਮੇਟੀ ਨੇ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਕਾਇਆ ਕਲਪ ਕਰ ਦਿੱਤੀ ਹੈ ਜਿਸ ਦਾ ਸਮੁੱਚਾ ਸਿੱਖ ਜਗਤ ਸੁਆਗਤ ਕਰ ਰਿਹਾ ਹੈ ਪਰ ਮਨਜੀਤ ਸਿੰਘ ਜੀ. ਕੇ. ਤੇ ਮਨਜਿੰਦਰ ਸਿੰਘ ਸਿਰਸਾ ਕਿਸੇ ਸਾਜਿਸ਼ ਤਹਿਤ ਪਾਕਿਸਤਾਨ ਕਮੇਟੀ ਦਾ ਨੁਕਸਾਨ ਕਰਨ ਲਈ ਬੇਹੂਦਾ ਬਿਆਨਬਾਜੀ ਕਰ ਰਹੇ ਹਨ।
ਉਹਨਾਂ ਕਿਹਾ ਕਿ ਪਾਕਿਸਤਾਨ ਦੀ ਉੱਚ ਅਦਾਲਤ ਨੇ ਸੰਨ 1948 ਵਿੱਚ ਫੈਸਲਾ ਦੇ ਦਿੱਤਾ ਸੀ ਕਿ ਸਿੱਖ ਗੁਰਧਾਮਾਂ ਦੀ ਜਾਇਦਾਦ ਨਾ ਤਾਂ ਕਿਸੇ ਨੂੰ ਅਲਾਟ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਬੋਲੀ ਕਰਾ ਕੇ ਕਿਸੇ ਨੂੰ ਵੇਚੀ ਜਾ ਸਕਦੀ ਹੈ ਜਿਸ ਕਰਕੇ ਗੁਰੂ ਘਰਾਂ ਦੀਆ ਜਾਇਦਾਦਾਂ ਅੱਜ ਵੀ ਬੱਚੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਪਿੱਛਲੇ 68 ਸਾਲਾਂ ਤੋਂ ਸਿੱਖ ਪੰਥ ਦੇ ਵੱਡਮੁੱਲੇ ਇਤਿਹਾਸ ਤੇ ਸਿੱਖ ਗੁਰਧਾਮਾਂ ਦੀਆਂ ਜਾਇਦਾਦਾਂ ਨੂੰ ਤਕਰੀਬਨ ਪਾਕਿਸਤਾਨ ਸਰਕਾਰ ਤੇ ਓਕਾਫ ਬੋਰਡ ਨੇ ਸੰਭਾਲ ਕੇ ਰੱਖਿਆ ਹੋਇਆ ਹੈ। ਉਹਨਾਂ ਕਿਹਾ ਕਿ ਇਸ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਪਾਕਿਸਤਾਨ ਸਰਕਾਰ, ਓਕਾਫ ਬੋਰਡ ਤੇ ਪਾਕਿਸਤਾਨ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਤੇ ਭਰੋਸਾ ਦਿਵਾਉਂਦਾ ਹੈ ਕਿ ਭਵਿੱਖ ਵਿੱਚ ਵੀ ਸਿੱਖ ਗੁਰਧਾਮਾਂ ਦੇ ਵਿਕਾਸ ਲਈ ਚੁੱਕੇ ਜਾਂਦੇ ਕਾਰਜਾਂ ਵਿੱਚ ਸਹਿਯੋਗ ਕਰਦਾ ਰਹੇਗਾ।
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆੜੇ ਹੱਥੀ ਲੈਂਦਿਆ ਸਰਨਾ ਭਰਾਵਾਂ ਨੇ ਕਿਹਾ ਕਿ ਅਸਲ ਵਿੱਚ ਬਾਦਲਾਂ ਦੇ ਮੂੰਹ ਨੂੰ ਗੁਰਧਾਮਾਂ ਦੀਆ ਜਾਇਦਾਦਾਂ ਹੜੱਪਣ ਤੇ ਗੋਲਕਾਂ ਨੂੰ ਲੁੱਟਣ ਲਈ ਦਾ ਲਹੂ ਲੱਗ ਚੁੱਕਾ ਹੈ ਤੇ ਉਹ ਹਿੰਦੋਸਤਾਨ ਵਿੱਚ ਤਾਂ ਆਪਣੀਆ ਸਾਜਿਸ਼ਾਂ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਕਾਮਯਾਬ ਹੋਏ ਹਨ ਤੇ ਹੁਣ ਪਾਕਿਸਤਾਨ ਵਿੱਚ ਵੀ ਅਜਿਹਾ ਕਰਨਾ ਚਾਹੁੰਦੇ ਸਨ ਜਿਸ ਵਿੱਚ ਇਹਨਾਂ ਨੂੰ ਕਾਮਯਾਬੀ ਹਾਸਲ ਨਹੀਂ ਹੋਈ ਅਤੇ ਜੀ. ਕੇ. ਤੇ ਸਿਰਸਾ ਦਾ ਇਹ ਬਿਆਨ ਵੀ ਬਾਦਲਾਂ ਨੂੰ ਮਿਲੀ ਅਸਫਲਤਾ ਕਾਰਨ ਨਿਰਾਸ਼ਾ ਦਾ ਇੱਕ ਹਿੱਸਾ ਹੈ।
ਉਹਨਾਂ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਵੱਲੋ 25 ਜਥੇਬੰਦੀਆਂ ਨਾਲ ਵਿਦੇਸ਼ਾਂ ਵਿੱਚ ਮੀਟਿੰਗਾਂ ਕਰਨ ਦਾ ਜੋ ਸ਼ੋਸ਼ਾ ਛੱਡਿਆ ਗਿਆ ਹੈ ਉਹਨਾਂ ਜਥੇਬੰਦੀਆਂ ਦੀ ਜਾਣਕਾਰੀ ਤਾਂ ਸਿਰਸਾ ਸੰਗਤਾਂ ਨੂੰ ਦੇਣ ਦੀ ਕਿਰਪਾਲਤਾ ਕਰਨ ਕਿ ਇਹ ਕਿਹੜੀਆਂ ਜਥੇਬੰਦੀਆਂ ਸਨ ਤੇ ਇਹਨਾਂ ਦਾ ਵਿਦੇਸ਼ਾਂ ਵਿੱਚ ਕੀ ਵਜੂਦ ਹੈ?
