ਨਵੀਂ ਦਿੱਲੀ / ਵਾਸ਼ਿੰਗਟਨ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਬਾਹਰ ਵਸਦੇ ਸਿੱਖ ਭਾਈਚਾਰੇ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਬੀਤੇ ਦਿਨੀ ਦਿੱਤੇ ਗਏ ਭਰੋਸੇ ਨੂੰ ਅਮਲੀ ਜਾਮਾ ਪਹਿਨਾਉਣ ਵਾਸਤੇ ਜ਼ਮੀਨੀ ਤੋੌਰ ‘ਤੇ ਭਾਰਤ ਸਰਕਾਰ ਨੂੰ ਬਿਨਾ ਕਿਸੇ ਦੇਰੀ ਦੇ ਕਾਰਜ ਕਰਨ ਦੀ ਸਲਾਹ ਦਿੱਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਅਮਰੀਕਾ ਦੇ ਵਸ਼ਿੰਗਟਨ ‘ਚ ਭਾਰਤੀ ਦੂਤਘਰ ਵਿਖੇ ਭਾਰਤ ਦੇ ਸ਼ਫੀਰ ਅਰੂਣ ਕੁਮਾਰ ਨੂੰ ਮੰਗ ਪੱਤਰ ਦੇਣ ਗਏ ਵਫਦ ਨੇ ਕਾਲੀ ਸੂਚੀ ਦਾ ਖਾਤਮਾ ਕਰਦੇ ਹੋਏ ਸਬੰਧਿਤ ਸਿੱਖਾਂ ਦੇ ਪਾਸਪੋਰਟ ਦੀ ਮਿਆਦ ਨੂੰ ਵਧਾਉਣ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਭਾਰਤ ਜਾਣ ਵਾਸਤੇ ਵੀਜ਼ਾ ਦੇਣ ਦੀ ਮੰਗ ਕੀਤੀ ਹੈ।
ਮੰਗ ਪੱਤਰ ‘ਚ ਜੀ.ਕੇ. ਵੱਲੋਂ ਭਾਰਤੀ ਸ਼ਫੀਰ ਨੂੰ ਉਕਤ ਸਿੱਖ ਪਰਿਵਾਰਾਂ ਵੱਲੋਂ ਵਿਦੇਸ਼ਾਂ ‘ਚ ਵਸਦੇ ਹੋਏ ਸਨਅਤਕਾਰ, ਨੌਕਰੀਪੇਸ਼ਾ, ਬੁੱਧੀਜੀਵੀ ਅਤੇ ਤਕਨੀਕੀ ਮਾਹਿਰ ਦੇ ਤੌਰ ‘ਤੇ ਕੰਮ ਕਰਦੇ ਹੋਏ ਅਰਥਚਾਰੇ ‘ਚ ਪਾਏ ਗਏ ਵੱਡੇ ਹਿੱਸੇ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਸਿੱਖ ਪਰਿਵਾਰਾਂ ਨੂੰ ਆਪਣੀਆਂ ਜੜਾਂ ਨਾਲ ਜੁੜਨ ਵਾਸਤੇ ਆਪਣੇ ਮੂਲ ਘਰਾਂ ਦੀ ਯਾਦ ਆਉਣ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਬੀਤੇ 30 ਸਾਲਾਂ ਦੋੌਰਾਨ ਭਾਰਤ ਸਰਕਾਰ ਦੀ ਕਥਿਤ ਕਾਲੀ ਸੂਚੀ ਕਰਕੇ ਆਪਣੇ ਮਾਂ-ਪਿਓ ਨਾਲ ਆਖਰੀ ਸਮੇਂ ਵਿਚ ਨਾ ਮਿਲ ਸਕਣ ਅਤੇ ਆਪਣੇ ਪਰਿਵਾਰਾਂ ‘ਚ ਖੂਸ਼ੀ ਦੇ ਸਮਾਗਮਾ ਦੌਰਾਨ ਦੇਸ਼ ਨਾ ਜਾਣ ਦੇਣ ਦਾ ਵੀ ਦੋਸ਼ ਲਗਾਇਆ ਹੈ।
1980-90 ਦੇ ਦਹਾਕੇ ਦੌਰਾਨ ਇਨ੍ਹਾਂ ਸਿੱਖਾਂ ਵੱਲੋਂ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਅਮਰੀਕਾ, ਕੈਨੇਡਾ, ਯੂਰੋਪ, ਆਸਟ੍ਰੇਲੀਆ ਅਤੇ ਨਿਯੁੂਜ਼ੀਲੈਂਡ ਵਿਖੇ ਸਿਆਸੀ ਪਨਾਹ ਲੈਣ ਦੇ ਲਏ ਗਏ ਫੈਸਲੇ ਦਾ ਸਮਰਥਣ ਕਰਦੇ ਹੋਏ ਜੀ.ਕੇ. ਨੇ ਇਸ ਸਮੇਂ ਦੌਰਾਨ ਸਰਕਾਰ ਵੱਲੋਂ ਸਿੱਖਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਖਿਲਾਫ ਸਰਕਾਰੀ ਅੱਤਵਾਦ ਦੀ ਵਰਤੋਂ ਕਰਦੇ ਹੋਏ ਬੇਗੁਨਾਹਾ ਸਿੱਖਾਂ ਨੂੰ ਮਾਰਨ ਦਾ ਵੀ ਦੋਸ਼ ਲਗਾਇਆ ਹੈ। ਜੀ.ਕੇ. ਨੇ ਸਿਆਸੀ ਪਨਾਹ ਲੇਣ ਨੂੰ ਸਿੱਖ ਭਾਈਚਾਰੇ ਦਾ ਉਸ ਵੇਲੇ ਦਾ ਆਖਰੀ ਰਾਹ ਵੀ ਦੱਸਿਆ। ਸਿਆਸੀ ਪਨਾਹ ਲੈਣ ਵਾਲੇ ਸਿੱਖਾਂ ਖਿਲਾਫ ਦੇਸ਼ ਛੱਡਣ ਉਪਰੰਤ ਸਰਕਾਰਾਂ ਵੱਲੋਂ ਉਨ੍ਹਾਂ ਦੇ ਖਿਲਾਫ ਝੁੱਠੇ ਮਾਮਲੇ ਦਰਜ ਕਰਨ ਦਾ ਵੀ ਜੀ.ਕੇ. ਨੇ ਦੋਸ਼ ਲਗਾਇਆ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਕੇਂਦਰ ਸਰਕਾਰ ‘ਚ ਨੁਮਾਇੰਦਾ ਕੈਬਿਨੇਟ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਨਾਲ ਕਮੇਟੀ ਆਗੂਆਂ ਵੱਲੋਂ ਕਾਲੀ ਸੂਚੀ ਦੇ ਖਾਤਮੇ ਲਈ ਮੌਦੀ ਅਤੇ ਸੁਸ਼ਮਾ ਸਵਰਾਜ ਤੱਕ ਪ੍ਰਧਾਨ ਮੰਤਰੀ ਦੇ ਅਮਰੀਕਾ ਦੌਰੇ ਤੋਂ ਪਹਿਲੇ ਕੀਤੀ ਗਈ ਪਹੁੰਚ ਉਪਰੰਤ ਮਿਲੇ ਭਰੋਸੇ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਭਾਰਤੀ ਸ਼ਫੀਰ ਨੂੰ ਇਸ ਮਸਲੇ ‘ਤੇ ਛੇਤੀ ਕਾਰਵਾਈ ਕਰਨ ਦੀ ਵੀ ਗੱਲ ਕਹੀ ਹੈ। ਦਿੱਲੀ ਕਮੇਟੀ ਵੱਲੋਂ ਇਸ ਮਸਲੇ ‘ਤੇ ਭਾਰਤ ਸਰਕਾਰ ਅਤੇ ਭਾਰਤੀ ਦੂਤਘਰ ਨੂੰ ਪੁਰਨ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ ਗਿਆ। ਮੰਗ ਪੱਤਰ ‘ਚ ਸਿੱਖਾਂ ਵੱਲੋਂ ਭਾਰਤ ਦੀ ਅਜ਼ਾਦੀ ਅਤੇ ਰਾਸ਼ਟ੍ਰ ਨਿਰਮਾਣ ਵਿਚ ਦਿੱਤੇ ਗਏ ਯੋਗਦਾਨ ਦੇ ਨਾਲ ਹੀ ਵਿਸ਼ਵ ਯੂਧਾਂ ਦੌਰਨਾ ਵੱਖ-ਵੱਖ ਦੇਸ਼ਾਂ ‘ਚ ਨਿਭਾਈ ਗਈ ਉਸਾਰੂ ਭੂਮਿਕਾ ਦਾ ਵੀ ਚੇਤਾ ਕਰਵਾਇਆ ਗਿਆ। ਪਿਛਲੀ ਸਰਕਾਰ ‘ਤੇ ਸਿੱਖਾਂ ਦੀਆਂ ਪਰੇਸ਼ਾਨੀਆਂ ਨੂੰ ਦਿਲ ਨਾਲ ਹੱਲ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਸਿੱਖਾਂ ਦੇ ਮੁਕਾਬਲੇ ਕਸ਼ਮੀਰੀ ਵੱਖਵਾਦੀਆਂ ਨੂੰ ਦਿੱਤੀ ਗਈ ਆਮ ਮੁਆਫੀ ਦਾ ਵੀ ਜੀ.ਕੇ. ਨੇ ਹਵਾਲਾ ਦਿੱਤਾ ਹੈ। ਬੈਠਕ ਉਪਰੰਤ ਜੀ.ਕੇ. ਨੇ ਕਿਹਾ ਕਿ ਸ਼ਫੀਰ ਵੱਲੋਂ ਮਸਲੇ ਦੇ ਹੱਲ ਲਈ ਕਾਨੂੰਨੀ ਦਾਇਰੇ ‘ਚ ਰਹਿੰਦੇ ਹੋਏ ਭਾਰਤ ਸਰਕਾਰ ਤੱਕ ਸਾਰੇ ਤੱਥਾਂ ਨੂੰ ਛੇਤੀ ਪਹੁੰਚਾਉਣ ਦਾ ਭਰੋਸਾ ਦਿੱਤਾ ਗਿਆ ਹੈ।
ਇਸ ਵਫਦ ‘ਚ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕੌਮਾਂਤਰੀ ਮਾਮਲਿਆਂ ਦੇ ਸਲਾਹਕਾਰ ਪੁਨੀਤ ਸਿੰਘ ਚੰਢੋਕ, ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਦੇ ਆਗੂ ਜਸਦੀਪ ਸਿੰਘ ਜੱਸੀ, ਐਮ.ਪੀ. ਸਿੰਘ, ਜਤਿੰਦਰ ਸਿੰਘ ਵੋਹਰਾ ਅਤੇ ਐਮ.ਐਸ. ਸੋਨੀ ਸ਼ਾਮਿਲ ਸਨ। ਇਸ ਮੰਗ ਪੱਤਰ ‘ਚ ਜੀ.ਕੇ. ਵੱਲੋਂ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਨਿਯੂਯਾਰਕ, ਨਿਯੁੂਜਰਸੀ, ਵਾਸ਼ਿੰਗਟਨ, ਮੈਰੀਲੈਂਡ ਅਤੇ ਵਰਜੀਨੀਆ ਵਿਖੇ ਮੁਲਾਕਾਤ ਕਰਨ ਦਾ ਦਾਅਵਾ ਕਰਦੇ ਹੋਏ ਕਾਲੀ ਸੂਚੀ ‘ਚ ਸ਼ਾਮਿਲ ਸਿੱਖਾਂ ਦੇ ਬੱਚਿਆਂ ਦੀ ਉਮਰ 40 ਤੋਂ 45 ਸਾਲ ਹੋਣ ਦੇ ਨਾਲ ਹੀ ਉਨ੍ਹਾਂ ਦੇ ਪੋਤਰੇ-ਪੋਤਰੀਆਂ ਦੀ ਉਮਰ 10 ਤੋਂ 15 ਸਾਲ ਹੋਣ ਦੀ ਵੀ ਜਾਣਕਾਰੀ ਦਿੱਤੀ ਗਈ ਹੈ।