ਲੁਧਿਆਣਾ – ਪੰਜਾਬ ਦੇ ਦੋਰਾਹਾ ਵਿੱਚ ਇੱਕ ਟੈਂਕਰ ਵਿੱਚੋਂ ਜਹਿਰੀਲੀ ਗੈਸ ਰਿਸਣ ਨਾਲ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ 100 ਤੋਂ ਵੱਧ ਇਸ ਨਾਲ ਬੀਮਾਰ ਹੋ ਗਏ ਹਨ। ਗੈਸ ਨਾਲ ਪ੍ਰਭਾਵਿਤ ਹੋਏ ਲੋਕਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਦੋਰਾਹਾ ਬਾਈਪਾਸ ਕੋਲ ਇੱਕ ਟਰੱਕ ਦੇ ਪੁੱਲ ਹੇਠ ਫੱਸਣ ਕਰਕੇ ਅਮੋਨੀਆ ਗੈਸ ਲੀਕ ਹੋਣੀ ਸ਼ੁਰੂ ਹੋ ਗਈ।ਜਦੋਂ ਗੈਸ ਨਾਲ ਭਰਿਆ ਟੈਂਕਰ ਇੱਕ ਪੁੱਲ ਦੇ ਹੇਠੋਂ ਗੁਜ਼ਰ ਰਿਹਾ ਸੀ ਤਾਂ ਪੁੱਲ ਦੀ ਉਚਾਈ ਘੱਟ ਹੋਣ ਕਰਕੇ ਟੈਂਕਰ ਉਥੇ ਹੀ ਫੱਸ ਗਿਆ। ਡਰਾਈਵਰ ਵੱਲੋਂ ਟੈਂਕਰ ਨੂੰ ਪੁੱਲ ਦੇ ਹੇਠੋਂ ਕੱਢਦੇ ਸਮੇਂ ਟੈਂਕਰ ਦਾ ਵਾਲਵ ਖੁਲ੍ਹ ਗਿਆ, ਜਿਸ ਕਾਰਣ ਉਸ ਵਿੱਚੋਂ ਗੈਸ ਲੀਕ ਹੋਣੀ ਸ਼ੁਰੂ ਹੋ ਗਈ।
ਇਹ ਟੈਂਕਰ ਗੁਜਰਾਤ ਦਾ ਹੈ ਅਤੇ ਲੁਧਿਆਣਾ ਤੋਂ ਗੁਜਰਾਤ ਜਾ ਰਿਹਾ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਸੜਕ ਮਾਰਗ ਅਤੇ ਨਾਲ ਲਗਦੇ ਰਿਹਾਇਸ਼ੀ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ ਹੈ। ਗੈਸ ਨਾਲ ਪ੍ਰਭਾਵਿਤ ਇਲਾਕੇ ਵਿੱਚ ਲੋਕਾਂ ਨੂੰ ਸਾਹ ਲੈਣ ਵਿੱਚ ਦਿਕਤ ਪੇਸ਼ ਆ ਰਹੀ ਹੈ। ਖਾਸ ਕਰਕੇ ਬੱਚਿਆਂ ਨੂੰ ਵੱਧ ਮੁਸ਼ਕਿਲ ਆ ਰਹੀ ਹੈ। ਪੰਜ ਕਿਲੋਮੀਟਰ ਦੇ ਦਾਇਰੇ ਵਿੱਚ ਇਸ ਜਹਿਰੀਲੀ ਗੈਸ ਦਾ ਅਸਰ ਵੇਖਣ ਨੂੰ ਮਿਲਿਆ ਹੈ।