ਪਰਨੀਤ ਸੰਧੂ ਦੀਆਂ ਕਵਿਤਾਵਾਂ ਦਾ ਮੁੱਖ ਵਿਸ਼ਾ ਪਿਆਰ ਅਤੇ ਪਿਆਰ ਵਿਚ ਅਸਫ਼ਲਤਾ ਤੋਂ ਬਾਅਦ ਉਪਜੇ ਬਿਰਹਾ ਦੀ ਪੀੜ ਵਿਚ ਗੜੁਚ ਹਨ। ਉਹ ਆਪਣੀਆਂ ਕਵਿਤਾਵਾਂ ਵਿਚ ਪਿਆਰ ਦੇ ਗੀਤ ਹੀ ਗਾਉਂਦੀ ਹੈ ਖਾਸ ਤੌਰ ਤੇ ਪ੍ਰੇਮੀ ਦੇ ਵਿਛੋੜੇ ਦੇ ਦਰਦ ਨੂੰ ਹੀ ਆਪਦੀਆਂ ਬਹੁਤੀਆਂ ਕਵਿਤਾਵਾਂ ਦਾ ਕੇਂਦਰ ਬਿੰਦੂ ਰੱਖਦੀ ਹੈ। ਪਿਆਰ ਨੂੰ ਉਹ ਸਫਲ ਜ਼ਿੰਦਗੀ ਦਾ ਹਿੱਸਾ ਮੰਨਦੀ ਹੈ। ਉਸ ਅਨੁਸਾਰ ਪਿਆਰ ਬਿਨਾ ਜ਼ਿੰਦਗੀ ਅਧੂਰੀ ਹੁੰਦੀ ਹੈ। ਇਸ ਲਈ ਉਹ ਪਿਆਰਿਆਂ ਨੂੰ ਸਲਾਹ ਵੀ ਦਿੰਦੀ ਹੈ ਕਿ ਮਾੜੀਆਂ ਮੋਟੀਆਂ ਭੁੱਲਾਂ ਅਤੇ ਗ਼ਲਤੀਆਂ ਨੂੰ ਅਣਡਿਠ ਕਰਕੇ ਵਸਲ ਦੀ ਜ਼ਿੰਦਗੀ ਦਾ ਆਨੰਦ ਮਾਨਣਾ ਚਾਹੀਦਾ ਹੈ। ਉਸਦੀ ਕਲਮ ਵਿਚ ਅਜਿਹੀ ਤਾਕਤ ਹੈ ਕਿ ਉਹ ਆਪਣੀਆਂ ਕਵਿਤਾਵਾਂ ਵਿਚਲੀ ਨਿੱਜੀ ਪੀੜ ਨੂੰ ਲੋਕਾਂ ਦੀ ਪੀੜ ਅਨੁਭਵ ਕਰਨ ਲਾ ਦਿੰਦੀ ਹੈ। ਉਸ ਦੀਆਂ ਕਵਿਤਾਵਾਂ ਬਿਰਹਾ ਦਾ ਅਜਿਹਾ ਤੁਣਕਾ ਲਗਾਉਂਦੀਆਂ ਹਨ, ਜਿਸ ਨਾਲ ਹਰ ਇਨਸਾਨ ਦਾ ਦਿਲ ਬਿਰਹਾ ਵਿਚ ਤੜਪ ਉਠਦਾ ਹੈ। ਉਸਦੀ ਪਲੇਠੀ ਪੁਸਤਕ ‘ਦਰਦਾਂ ਦੀ ਦਾਸਤਾਨ’ ਹੈ ਜਿਸ ਵਿਚ 82 ਕਵਿਤਾਵਾਂ ਹਨ। ਇਨ੍ਹਾਂ ਵਿਚੋਂ 58 ਕਵਿਤਾਵਾਂ ਪੰਜਾਬੀ ਭਾਸ਼ਾ ਵਿਚ ਅਤੇ 24 ਕਵਿਤਾਵਾਂ ਲਿਖੀਆਂ ਤਾਂ ਗੁਰਮੁਖੀ ਸਕਰਿਪਟ ਵਿਚ ਹੀ ਹਨ ਪ੍ਰੰਤੂ ਹਿੰਦੋਸਤਾਨੀ ਬੋਲੀ ਵਿਚ ਹਨ। ਇਉਂ ਲਗਦਾ ਹੈ ਕਿ ਪ੍ਰਨੀਤ ਕੌਰ ਸੰਧੂ ਨੇ ਆਪਣੇ ਪਿਆਰ ਦੀ ਅਸਫਲਤਾ ਨੂੰ ਕਵਿਤਾਵਾਂ ਦਾ ਰੂਪ ਦਿੱਤਾ ਹੈ, ਇਸ ਕਰਕੇ ਉਸ ਦੀਆਂ ਕਵਿਤਾਵਾਂ ਬੇਵਫ਼ਾਈ, ਬ੍ਰਿਹਾ, ਧੋਖ਼ਾ, ਫਰੇਬ, ਹੰਝੂ, ਹਓਕੇ, ਸ਼ਿਕਵੇ, ਨਿਹੋਰੇ, ਨਖ਼ਰੇ, ਅਰਮਾਨਾਂ ਅਤੇ ਗੁਨਾਹਾਂ ਦੇ ਆਲੇ ਦੁਆਲੇ ਹੀ ਘੁੰਮਣਘੇਰੀਆਂ ਖਾਂਦੀਆਂ ਰਹਿੰਦੀਆਂ ਹਨ। ਲਗਪਗ ਹਰ ਕਵਿਤਾ ਵਿਚ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਜਿਨ੍ਹਾਂ ਦਾ ਸਿੱਧਾ ਸੰਬੰਧ ਉਦਾਸੀ ਦੇ ਆਲਮ ਨਾਲ ਹੁੰਦਾ ਹੈ। ਪਿਆਰਿਆਂ ਦੀਆਂ ਹਸਰਤਾਂ ਦਾ ਪੂਰਿਆਂ ਨਾ ਹੋਣਾ ਇਨਸਾਨੀ ਕਦਰਾਂ ਕੀਮਤਾਂ ਵਿਚ ਆਈਆਂ ਗਿਰਾਵਟਾਂ ਨੂੰ ਮੰਨਦੀ ਹੈ। ਬੇਕਦਰਿਆਂ ਨਾਲ ਸੰਸਾਰ ਭਰਿਆ ਪਿਆ ਹੈ, ਇਸ ਕਰਕੇ ਪਿਆਰ ਦੇ ਵਸਲ ਦੀ ਆਸ ਕਰਨੀ ਅਸੰਭਵ ਹੈ। ਫਿਰ ਵੀ ਉਹ ਆਪਣੀਆਂ ਕਵਿਤਾਵਾਂ ਵਿਚ ਖ਼ੁਆਬਾਂ ਦੀਆਂ ਲਹਿਰਾਂ ਵਿਚ ਡੁਬਕੀਆਂ ਮਾਰਦੀ ਰਹਿੰਦੀ ਹੈ। ਖ਼ੁਦਗਜਰ ਦੋਸਤ ਆਪਣੀਆਂ ਖ਼ਾਹਿਸ਼ਾਂ ਦੀ ਪ੍ਰਾਪਤੀ ਤੋਂ ਬਾਅਦ ਅਧਵਾਟੇ ਛੱਡ ਕੇ ਭੱਜ ਜਾਂਦੇ ਹਨ। ਦੋਸਤੀ ਵਿਚ ਖ਼ੁਦਗਰਜ਼ੀ ਕਲੰਕ ਹੁੰਦੀ ਹੈ ਜੋ ਸੰਬੰਧਾਂ ਨੂੰ ਕਲੰਕਿਤ ਕਰ ਦਿੰਦੀ ਹੈ। ਨਾਲ ਦੀ ਨਾਲ ਉਹ ਇਹ ਵੀ ਕਹਿੰਦੀ ਹੈ ਕਿ ਮੁਹੱਬਤਾਂ ਵਿਚ ਜੁਦਾਈ ਦਾ ਹੋਣਾ ਕੁਦਰਤੀ ਹੁੰਦਾ ਹੈ, ਇਸ ਲਈ ਜੁਦਾਈ ਦੇ ਡਰ ਕਰਕੇ ਮੁਹੱਬਤਾਂ ਦੇ ਰਸਤੇ ਤਿਆਗਣੇ ਵੀ ਵਾਜਬ ਨਹੀਂ ਹੁੰਦੇ ਪ੍ਰੰਤੂ ਪਿਆਰ ਵਿਚ ਸ਼ੱਕ ਦੀ ਗੁਜਾਇਸ਼ ਹੋਣੀ ਨਹੀਂ ਚਾਹੀਦੀ। ਜਦੋਂ ਪਿਆਰ ਵਿਚ ਸ਼ੱਕ ਪੈਦਾ ਹੋ ਜਾਵੇ ਤਾਂ ਪਿਆਰ ਦੁਸ਼ਮਣ ਬਣ ਜਾਂਦਾ ਹੈ ਅਤੇ ਦਰਦਾਂ ਦੀ ਦਾਸਤਾਨ ਸ਼ੁਰੂ ਹੋ ਜਾਂਦੀ ਹੈ। ਇਸ਼ਕ ਵਿਚ ਖੱਜਲ ਖ਼ੁਆਰੀਆਂ ਤਾਂ ਹੁੰਦੀਆਂ ਹੀ ਹਨ, ਇਨ੍ਹਾਂ ਤੋਂ ਡਰਨਾ ਨਹੀਂ ਚਾਹੀਦਾ। ਉਹ ਇਹ ਵੀ ਮੰਨਦੀ ਹੈ ਕਿ ਇਸ਼ਕ ਤੋਂ ਬਿਨਾਂ ਜੀਵਨ ਨੀਰਸ ਹੈ ਅਤੇ ਇਸ਼ਕ ਨੇ ਦੁਨੀਆਂ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਪਾਗਲਪਨ ਦਾ ਦੂਜਾ ਨਾਂ ਇਸ਼ਕ ਹੈ। ਇਸ਼ਕ ਫਕੀਰ ਬਣਾ ਦਿੰਦਾ ਹੈ। ਹਾਸੇ ਅਤੇ ਖ਼ੁਸ਼ੀਆਂ ਖੋਹ ਕੇ ਇਸ਼ਕ ਗ਼ਮਾਂ ਦੇ ਸਮੁੰਦਰਾਂ ਵਿਚ ਸੁੱਟ ਦਿੰਦਾ ਹੈ ਜਿਥੋਂ ਨਿਕਲਣ ਲਈ ਪਿਆਰਿਆਂ ਦਾ ਜੀਵਨ ਦੁੱਭਰ ਕਰ ਦਿੰਦਾ ਹੈ। ਉਹ ਇਹ ਵੀ ਕਹਿੰਦੀ ਹੈ ਕਿ ਕੋਈ ਵੀ ਪਿਆਰਾ ਆਪਣੇ ਇਸ਼ਕ ਨੂੰ ਖੋਣਾ ਨਹੀਂ ਚਾਹੁੰਦਾ, ਆਸ਼ਕ ਮਸ਼ੂਕ ਬੁਰੇ ਨਹੀਂ ਹੁੰਦੇ ਪ੍ਰੰਤੂ ਮਜ਼ਬੂਰੀਆਂ ਉਨ੍ਹਾਂ ਦੇ ਰਸਤੇ ਵਿਚ ਪਹਾੜ ਬਣਕੇ ਆ ਖਲੋਂਦੀਆਂ ਹਨ। ਪ੍ਰਨੀਤ ਇਹ ਵੀ ਸਲਾਹ ਦਿੰਦੀ ਹੈ ਕਿ ਆਪਣੇ ਬਰਾਬਰ ਦਿਆਂ ਨਾਲ ਹੀ ਇਸ਼ਕ ਕਰੋ, ਆਪ ਤੋਂ ਵੱਡੇ ਹਮੇਸ਼ਾ ਧੋਖ਼ਾ ਦੇ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਯਾਰੀਆਂ ਨਿਭਦੀਆਂ ਨਹੀਂ, ਉਹ ਤਾਂ ਜਿਸਮਾਂ ਦੇ ਭੁੱਖੇ ਹੁੰਦੇ ਹਨ। ਇਨਸਾਨ ਦੀ ਸੋਚ ਬੁਰੀ ਨਹੀਂ ਹੁੰਦੀ, ਹਾਲਾਤ ਹੀ ਐਸੇ ਬਣ ਜਾਂਦੇ ਹਨ। ਆਪਣੀਆਂ ਕਵਿਤਾਵਾਂ ਵਿਚ ਉਹ ਸਿੱਟਾ ਕੱਢਦੀ ਹੈ ਕਿ ਭਾਵੇਂ ਇਸ਼ਕ ਦੇ ਜਖ਼ਮਾਂ ਦੇ ਦਰਦ ਗਹਿਰੇ ਹੁੰਦੇ ਹਨ ਪ੍ਰੰਤੂ ਇਹ ਦਰਦ ਹੀ ਜ਼ਿੰਦਗੀ ਜਿਉਣ ਦੀ ਵਜਾਹ ਹੁੰਦੇ ਹਨ। ਉਹ ਆਪਣੀਆਂ ਕਵਿਤਾਵਾਂ ਵਿਚ ਰੱਬ ਨੂੰ ਵੀ ਤਾਹਨੇ ਮਿਹਣੇ ਮਾਰਦੀ ਕਹਿੰਦੀ ਹੈ ਕਿ ਤੂੰ ਖ਼ੁਦ ਗ਼ਰੀਬ ਹੈਂ ਇਸੇ ਕਰਕੇ ਸਾਡੇ ਪਿਆਰ ਦੀ ਗ਼ਰੀਬੀ ਦੂਰ ਨਹੀਂ ਕਰ ਸਕਦਾ। ਤੂੰ ਦੁਨੀਆਂ ਨੂੰ ਬਣਾ ਅਤੇ ਮਿਟਾ ਸਕਦਾ ਹੈਂ ਤਾਂ ਪਿਆਰਿਆਂ ਨੂੰ ਮਿਲਾਉਣ ਵਿਚ ਤੈਨੂੰ ਕੀ ਤਕਲੀਫ਼ ਹੈ। ਪਿਆਰਿਆਂ ਦੇ ਦਿਲ ਜਿੱਦੀ ਹੁੰਦੇ ਹਨ, ਉਹ ਆਪਣੀ ਜਿੱਦ ਤੇ ਬਜਿਦ ਰਹਿੰਦੇ ਹਨ ਤੂੰ ਭਾਵੇਂ ਮਦਦ ਕਰ ਭਾਵੇਂ ਨਾ ਕਰ।
ਪ੍ਰਨੀਤ ਸੰਧੂ ਦਾ ਜਨਮ ਜਗਤਾਰ ਸਿੰਘ ਸੰਧੂ ਅਤੇ ਮਾਤਾ ਦਲਜੀਤ ਕੌਰ ਸੰਧੂ ਦੇ ਘਰ 7 ਅਪ੍ਰੈਲ 1987 ਨੂੰ ਫਗਵਾੜਾ ਵਿਖੇ ਹੋਇਆ। ਉਨ੍ਹਾਂ ਪ੍ਰਾਇਮਰੀ ਅਤੇ ਮਿਡਲ ਤੱਕ ਦੀ ਪੜ੍ਹਾਈ ਮਹਾਵੀਰ ਸੀਨੀਅਰ ਮਾਡਲ ਸਕੂਲ ਜੀ.ਟੀ.ਰੋਡ.ਕਰਨਾਲ ਹਰਿਆਣਾ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਪਲੱਸ ਟੂ ਸੈਫਰਨ ਪਬਲਿਕ ਸਕੂਲ ਫਗਵਾੜਾ ਤੋਂ ਪਾਸ ਕੀਤੀ। ਬੀ.ਸੀ.ਏ. ਕਰਨ ਲਈ ਉਸ ਨੇ ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਦਾਖ਼ਲਾ ਲੈ ਲਿਆ ਉਥੋਂ ਹੀ ਇਹ ਡਿਗਰੀ ਪ੍ਰਾਪਤ ਕੀਤੀ। ਉਸ ਤੋਂ ਮਗਰੋਂ ਅਦਿਤਿਆ ਮਹਾਂ ਵਿਦਿਆਲਿਆ ਨਾਰਥ ਕੈਂਪਸ ਨਵੀਂ ਦਿੱਲੀ ਵਿਚ ਦਾਖਲ ਹੋ ਗਈ, ਉਥੋਂ ਉਸਨੇ ਐਮ.ਸੀ.ਏ. ਦੀ ਡਿਗਰੀ ਪਾਸ ਕੀਤੀ। ਸਕੂਲ ਅਤੇ ਕਾਲਜ ਵਿਚ ਕਵਿਤਾਵਾਂ ਦੀਆਂ ਪੁਸਤਕਾਂ ਪੜ੍ਹਨ ਦਾ ਸ਼ੌਕ ਪੈਦਾ ਹੋ ਗਿਆ ਪ੍ਰੰਤੂ ਕਵਿਤਾਵਾਂ ਲਿਖਣਾ ਅਕਾਦਮਿਕ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਹੀ ਸ਼ੁਰੂ ਕੀਤਾ, ਜਦੋਂ ਪਿਆਰ ਦੇ ਵਣਜ ਵਿਚ ਗਹਿਰੀ ਸੱਟ ਵੱਜੀ। 2007 ਵਿਚ ਉਹ ਉਹ ਕੈਨੇਡਾ ਪ੍ਰਵਾਸ ਕਰ ਗਈ ਅਤੇ ਉਥੋਂ ਰੋਜ਼ਗਾਰ ਦੇ ਸਿਲਸਿਲੇ ਵਿਚ 2009 ਵਿਚ ਕੁਵੈਤ ਚਲੀ ਗਈ। ਆਪਣੀਆਂ ਬਹੁਤੀਆਂ ਕਵਿਤਾਵਾਂ ਕੁਵੈਤ ਵਿਚ ਬਿਰਹਾ ਦੀ ਜ਼ਿੰਦਗੀ ਬਤੀਤ ਕਰਦਿਆਂ ਹੀ ਲਿਖੀਆਂ।
ਪਰਨੀਤ ਕੌਰ ਸੰਧੂ ਦੀ ਬਿਰਹਾ ਦੇ ਦਰਦਾਂ ਦੀ ਦਾਸਤਾਨ
This entry was posted in ਸਰਗਰਮੀਆਂ.