ਨਵੀਂ ਦਿੱਲੀ :ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਇਥੇ ਜਾਰੀ ਇੱਕ ਬਿਆਨ ਵਿੱਚ ਜੰਮੂ ਵਿੱਚ ਸ਼ਾਂਤਮਈ ਰੋਸ ਪ੍ਰਗਟ ਕਰ ਰਹੇ ਸਿੱਖਾਂ ਪੁਰ ਪੁਲਿਸ ਵਲੋਂ ਗੋਲੀ ਚਲਾਏ ਜਾਣ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਦੋਸ਼ੀ ਪੁਲਸੀਆਂ ਵਿਰੁਧ ਸਖਤ ਕਾਰਵਾਈ ਕੀਤੀ ਜਾਏ। ਇਥੇ ਪੁਜੀਆਂ ਖਬਰਾਂ ਅਨੁਸਾਰ ਜੰਮੂ ਦੀਆਂ ਸਿੱਖ ਜਥੇਬੰਦੀਆਂ, ਸਿੱਖ ਨੌਜਵਾਨ ਸਭਾ, ਸਿੱਖ ਲਿਬਰੇਸ਼ਨ ਫਰੰਟ ’ਤੇ ਦਸਮੇਸ਼ ਯੂਥ ਆਰਗੇਨਾਈਜ਼ੇਸ਼ਨ ਵਲੋਂ ਹਰ ਸਾਲ ਵਾਂਗ ਇਸ ਸਾਲ ਵੀ 6 ਜੂਨ ਨੂੰ ਨੀਲਾਤਾਰਾ ਸਾਕੇ ਦੀ ਯਾਦ ਮੰਨਾਣ ਲਈ ਉਲੀਕੇ ਗਏ ਪ੍ਰੋਗਰਾਮ ਦੇ ਪੋਸਟਰ ਸ਼ਹਿਰ ਵਿੱਚ ਲਾਏ ਗਏ ਸਨ। ਦਸਿਆ ਗਿਆ ਕਿ ਸਤਵਾਰੀ ਪੁਲਿਸ ਸਟੇਸ਼ਨ ਦਾ ਐਸਐਚਓ ਸ਼ਹਿਰ ਵਿੱਚ ਲਗੇ ਇਨ੍ਹਾਂ ਪੋਸਟਰਾਂ ਨੂੰ ਉਤਾਰ ਕੇ ਫਾੜਨ ਲਗ ਪਿਆ, ਜਿਸਦਾ ਸਿੱਖ ਨੌਜਵਾਨਾਂ ਨੇ ਤਿੱਖਾ ਵਿਰੋਧ ਕੀਤਾ। ਜਿਸਤੇ ਉਸਨੇ ਵਿਰੋਧ ਕਰ ਰਹੇ ਸਿੱਖ ਨੌਜਵਾਨਾਂ ਨਾਲ ਹਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਕਈ ਸਿੱਖਾਂ ਦੀਆਂ ਪੱਗਾਂ ਉਤਰ ਗਈਆਂ, ਜਿਸ ਕਾਰਣ ਇਲਾਕੇ ਵਿੱਚ ਹਾਲਾਤ ਤਨਾਉ ਪੂਰਣ ਬਣ ਗਏ। ਮਿਲੀ ਜਾਣਕਾਰੀ ਅਨੁਸਾਰ ਹਾਲਾਤ ਨੂੰ ਸੰਭਾਲਣ ਲਈ ਯੂਨਾਇਟਿਡ ਸਿੱਖ ਕੌਂਸਿਲ ਦੇ ਪ੍ਰਧਾਨ ਸ. ਕੁਲਦੀਪ ਸਿੰਘ ਅਤੇ ਆਈਜੀ ਅਤੇ ਡੀਆਈਜੀ ਵਿੱਚ ਉਚ ਪਧਰੀ ਮੁਲਾਕਾਤ ਹੋਈ ਜਿਸ ਵਿੱਚ ਦੋਸ਼ੀ ਐਸਐਚਓ ਨੂੰ ਬਦਲਣ ਤੇ ਸਹਿਮਤੀ ਬਣ ਗਈ। ਪ੍ਰੰਤੂ ਰਾਤ ਇਲਾਕੇ ਨੂੰ ਸੀਲ ਕਰ ਕੁਲਦੀਪ ਸਿੰਘ ਸਹਿਤ ਪੰਜ-ਛੇ ਸਿੱਖ ਮੁਖੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਲਾਕੇ ਦੇ ਸਿੱਖਾਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਿਸਦਾ ਵਿਰੋਧ ਕਰਨ ਲਈ ਸਿੱਖ ਇਕੱਠੇ ਹੋ ਗਏ। ਦਸਿਆ ਗਿਆ ਕਿ ਇੱਕਠੇ ਹੋਏ ਸਿੱਖਾਂ ਪੁਰ ਬਿਨਾਂ ਕਿਸੇ ਭੜਕਾਹਟ ਦੇ ਪੁਲਿਸ ਵਲੋਂ ਗੋਲੀ ਚਲਾ ਦਿੱਤੀ ਗਈ। ਜਿਸ ਵਿਚ ਇੱਕ ਸਿੱਖ ਸ਼ਹੀਦ ਹੋ ਗਿਆ ਅਤੇ ਦੋ-ਕੁ ਦਰਜਨ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਦਸੀ ਜਾਂਦੀ ਹੈ।
ਜੰਮੂ ਵਿੱਚ ਸ਼ਾਂਤਮਈ ਰੋਸ ਪ੍ਰਗਟ ਕਰ ਰਹੇ ਸਿੱਖਾਂ ਤੇ ਪੁਲਿਸ ਵਲੋਂ ਗੋਲੀ ਚਲਾਏ ਜਾਣ ਦੀ ਪੁਰਜ਼ੋਰ ਨਿਖੇਧੀ
This entry was posted in ਭਾਰਤ.