ਨਵੀਂ ਦਿੱਲੀ- ਭਾਜਪਾ ਪ੍ਰਧਾਨ ਰਾਜਨਾਥ ਸਿੰਘ ਜਿਸ ਸਮੇਂ ਪਾਰਟੀ ਦੇ ਮੁੱਖ ਦਫਤਰ ਵਿਚ ਪਾਰਟੀ ਅੰਦਰ ਅਨੁਸ਼ਾਸਨ ਬਣਾਈ ਰੱਖਣ ਦੇ ਸਬੰਧ ਵਿਚ ਨੀਤੀ ਬਣ ਰਹੇ ਸਨ, ਉਸ ਸਮੇਂ ਹੀ ਯਸ਼ਵੰਤ ਸਿਨਹਾ ਨੇ ਆਪਣਾ ਅਸਤੀਫਾ ਦੇ ਕੇ ਪਾਰਟੀ ਨੇਤਾਵਾਂ ਸਾਹਮਣੇ ਕਈ ਸਵਾਲ ਖੜ੍ਹੇ ਕਰ ਦਿਤੇ। ਯਸ਼ਵੰਤ ਸਿਨਹਾ ਨੇ ਵੀ ਜਸਵੰਤ ਸਿੰਘ ਵਰਗੇ ਹੀ ਅਰੋਪ ਲਗਾਏ ਹਨ। ਪਾਰਟੀ ਪ੍ਰਧਾਨ ਰਾਜਨਾਥ ਸਿੰਘ ਨੇ ਯਸ਼ਵੰਤ ਸਿਨਹਾ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ।
ਯਸ਼ਵੰਤ ਸਿਨਹਾ ਨੇ ਆਪਣਾ ਅਸਤੀਫੇ ਵਾਲਾ ਪੱਤਰ ਪਾਰਟੀ ਪ੍ਰਧਾਨ ਰਾਜਨਾਥ ਅਤੇ ਨਾਲ ਹੀ ਪਾਰਟੀ ਕੋਰ ਗਰੁੱਪ ਦੇ ਨੇਤਾਵਾਂ ਕੋਲ ਭੇਜਿਆ। ਸਿਨਹਾ ਨੇ ਮੁੱਖ ਨੇਤਾਵਾਂ ਤੇ ਕਈ ਤਰ੍ਹਾਂ ਦੇ ਸਵਾਲ ਕਰਦੇ ਹੋਏ ਕਿਹਾ ਹੈ ਕਿ ਪਾਰਟੀ ਕੋਈ ਵੀ ਫੈਂਸਲਾ ਨਹੀਂ ਕਰ ਪਾ ਰਹੀ। ਨਾਂ ਹੀ ਹਾਰ ਦੇ ਕਾਰਣਾ ਦਾ ਪਤਾ ਲਗਾਇਆ ਜਾ ਰਿਹਾ ਹੈ। ਪਾਰਟੀ ਵਿਚ ਉਨ੍ਹਾਂ ਲੋਕਾਂ ਨੂੰ ਇਨਾਮ ਦਿਤੇ ਜਾ ਰਹੇ ਹਨ ਜੋ ਹਾਰ ਲਈ ਜਿੰਮੇਵਾਰ ਹਨ। ਇਸ ਲਈ ਮੈਨੂੰ ਨਹੀਂ ਲਗਦਾ ਕਿ ਮੈਨੂੰ ਪਾਰਟੀ ਦੇ ਕਿਸੇ ਅਹੁਦੇ ਤੇ ਰਹਿਣਾ ਚਾਹੀਦਾ ਹੈ। ਇਸ ਲਈ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਸਿਨਹਾ ਨੇ ਕਾਂਗਰਸ ਦੀ ਕਾਮਰਾਜ ਯੋਜਨਾ ਦੀ ਤਰ੍ਹਾਂ ਭਾਜਪਾ ਵਿਚ ਵੀ ਅਜਿਹੀ ਹੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਸੰਸਦੀ ਬੋਰਡ ਵਿਚ ਪੁਨਰਗਠਨ ਕਰਨ ਤੋਂ ਲੈ ਕੇ ਮੁੱਖ ਪਦਾਂ ਤੋਂ ਜਲਦ ਬਦਲਾਅ ਦੀ ਜਰੂਰਤ ਵੀ ਦਸੀ ਹੈ। ਲੋਕ ਸੱਭਾ ਚੋਣਾਂ ਤੋਂ ਬਾਅਦ ਸਿਨਹਾ ਸੰਸਦੀ ਦਲ ਵਿਚ ਹੋਈਆਂ ਨਿਯੁਕਤੀਆਂ ਤੋਂ ਨਰਾਜ਼ ਚਲ ਰਹੇ ਸਨ। ਉਨ੍ਹਾਂ ਦੇ ਇਸ ਕਦਮ ਨੂੰ ਪਾਰਟੀ ਵਿਚ ਚਲ ਰਹੇ ਘਮਾਸਾਨ ਦਾ ਦੂਸਰਾ ਦੌਰ ਮੰਨਿਆ ਜਾ ਰਿਹਾ ਹੈ।