ਉਹਨਾਂ ਕਿਹਾ ਕਿ ਇਹਨਾਂ ਨੇ ਦਿੱਲੀ ਕਮੇਟੀ ਨੂੰ ਇਸ ਕਦਰ ਲੁੱਟ ਪੁੱਟ ਲਿਆ ਹੈ ਕਿ ਦਿੱਲੀ ਕਮੇਟੀ ਅੱਜ ਬੈਂਕਰਪਟ ਹੋਈ ਪਈ ਹੈ ਇਹਨਾਂ ਕੋਲ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਜੋਗੇ ਪੈਸੇ ਨਹੀਂ ਹਨ ਤੇ ਇਹ ਪ੍ਰਵਾਸੀ ਸਿੱਖਾਂ ਨੂੰ ਲੁੱਟਣ ਲਈ ਗਏ ਸਨ ਪਰ ਉਥੇ ਵੀ ਇਹਨਾਂ ਨੂੰ ਕਿਸੇ ਨੇ ਮੂੰਹ ਨਹੀਂ ਲਗਾਇਆ। ਉਹਨਾਂ ਕਿਹਾ ਕਿ ਸ੍ਰ ਛੱਤਵਾਲ ਨੇ ਇਹਨਾਂ ਦੀਆਂ ਗੱਲਬਾਤਾਂ ਤੋ ਅੰਦਾਜਾ ਲਗਾ ਕੇ ਇਹਨਾਂ ਦੀ ਆਸ ਅਨੁਸਾਰ ਚੈੱਕ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਕਿਹਾ ਉਹ ਖੁਦ ਆਪਣਾ ਸੇਵਾਦਾਰ ਬਿਠਾ ਕੇ ਖਰਚ ਕਰੇਗਾ ਜਿਸ ਕਾਰਨ ਇਹਨਾਂ ਦੀ ਇੱਕ ਹੋਰ ਲੁੱਟ ਨਾਕਾਮ ਹੋ ਗਈ ਹੈ।
ਉਹਨਾਂ ਕਿਹਾ ਕਿ ਪਹਿਲਾਂ ਇਹਨਾਂ ਬਾਦਲ ਦਲੀਆਂ ਨੂੰ ਆਪਸ ਵਿੱਚ ਸਲਾਹ ਕਰ ਲੈਣੀ ਚਾਹੀਦੀ ਕਿ ਉਹਨਾਂ ਦੇ ਬਿਆਨ ਇੱਕ ਹੋਣ ਕਿਉਂਕਿ ਚਾਰ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰ ਰਿਹਾ ਹੈ ਕਿ ਉਹ ਗੁਰੂਦੁਆਰਿਆਂ ਦੀਆਂ ਜ਼ਮੀਨਾਂ ਤੋਂ ਕਬਜ਼ੇ ਛੁਡਵਾ ਰਹੀ ਹੈ ਤੇ ਮਨਜੀਤ ਸਿੰਘ ਜੀ ਕੇ ਤੇ ਸਿਰਸਾ ਉਸ ਦੇ ਉਲਟ ਬਿਆਨ ਦੇ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਜੀ ਕੇ ਤੇ ਸਿਰਸੇ ਨੇ ਕੋਈ ਬਿਆਨ ਦੇਣਾ ਹੀ ਸੀ ਤਾਂ ਉਹ ਪਹਿਲਾਂ ਮੱਕੜ ਦਾ ਬਿਆਨ ਜਰੂਰ ਧਿਆਨ ਵਿੱਚ ਰੱਖਦੇ ਤੇ ਬਾਦਲ ਦਲ ਦੀ ਹਾਸੋਹੀਣੀ ਨਾ ਕਰਾਉਦੇ।