ਫਤਿਹਗੜ੍ਹ ਸਾਹਿਬ – “ ਜਿਵੇਂ ਸਿੱਖ ਇਤਿਹਾਸ ਵਿਚ ਰਾਜਾ ਦੂਣੀ ਚੰਦ ਦੀ ਧੀ ਬੀਬੀ ਰਜਨੀ ਵੱਲੋਂ ਉਸ ਅਕਾਲ ਪੁਰਖ ਵਿਚ ਅਤੁੱਟ ਵਿਸ਼ਵਾਸ ਰੱਖਦੇ ਹੋਏ ਆਪਣੇ ਪਿਤਾ ਦੇ ਆਪਣੀਆਂ ਸੱਤੇ ਧੀਆਂ ਨੂੰ ਪੁੱਛਣ ‘ਤੇ ਕਿ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਹੋ ਅਤੇ ਪਹਿਨਦੀਆਂ ਹੋ, ਦਾ ਛੇ ਧੀਆਂ ਵੱਲੋਂ ਜਵਾਬ ਦੇਣਾ ਆਪ ਜੀ ਦਾ ਅਤੇ ਸੱਤਵੀਂ ਧੀ ਰਜਨੀ ਵੱਲੋਂ ਇਹ ਜਵਾਬ ਦੇਣਾ ਕਿ ਉਹ ਉਸ ਅਕਾਲ ਪੁਰਖ ਦਾ ਖਾਂਦੀ ਹੈ ਅਤੇ ਪਹਿਨਦੀ ਹੈ ਦੇ ਇਬਜ ਵੱਜੋਂ ਰਾਜੇ ਦੂਣੀ ਚੰਦ ਨੇ ਗੁੱਸੇ ਵਿਚ ਆ ਕੇ ਆਪਣੀ ਸੱਤਵੀਂ ਧੀ ਰਜਨੀ ਦਾ ਵਿਆਹ ਇਕ ਪਿੰਗਲੇ ਅਤੇ ਲਾਚਾਰ ਭਾਈ ਮੋਹਣ ਨਾਲ ਕਰ ਦਿੱਤਾ। ਬੀਬੀ ਰਜਨੀ ਨੇ ਇਸ ਨੂੰ ਵੀ ਅਕਾਲ ਪੁਰਖ ਦਾ ਭਾਣਾ ਮੰਨ ਕੇ ਆਪਣੇ ਪਤੀ ਭਾਈ ਮੋਹਣ ਨਾਲ ਸ੍ਰੀ ਦਰਬਾਰ ਸਾਹਿਬ ਵੱਲ ਚੱਲ ਪਈ। ਜਦੋਂ ਬੀਬੀ ਰਜਨੀ ਨੇ ਵੇਖਿਆ ਕਿ ਸ੍ਰੀ ਰਾਮ ਦਾਸ ਸਰੋਵਰ ਵਿਚੋਂ ਕਾਂ ਡੁੱਬਕੀ ਮਾਰ ਕੇ ਨਿਕਲਦੇ ਹਨ ਅਤੇ ਚਿੱਟੇ ਹੰਸ ਬਣ ਜਾਂਦੇ ਹਨ ਤਾਂ ਬੀਬੀ ਰਜਨੀ ਨੇ ਅਕਾਲ ਪੁਰਖ ਦੀ ਇਸ ਖੇਡ ਨੂੰ ਤੱਕਦਿਆਂ ਆਪਣੇ ਪਤੀ ਪਿੰਗਲੇ ਨੂੰ ਭਾਈ ਮੋਹਣ ਨੂੰ ਉਸ ਸਰੋਵਰ ਵਿਚ ਇਸ਼ਨਾਨ ਕਰਵਾਇਆ ਅਤੇ ਭਾਈ ਮੋਹਣ ਦਾ ਪਿੰਗਲਾਪਣ ਦੂਰ ਹੋ ਗਿਆ ਦੀ ਉਪਰੋਕਤ ਸਾਖੀ ਆਉਂਦੀ ਹੈ, ਉਸੇ ਤਰ੍ਹਾਂ 6 ਜੂਨ ਦਾ ਮਹਾਨ ਇਤਿਹਾਸਿਕ ਦਿਹਾੜਾ ਨਮੋਸ਼ੀ ਅਤੇ ਦੋਚਿੱਤੀ ਵਿਚ ਘਿਰਨ ਵਾਲੇ ਸਿੱਖਾਂ ਨੂੰ ਫਿਰ ਤੋਂ ਚੜ੍ਹਦੀ ਕਲਾ ਵਿਚ ਜਾਣ ਅਤੇ ਫਿਰ ਤੋਂ ਹਰੇ ਹੋਣ ਦਾ ਸੰਦੇਸ਼ ਦਿੰਦਾ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਉਣ ਵਾਲੇ 6 ਜੂਨ ਦੇ ਮਹਾਨ ਸ਼ਹੀਦੀ ਦਿਹਾੜੇ ਉਤੇ ਸਿੱਖ ਕੌਮ ਅਤੇ ਇਨਸਾਨੀ ਕਦਰਾਂ ਕੀਮਤਾਂ ਦੇ ਕਾਇਲ ਇਨਸਾਨਾਂ ਨੂੰ ਆਪਣੇ ਅਕੀਦੇ ਅਤੇ ਜਿਸ ਮਕਸਦ ਲਈ ਇਸ ਦਿਹਾੜੇ ਉਤੇ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ, ਉਤੇ ਕਾਇਮ ਰਹਿੰਦੇ ਹੋਏ 6 ਜੂਨ 2015 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਰਧਾ , ਸਤਿਕਾਰ ਅਤੇ ਅਮਨ ਮਈ ਲੀਹਾਂ ਉਤੇ ਚਲਦੇ ਹੋਏ ਪਹੁੰਚਣ ਦੀ ਅਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਦੀ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਜਿਸ ਮਹਾਨ ਸ਼ਹੀਦੀ ਦਿਹਾੜੇ ਅਤੇ ਹਿੰਦੂਤਵ ਹਕੂਮਤ ਅਤੇ ਜਮਾਤਾਂ ਵੱਲੋਂ ਇਕ ਸਾਜਿਸ਼ ਤਹਿਤ ਸਿੱਖ ਕੌਮ ਅਤੇ ਸਿੱਖ ਕੌਮ ਦੇ ਸਰਬ ਉੱਚ ਅਸਥਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਨਿਸ਼ਾਨਾ ਬਣਾਉਂਦੇ ਹੋਏ “ਬਲਿਊ ਸਟਾਰ” ਦਾ ਜਾਲਿਮਾਨਾ ਅਤੇ ਅਣਮਨੁੱਖੀ ਨਿਹੱਥਿਆਂ ਉਤੇ ਫੌਜੀ ਹਮਲਾ ਕਰਕੇ ਕੋਈ 25,000 ਦੇ ਕਰੀਬ ਸਿੱਖ ਨੌਜਵਾਨਾਂ, ਬੱਚਿਆਂ, ਬੀਬੀਆਂ ਅਤੇ ਸ਼ਰਧਾਲੂ ਬਜ਼ੁਰਗਾਂ ਨੂੰ ਸ਼ਹੀਦ ਕੀਤਾ ਗਿਆ, ਉਸ ਦਿਨ ਨੂੰ ਕਿਸੇ ਵੀ ਸਿੱਖ ਨੂੰ ਕਤਈ ਵੀ ਬਿਲਕੁਲ ਵੀ ਭੁਲਾਉਣਾ ਨਹੀਂ ਚਾਹੀਦਾ। ਬਲਕਿ ਹਰ ਗੁਰਸਿੱਖ ਨੂੰ ਇਸ ਮਹਾਨ ਦਿਹਾੜੇ ਉਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਸ਼ਹੀਦਾਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਜਿਥੇ ਕੀਤੀ ਜਾਣ ਵਾਲੀ ਸਮੂਹਿਕ ਅਰਦਾਸ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ, ਉਥੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਮਿਥੇ ਕੌਮੀ ਨਿਸ਼ਾਨੇ ਦੀ ਪੂਰਤੀ ਕਰਨ ਲਈ ਦ੍ਰਿੜ੍ਹਤਾ ਨਾਲ ਪ੍ਰਣ ਵੀ ਕਰਨਾ ਬਣਦਾ ਹੈ। ਤਾਂ ਕਿ ਸ਼ਹੀਦਾਂ ਦੀਆਂ ਮਹਾਨ ਸ਼ਹਾਦਤਾਂ ਉਪਰੰਤ ਅਧੂਰੇ ਰਹਿ ਗਏ ਕੌਮੀ ਫ਼ਰਜਾਂ ਦੀ ਸਿੱਖ ਕੌਮ ਸਮੂਹਿਕ ਤੌਰ ‘ਤੇ ਅਮਲ ਕਰਦੀ ਹੋਈ ਪ੍ਰਾਪਤੀ ਕਰ ਸਕੇ।
ਸ. ਮਾਨ ਨੇ ਇਸ ਗੱਲ ‘ਤੇ ਗਹਿਰੇ ਦੁੱਖ ਅਤੇ ਅਫ਼ਸੋਸ ਜਾਹਰ ਕਰਦੇ ਹੋਏ ਕਿਹਾ ਕਿ ਜਦੋਂ ਸਮੁੱਚੀ ਕੌਮ ਵੱਖ ਵੱਖ ਸਿਆਸੀ ਧੜਿਆਂ, ਸੰਗਠਨਾਂ, ਟਕਸਾਲਾਂ, ਸਿੱਖ ਸਟੂਡੈਂਟ ਫੈਡਰੇਸ਼ਨਾਂ ਅਤੇ ਸਮੁੱਚੇ ਆਗੂਆਂ ਵੱਲੋਂ ਪਰਿਵਾਰਿਕ ਅਤੇ ਸਿਆਸੀ ਵਲਗਣਾਂ ਤੋਂ ਉਪਰ ਉੱਠ ਕੇ ਕੌਮੀ ਨਿਸ਼ਾਨੇ “ਖਾਲਿਸਤਾਨ” ਦੇ ਪਵਿੱਤਰ ਮਿਸ਼ਨ ਉਤੇ ਬਿਨਾਂ ਇਕ ਪਲ ਦੀ ਦੇਰੀ ਕੀਤਿਆਂ ਇਕੱਤਰ ਹੋ ਕੇ ਸਿੱਖ ਕੌਮ ਵਿਰੋਧੀ ਤਾਕਤਾਂ ਦੀਆਂ ਸਾਜਿਸ਼ਾਂ ਨੂੰ ਅਸਫ਼ਲ ਬਣਾਉਣ ਅਤੇ ਕੌਮੀ ਮੰਜਿਲ ਵੱਲ ਵਧਣ ਦੀ ਸਖ਼ਤ ਜ਼ਰੂਰਤ ਹੈ ਤਾਂ ਉਸ ਸਮੇਂ ਸਭ ਫੈਡਰੇਸ਼ਨਾਂ, ਦਮਦਮੀ ਟਕਸਾਲ, ਸੰਗਰਾਵਾਂ ਟਕਸਾਲ, ਅਜਨਾਲਾ ਟਕਸਾਲ ਅਤੇ ਸੰਤ ਭਿੰਡਰਾਂ ਵਾਲਿਆਂ ਦੇ ਖੱਬੇ ਸੱਜੇ ਰਹਿਣ ਵਾਲੇ ਸ੍ਰੀ ਮਹਿਤਾ, ਸ੍ਰੀ ਚਾਵਲਾ, ਮਨਜੀਤ ਸਿੰਘ ਭੂਰਾਕੋਨਾ ਆਦਿ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲ ਦੇ ਗੁਲਾਮ ਬਣ ਕੇ ਵਿਚਰ ਰਹੇ ਹਨ ਅਤੇ ਸ. ਹਰਮਿੰਦਰ ਸਿੰਘ ਗਿੱਲ , ਸ. ਸੁੱਚਾ ਸਿੰਘ ਛੋਟੇਪੁਰ, ਭਾਈ ਰਾਮ ਸਿੰਘ ਵਰਗੇ ਕੋਈ ਕਾਂਗਰਸ ਵਿਚ ਛਾਲ ਮਾਰ ਗਿਆ ਹੈ, ਕੋਈ ਆਪ ਪਾਰਟੀ ਵਿਚ ਅਤੇ ਕੋਈ ਬਾਦਲ ਦਲ ਵਿਚ ਇਹ ਸਭ ਟਕਸਾਲਾਂ ਫੇਡਰੇਸ਼ਨਾਂ, ਸੰਤ ਸਮਾਜ ਜਿਹਨਾਂ ਵਿਚ ਨਾਨਕਸਰੀਏ, ਬਿਧੀਚੰਦੀਏ, ਪਿਹੋਵੇ ਵਾਲੇ ਆਦਿ ਸਭ ਡੇਰੇਦਾਰ ਅਤੇ ਹੋਰ ਆਗੂ ਸਮੁੱਚੀ ਸਿੱਖ ਕੌਮ ਨੂੰ ਸ੍ਰੀ ਹਰ ਗੋਬਿੰਦ ਸਾਹਿਬ ਦੁਆਰਾ ਸਥਾਪਿਤ ਕੀਤੇ ਗਏ ਮੀਰੀ-ਪੀਰੀ ਦੇ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਇਕਤੱਰ ਕਰਨ ਦੀ ਬਜਾਏ ਆਪੋ ਆਪਣੇ ਹੈੱਡ ਕੁਆਰਟਰਾਂ ਉਤੇ 6 ਜੂਨ ਦੇ ਕੌਮੀ ਦਿਹਾੜੇ ਦੇ ਇਕੱਠ ਰੱਖ ਕੇ ਸਿੱਖ ਕੌਮ ਦੀ ਅਸੀਮਿਤ ਅਤੇ ਫ਼ੈਸਲਾਕੁੰਨ ਤਾਕਤ ਨੂੰ ਬਿਖੇਰ ਕੇ ਸਿੱਖ ਕੌਮ ਨੂੰ ਕਮਜੋਰ ਕਰਨ ਅਤੇ ਸਿੱਖ ਕੌਮ ਦੇ ਕੇਂਦਰੀ ਧੁਰੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਮੰਦਿਰ ਸਾਹਿਬ ਤੋਂ ਦੂਰ ਕਰਨ ਦੀ ਅਸਫ਼ਲ ਕੋਸਿ਼ਸ਼ ਕਰ ਰਹੇ ਹਨ। ਜਦੋਂ ਕਿ ਸਮੁੱਚੀ ਸਿੱਖ ਕੌਮ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸ਼ਹੀਦਾਂ ਨੂੰ ਨਤਮਸਤਕ ਹੋਣ ਜਾ ਰਹੀ ਹੈ। ਉਹਨਾਂ ਕਿਹਾ ਕਿ ਭਾਵੇਂ ਕਿ ਉਪਰੋਕਤ ਸਭ ਸੰਗਠਨ, ਟਕਸਾਲਾਂ, ਫੈਡਰੇਸ਼ਨਾਂ, ਸੰਤ ਸਮਾਜ ਅਤੇ ਰਵਾਇਤੀ ਆਗੂ ਮੁਤੱਸਵੀ ਹੁਕਮਰਾਨਾ ਅਤੇ ਉਹਨਾਂ ਦੇ ਭਾਈਵਾਲ ਬਾਦਲ ਦੀ ਗੈਰ ਦਲੀਲ ਤਰੀਕੇ ਪਿੱਠ ਪੂਰ ਰਹੇ ਹਨ, ਪਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ 6 ਜੂਨ ਦੇ ਆਪਣੇ ਕੌਮੀ ਮਕਸਦ ਦੀ ਪ੍ਰਾਪਤੀ ਲਈ ਅਡੋਲ ਜੂਝ ਰਹੀ ਹੈ ਅਤੇ ਨਿਸ਼ਾਨੇ ਦੀ ਪ੍ਰਾਪਤੀ ਤੱਕ ਜੂਝਦੀ ਰਹੇਗੀ। ਉਹਨਾਂ ਅੰਤ ਵਿਚ ਸਿੱਖ ਕੌਮ ਨੂੰ ਅਤੇ ਪੰਥ ਦਰਦੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ 6 ਜੂਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਉਤੇ ਪਹੁੰਚ ਕੇ ਕੌਮੀ ਮੰਜਿਲ ਅਤੇ ਨਿਸ਼ਾਨੇ ਨੂੰ ਮਜਬੂਤੀ ਬਖ਼ਸ਼ਣ। ਅਸੀਂ ਜਮਹੂਰੀਅਤ ਅਤੇ ਅਮਨਮਈ ਲੀਹਾਂ ਵਿਚ ਵਿਸ਼ਵਾਸ ਰੱਖਦੇ ਹਾਂ ਨਾਂ ਕਦੇ ਪਹਿਲੇ ਮਹਾਨ ਧਾਰਮਿਕ ਅਸਥਾਨਾ ਉਤੇ ਕਿਸੇ ਮਰਿਆਦਾ ਦੀ ਉਲੰਘਣਾ ਕੀਤੀ ਹੈ ਅਤੇ ਨਾਂ ਹੀ 6 ਜੂਨ 2015 ਨੂੰ ਅਜਿਹਾ ਹੋਵੇਗਾ ਅਤੇ ਨਾਂ ਹੀ ਕਦੀ ਭਵਿੱਖ ਵਿਚ ਆਪਣੀਆਂ ਹੱਦਾਂ ਪਾਰ ਕਰਾਂਗੇ। ਪਰ ਜੋ ਹਕੂਮਤੀ ਤਾਕਤਾਂ ਅਤੇ ਏਜੰਸੀਆਂ ਦੇ ਇਸ਼ਾਰੇ ‘ਤੇ ਅਜਿਹੇ ਮਹਾਨ ਮੌਕਿਆਂ ਉਤੇ ਸ਼ਰਾਰਤ ਕਰਦੇ ਹਨ ਜਾਂ ਕਰਵਾਉਂਦੇ ਹਨ, ਕੌਮ ਨੂੰ ਉਹਨਾਂ ਬਹਿਰੂਪੀਆਂ ਦੀ ਚੰਗੀ ਤਰ੍ਹਾਂ ਪਹਿਚਾਣ ਹੈ। ਸਮਾਂ ਆਉਣ ‘ਤੇ ਸਿੱਖੀ ਰਵਾਇਤਾਂ ਅਨੁਸਾਰ ਉਹਨਾਂ ਨਾਲ ਸਿਝਿਆ ਜਾਵੇਗਾ ਅਤੇ ਸਾਨੂੰ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਹੋਣ ਤੱਕ ਕੋਈ ਤਾਕਤ ਜਾਂ ਸਾਜਿਸ਼ ਆਪਣੇ ਨਿਸ਼ਾਨੇ ਦੇ ਪੈਂਡੇ ਤੋਂ ਦੂਰ ਨ੍ਹੀਨ ਕਰ ਸਕਦੀ ਅਤੇ ਅਸੀਂ ਅਵੱਸ਼ ਆਉਣ ਵਾਲੇ ਸਮੇਂ ਵਿਚ ਆਪਣੀ ਮੰਜਿਲ ‘ਤੇ ਪਹੁੰਚਾਂਗੇ।