ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਕਮੇਟੀ ਦੇ ਮੈਂਬਰਾਂ ਦੀ ਹੋਈ ਮੀਟਿੰਗ ‘ਚ ਅਹਿਮ ਪੰਥਕ ਮਸਲਿਆਂ ‘ਤੇ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਦੇ ਏਜੰਡੇ ‘ਚ ਸ਼ਾਮਿਲ ਸਮੂਹ ਮਸਲਿਆਂ ‘ਤੇ ਮੈਂਬਰਾਂ ਵੱਲੋਂ ਖੁੱਲ ਕੇ ਵਿਚਾਰ ਦਿੱਤੇ ਗਏ। ਇਸ ਮੀਟਿੰਗ ‘ਚ ਕਮੇਟੀ ਮੈਂਬਰਾਂ ਵੱਲੋਂ 14 ਜੂਨ ਨੂੰ ਸ੍ਰੀ ਆਨੰਦਪੁਰ ਸਾਹਿਬ ਤੱਕ ਸਜਾਏ ਜਾ ਰਹੇ ਨਗਰ ਕੀਰਤਨ, ਗੁਰੁੂ ਹਰਿਕ੍ਰਿਸਨ ਪਬਲਿਕ ਸਕੂਲਾਂ ‘ਚ 6ਵੇਂ ਪੈ ਕਮੀਸ਼ਨ ਨੂੰ ਲਾਗੂ ਕਰਨ ਤੋਂ ਬਾਅਦ ਦੀ ਮੌਜੂਦਾ ਹਾਲਾਤ ਅਤੇ ਵਾਧੂ ਸਟਾਫ ਦੇ ਇਸਤੇਮਾਲ, ਇੰਟਰਨੈਸ਼ਲ ਸੈਂਟਰ ਫਾਰ ਸਿੱਖ ਸਟਡੀਜ਼ ਨੂੰ ਵਿਦੇਸ਼ਾਂ ਤੋਂ ਮਿਲ ਰਹਿਆ ਸਹਿਯੋਗ, ਕਮੇਟੀ ਦੇ ਵਾਰਡਾਂ ਦੀ ਨਵੀ ਹਦਬੰਦੀ, ਬਾਬਾ ਬੰਦਾ ਸਿੰਘ ਬਹਾਦਰ ਦੇ 300 ਸਾਲਾਂ ਸ਼ਹੀਦੀ ਸ਼ਤਾਬਦੀ ਸਮਾਗਮਾ ਦੀ ਆਰੰਭਤਾ ਅਤੇ 9ਵੀਂ ਤੇ 11ਵੀਂ ਜਮਾਤ ਦੇ ਬੱਚਿਆਂ ਲਈ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ 18 ਤੋਂ 20 ਜੂਨ ਤੱਕ ਲਗਾਏ ਜਾ ਰਹੇ ਕੈਰੀਅਰ ਗਾਈਡਨੈਸ ਕੈਂਪ ਬਾਰੇ ਵੱਡਮੁੱਲੇ ਸੁਝਾਵਾਂ ਅਤੇ ਪ੍ਰਬੰਧ ਬਾਰੇ ਵਿਚਾਰ ਚਰਚਾ ਕੀਤੀ ਗਈ।
ਜੀ.ਕੇ. ਨੇ ਸ੍ਰੀ ਆਨੰਦਪੁਰ ਸਾਹਿਬ ਨਗਰ ਦੀ ਸਥਾਪਨਾ ਦੇ 350 ਸਾਲਾਂ ਦਿਹਾੜੇ ਮੌਕੇ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ 14 ਜੂਨ ਨੂੰ ਨਗਰ ਕੀਰਤਨ ਸਜਾ ਕੇ ਰਾਤ੍ਰੀ ਵਿਸ਼ਰਾਮ ਸ੍ਰੀ ਫਤਿਹਗੜ੍ਹ ਸਾਹਿਬ ਕਰਨ ਉਪਰੰਤ 15 ਜੂਨ ਸ਼ਾਮ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੁੱਜਣ ਦੀ ਵੀ ਮੈਂਬਰਾਂ ਨੂੰ ਜਾਣਕਾਰੀ ਦਿੱਤੀ। ਸਮੂਹ ਮੈਂਬਰਾਂ ਨੂੰ ਆਪਣੇ ਹਲਕਿਆਂ ਚੋਂ ਬੱਸਾਂ ਰਾਹੀਂ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਨਗਰ ਕੀਰਤਨ ‘ਚ ਲੈ ਜਾਣ ਦੀ ਹਿਦਾਇਤ ਦਿੰਦੇ ਹੋਏ ਜੀ.ਕੇ. ਨੇ ਇਸ ਨਗਰ ਕੀਰਤਨ ਨੂੰ ਇਤਿਹਾਸਿਕ ਵੀ ਦੱਸਿਆ।
ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਵੱਲੋਂ ਵਸਾਏ ਗਏ ਇਸ ਨਗਰ ਨਾਲ ਦਿੱਲੀ ਦੀ ਸੰਗਤਾਂ ਦਾ ਅਟੁੱਟ ਰਿਸ਼ਤਾ ਹੋਣ ਦਾ ਦਾਅਵਾ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਗੁਰੁੂ ਸਾਹਿਬ ਨੇ ਸ਼ਹਾਦਤ ਦੇਣ ਲਈ ਦਿੱਲੀ ਆਉਣ ਤੋਂ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਨਗਰ ਛੱਡਿਆ ਸੀ ਤੇ ਫਿਰ ਭਾਈ ਜੈਤਾ ਜੀ ਗੁਰੁੂ ਸਾਹਿਬ ਦਾ ਸੀਸ ਲੈ ਕੇ ਦਿੱਲੀ ਤੋਂ ਹੀ ਸ੍ਰੀ ਆਨੰਦਪੁਰ ਸਾਹਿਬ ਗੁਰੁੂ ਸਾਹਿਬ ਦੇ ਪਰਿਵਾਰ ਕੋਲ ਪੁੱਜੇ ਸਨ ਅਤੇ ਮੁੜ ਇਸੇ ਨਗਰ ‘ਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਦੀ ਵੈਸਾਖੀ ‘ਤੇ ਖਾਲਸਾ ਪੰਥ ਦੀ ਸਿਰਜਨਾ ਕੀਤੀ ਸੀ, ਜੋ ਕਿ ਸਾਡੀ ਵਖਰੀ ਪਛਾਣ ਅਤੇ ਇਕ ਅਕਾਲ ਪੁਰਖ ‘ਤੇ ਵਿਸ਼ਵਾਸ ਦਾ ਪ੍ਰਤੀਕ ਹੈ।
ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਡਾ, ਮੀਤ ਪ੍ਰਧਾਨ ਸਤਪਾਲ ਸਿੰਘ, ਕਾਰਜਕਾਰੀ ਜਰਨਲ ਸਕੱਤਰ ਅਮਰਜੀਤ ਸਿੰਘ ਪੱਪੂ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਰਵਿੰਦਰ ਸਿੰਘ ਖੁਰਾਨਾ, ਕੁਲਮੋਹਨ ਸਿੰਘ, ਤਨਵੰਤ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ, ਮੈਂਬਰ ਹਰਦੇਵ ਸਿੰਘ ਧਨੋਆ, ਕੁਲਵੰਤ ਸਿੰਘ ਬਾਠ, ਗੁਰਮੀਤ ਸਿੰਘ ਮੀਤਾ, ਸਮਰਦੀਪ ਸਿੰਘ ਸੰਨੀ, ਜਸਬੀਰ ਸਿੰਘ ਜੱਸੀ, ਕੁਲਦੀਪ ਸਿੰਘ ਸਾਹਨੀ, ਹਰਵਿੰਦਰ ਸਿੰਘ ਕੇ.ਪੀ., ਚਮਨ ਸਿੰਘ, ਕੈਪਟਨ ਇੰਦਰਪ੍ਰੀਤ ਸਿੰਘ, ਗੁਰਦੇਵ ਸਿੰਘ ਭੋਲਾ, ਮਨਮਿੰਦਰ ਸਿੰਘ ਆਯੂਰ, ਹਰਜਿੰਦਰ ਸਿੰਘ, ਜਤਿੰਦਰ ਪਾਲ ਸਿੰਘ ਗੋਲਡੀ, ਜੀਤ ਸਿੰਘ, ਦਰਸ਼ਨ ਸਿੰਘ, ਅਤੇ ਰਵੇਲ ਸਿੰਘ ਮੌਜੂਦ ਸਨ।