ਹਨੇਰਾ ਆਖਦਾ ਚਾਨਣ ਤੋਂ ਮੈਂ ਡਰਾਂ ਨਾਹੀਂ
ਇਹ ਗੱਲਾਂ ਹੁਣ ਹੋ ਗਈਆਂ ਪੁਰਾਣੀਆਂ ਜੀ
ਚਿੱਟੇ ਕੱਪੜੇ ਪਾ ਕੇ ਪਾਉਣਾ ਨਕਾਬ ਚਿੱਟਾ
ਲਾਟਾਂ ਗਿਆਨ ਦੀਆਂ ਖੂਬ ਜਗਾਉਣੀਆਂ ਜੀ
ਲਾ ਕੇ ਨਾਰ੍ਹੇ ਖਿੱਚਵੇਂ ਚਾਨਣ ਜੇਬ੍ਹ ਰੱਖਣਾ
ਤਰਕੀਬਾਂ ਸਾਰੀਆਂ ਅਸਾਂ ਇਹ ਜਾਣੀਆਂ ਜੀ
ਮੰਤਰੀ ਲੀਡਰ ਸਰਮਾਏਦਾਰ ਨਾਲ ਲੈ
ਸੁੱਚੀਆਂ ਲੁੱਟਾਂ ਅਸਾਂ ਰਲ ਮਚਾਉਣੀਆਂ ਜੀ
ਵੰਡ ਮਜ਼ਹਬਾਂ ਨੂੰ ਲਾ ਕੇ ਬਹੁਰੰਗੇ ਝੰਡੇ
ਅਸੀਂ ਜੜ੍ਹਾਂ ਧਰਮ ਦੀਆਂ ਹਿਲਾਉਣੀਆਂ ਜੀ
ਨੀਲਾ ਭਗਵਾਂ ਹਰਾ ਬਦਲ ਬਦਲ ਪਾਣੇ
ਲਾਲ ਪਾ ਕੇ ਕੈਟ-ਵਾਕ ਕਰਾਉਣੀਆਂ ਜੀ
ਨਿੱਤ ਨਵੀਂ ਖੇਡ ਤੇ ਵੱਖਰੀ ਜੁਗਤ ਲਾਣੀ
ਅਸੀਂ ਕਲਾਬਾਜ਼ੀਆਂ ਰੋਜ਼ ਵਿਖਾਉਣੀਆਂ ਜੀ
ਰਾਤੀਂ ਛੱਕ ਕਬਾਬ ਪਹਿਲੀ ਤੋੜ ਲਾਉਣੀ
ਇੱਕਠੇ ਬਹਿ ਫੇਰ ਵੰਡੀਆਂ ਪਾਉਣੀਆਂ ਜੀ