ਨਵੀਂ ਦਿੱਲੀ – ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਸ੍ਰ ਤਰਸੇਮ ਸਿੰਘ ਖਾਲਸਾ ਨੇ ਕਿਹਾ ਕਿ 6 ਜੂਨ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਤੇ 1984 ਦੇ ਸ਼ਹੀਦਾਂ ਦੀ ਕੀਤੀ ਅਰਦਾਸ ਸਮੇਂ ਜਨਰਲ ਸੁਬੇਗ ਸਿੰਘ ਦਾ ਨਾਮ ਅਰਦਾਸ ਵਿੱਚੋ ਗਾਇਬ ਕਰਨਾ ਸਾਬਿਤ ਕਰਦਾ ਹੈ ਕਿ ਬਾਦਲ ਵੱਲੋ ਸ਼ਹੀਦ ਪਰਿਵਾਰਾਂ ਵਿੱਚ ਵੀ ਦੁਫੇੜ ਪਾ ਕੇ ਗੰਦੀ ਰਣਨੀਤੀ ਖੇਡੀ ਜਾ ਰਹੀ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰ ਖਾਲਸਾ ਨੇ ਕਿਹਾ ਕਿ ਜਨਰਲ ਸੁਬੇਗ ਸਿੰਘ ਨੇ ਜਿਥੇ ਮੁਕਤੀ ਵਾਹਨੀ ਫੌਜ ਦੀ ਅਗਵਾਈ ਕਰਕੇ 1971 ਵਿੱਚ ਬੰਗਲਾ ਦੇਸ਼ ਦੀ ਬੁਨਿਆਦ ਰੱਖੀ ਸੀ ਉਥੇ ਸਾਕਾ ਨੀਲਾ ਤਾਰਾ ਦੌਰਾਨ ਵੀ ਲੜਾਈ ਦੀ ਰਣਨੀਤੀ ਜਰਨਲ ਸੁਬੇਗ ਸਿੰਘ ਨੇ ਤਹਿ ਕੀਤੀ ਸੀ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ’ਤੇ ਸਮੂਹ ਸ਼ਹੀਦ ਸਿੰਘਾਂ ਦੀ ਅਰਦਾਸ ਹੋਣੀ ਚਾਹੀਦੀ ਹੈ ਅਤੇ ਕਿਸੇ ਵੀ ਸ਼ਹੀਦ ਦੀ ਕੁਰਬਾਨੀ ਨੂੰ ਘਟਾ ਕੇ ਨਹੀ ਵੇਖਿਆ ਜਾ ਸਕਦਾ। ਉਹਨਾਂ ਕਿਹਾ ਕਿ ਬਾਦਲ ਅਜਿਹਾ ਗੂੜਿਆ ਸਿਆਸਤਦਾਨ ਹੈ ਜਿਸ ਨੇ ਕਿਸੇ ਵੀ ਜਥੇਬੰਦੀ ਨੂੰ ਇੱਕ ਨਹੀ ਰਹਿਣ ਦਿੱਤਾ ਤੇ ਪਹਿਲਾਂ ਅਕਾਲੀ ਦਲ ਨੂੰ ਲੀਰੋ ਲੀਰ ਕੀਤਾ ਤੇ ਫਿਰ ਅਕਾਲੀ ਦਲ ਦੇ ਹਰਿਆਵਲ ਦਸਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਵੀ ਕਈ ਧੜਿਆ ਵਿੱਚ ਵੰਡ ਦਿੱਤਾ। ਇਸੇ ਤਰਾਂ ਨਿਹੰਗ ਸਿੰਘ ਜਥੇਬੰਦੀਆ ਦੇ ਵੀ ਧੜੇ ਬਣਾ ਦਿੱਤੇ ਗਏ ਤੇ ਉਹਨਾਂ ਵਿੱਚ ਵੀ ਖਾਨਾਜੰਗੀ ਸ਼ੁਰੂ ਕਰਵਾ ਦਿੱਤੀ। ਖਾਲਸਾ ਪੰਥ ਦੀ ਸਹਿਯੋਗੀ ਜਥੇਬੰਦੀ ਨਾਮਧਾਰੀਆ ਵਿੱਚ ਵੀ ਫੁੱਟ ਦੀ ਚੰਗਿਆੜੀ ਸੁੱਟ ਕੇ ਉਹਨਾਂ ਨੂੰ ਵੀ ਦੋ ਧੜਿਆ ਵਿੱਚ ਵੰਡ ਦਿੱਤਾ। ਉਹਨਾਂ ਕਿਹਾ ਕਿ ਸ਼ਹੀਦ ਜਨਰਲ ਸੁਬੇਗ ਸਿੰਘ ਸਿੰਘ ਦਾ ਨਾਮ ਅਰਦਾਸ ਵਿੱਚੋ ਗਾਇਬ ਕਰਨਾ ਬਾਦਲ ਦੀ ਫੁੱਟ ਪਾਉ ਕੜੀ ਨਾਲ ਜੁੜਦੀ ਹੈ । ਉਹਨਾਂ ਕਿਹਾ ਕਿ ਪਹਿਲਾਂ ਪੰਜਾਬ ਵਿੱਚ ਪੰਥ ਵਿਰੋਧੀਆ ਕੋਲੋ ਸੰਤਾਂ ਦੇ ਪੋਸਟਰ ਪੜਵਾਏ ਤੇ ਫਿਰ ਅਰਦਾਸ ਵਿੱਚੋ ਵੀ ਜਨਰਲ ਸੁਬੇਗ ਸਿੰਘ ਤੇ ਬਾਬਾ ਠਾਹਰਾ ਸਿੰਘ ਦਾ ਨਾਮ ਗਾਇਬ ਕਰਕੇ ਸ਼ਹੀਦਾਂ ਵਿੱਚ ਵੀ ਵੰਡੀਆ ਪਾਉਣੀਆ ਸੁਰੂ ਕਰ ਦਿੱਤੀਆ। ਉਹਨਾਂ ਕਿਹਾ ਕਿ ਮੱਲ ਸਿੰਘ ਤਾਂ ਸ੍ਰ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਨਾਮਾਤਰ ਕਰਿੰਦਾ ਹੈ ਅਤੇ ਉਸ ਨੋ ਜੋ ਕੁਝ ਵੀ ਕੀਤਾ ਬਾਦਲ ਦੇ ਦਿਸ਼ਾ ਨਿਰਦੇਸ਼ਾ ਹੀ ਕੀਤਾ ਹੈ। ਉਹਨਾਂ ਕਿਹਾ ਕਿ ਸੰਗਤਾਂ ਨੂੰ ਸੰਤਾਂ ਦੇ ਪੋਸਟਰ ਪਾੜਣ ਦਾ ਜਿੰਨਾ ਦੁੱਖ ਹੋਇਆ ਹੈ ਉਸ ਵੱਧ ਕੇ ਦੁੱਖ ਅਰਦਾਸ ਵਿੱਚੋ ਜਨਰਲ ਸੁਬੇਗ ਸਿੰਘ ਤੇ ਬਾਬਾ ਠਾਹਰਾ ਸਿੰਘ ਦਾ ਨਾਮ ਗਾਇਬ ਕਰਨ ਨਾਲ ਹੋਇਆ ਹੈ। ਉਹਨਾਂ ਸੰਗਤਾਂ ਨੂੰ ਸੁਚੇਤ ਕਰਦਿਆ ਕਿਹਾ ਕਿ ਉਹ ਬਾਦਲ ਇਸ ਰਣਨੀਤੀ ਤੋ ਸੁਚੇਤ ਰਹਿਣ ਤੇ ਮੱਲ ਸਿੰਘ ਤੋ ਜੇਕਰ ਸਰਸਰੀ ਭੁੱਲ ਹੋਈ ਹੈ ਤਾਂ ਉਹ ਸੰਗਤਾਂ ਤੋ ਜਨਤਕ ਤੌਰ ਤੇ ਮੁਆਫੀ ਮੰਗੇ।