ਭਾਜਪਾ ਨੇ ਪਾਰਟੀ ਦੇ ਵੱਡੇ-ਛੋਟੇ ਨੇਤਾਵਾਂ ਦੇ ਪਿੱਛਲੇ ਸਾਰੇ ਗੁਨਾਹ ਮਾਫ ਕਰਦੇ ਹੋਏ ਅੱਗੇ ਤੋਂ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਨਹੀਨਤਾ ਬਰਦਾਸ਼ਤ ਨਾਂ ਕਰਨ ਦਾ ਫੈਂਸਲਾ ਕੀਤਾ ਹੈ। ਪਾਰਟੀ ਪ੍ਰਧਾਨ ਰਾਜਨਾਥ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇ ਅੱਗੇ ਤੋਂ ਕੋਈ ਵੀ ਅਜਿਹਾ ਕੁਝ ਕਰਦਾ ਹੈ ਜਿਸ ਦਾ ਪਾਰਟੀ ਤੇ ਨਕਾਰਤਮਕ ਅਸਰ ਹੁੰਦਾ ਹੈ ਤਾਂ ਉਹ ਆਪਣੇ ਆਪ ਅਨੁਸ਼ਾਸਨਤਮਕ ਕਾਰਵਾਈ ਦੇ ਦਾਇਰੇ ਵਿਚ ਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਪਾਰਟੀ ਦੇ ਸਾਰੇ ਨੇਤਾਵਾਂ ਅਤੇ ਵਰਕਰਾਂ ਤੇ ਲਾਗੂ ਹੋਵੇਗਾ। ਪਾਰਟੀ ਮੰਚ ਤੋਂ ਬਾਹਰ ਮੀਡੀਆ ਜਾਂ ਕਿਸੇ ਵੀ ਹੋਰ ਮੰਚ ਤੇ ਪਾਰਟੀ ਦੀਆਂ ਅੰਦਰੂਨੀ ਗਤੀਵਿਧੀਆਂ ਜਾਂ ਵਿਚਾਰਾਂ ਨੂੰ ਪਰਗਟ ਕਰਨਾ ਜਾਂ ਦਸਣਾ ਵੀ ਅਨੁਸ਼ਾਸਂਨ ਦੇ ਦਾਇਰੇ ਵਿਚ ਆਵੇਗਾ। ਕਿਸੇ ਵੀ ਅਜਿਹੀ ਗਤੀਵਿਧੀ ਜਿਸ ਦਾ ਪਾਰਟੀ ਦੀ ਛਵੀ ਤੇ ਨਕਾਰਤਮਕ ਅਸਰ ਪੈਂਦਾ ਹੋਵੇ, ਉਹ ਵੀ ਇਸ ਦੇ ਘੇਰੇ ਤੋਂ ਬਾਹਰ ਨਹੀਂ ਰਹੇਗੀ। ਇਸ ਲਈ ਨੋਟਿਸ ਦੇਣ ਦੀ ਜਰੂਰਤ ਨਹੀਂ ਰਹੇਗੀ, ਸਿੱਧੇ ਹੀ ਕਾਰਵਾਈ ਦੇ ਦਾਇਰੇ ਵਿਚ ਆ ਜਾਵੇਗੀ। ਰਾਜਨਾਥ ਨੇ ਕਿਹਾ ਕਿ ਲੋਕ ਸਭਾ ਵਿਚ ਹੋਈ ਹਾਰ ਬਾਰੇ ਵੱਖ-ਵੱਖ ਪੱਧਰ ਤੇ ਸਮੀਖਿਆ ਦਾ ਕੰਮ ਸ਼ੁਰੂ ਹੋ ਗਿਅ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਉਪਰ ਵਿਆਪਕ ਚਰਚਾ ਕੀਤੀ ਜਾਵੇਗੀ।