ਸ੍ਰੀ ਅਨੰਦਪੁਰ ਸਾਹਿਬ : ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਸ਼ਸਤਰ ਵਿਦਿਆ ਤੇ ਅਧਾਰਤ ਜੰਗਜੂ ਖੇਡ ਦਾ ਉਦਘਾਟਨ ਛਾਉਣੀ ਨਿਹੰਗ ਸਿੰਘਾਂ ਵਿਖੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਅਰਦਾਸ ਕਰਨ ਉਪਰੰਤ ਸਿੰਘ ਸਾਹਿਬ ਗਿਆਨੀ ਗੁਰਬਚਰਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਗਤਕਾ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਹਰ ਸਿੱਖ ਨੂੰ ਚੰਗੀ ਜਵਾਨੀ, ਚੰਗੇ ਸ਼ਸਤਰ ਅਤੇ ਘੋੜੇ ਰੱਖਣ ਲਈ ਪ੍ਰੇਰਿਆ ਗਿਆ ਹੈ ਤਾਂ ਜੋ ਹਰ ਸਿੱਖ ਮੁਸੀਬਤ ਵੇਲੇ ਮਜ਼ਲੂਮਾਂ ਦੀ ਰੱਖਿਆ ਕਰ ਸਕੇ। ਉਨ੍ਹਾਂ ਗਤਕਾ ਖਿਡਾਰੀਆਂ ਨੂੰ ਪ੍ਰੇਰਦੇ ਹੋਇ ਕਿਹਾ ਗੁਰੂ ਸਾਹਿਬ ਦੇ ਬਖਸ਼ੇ ਸਿਧਾਂਤ ਅਨੁਸਾਰ ਸਾਬਤ ਸੂਰਤ ਅੰਮ੍ਰਿਤਧਾਰੀ ਗੁਰ-ਸਿੱਖ ਸਜਣ।
ਇਸ ਸਮੇਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸਿੱਖ ਸ਼ਸਤਰ ਵਿਦਿਆ ਤੇ ਅਧਾਰਿਤ ਖੇਡ ਗਤਕੇ ਦੀ ਹੋਰ ਪ੍ਰਫੁਲਤਾ ਦੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਮੌਜੂਦਾ ਸਮੇਂ ਦੀ ਨੌਜਵਾਨ ਪੀੜੀ ਤੇ ਬੱਚਿਆਂ ਨੂੰ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਹੋਈ ਅਮੀਰ ਵਿਰਾਸਤੀ ਖੇਡ ਗਤਕਾ ਨਾਲ ਵੱਧ ਤੋਂ ਵੱਧ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਆਪਣੀ ਸਵੈ-ਰੱਖਿਆ ਕਰਨ ਤੇ ਆਪਣੇ ਅੰਦਰ ਸੂਰਬੀਰਤਾ, ਅਣਖ ‘ਤੇ ਗੈਰਤ ਦੀ ਭਾਵਨਾ ਪ੍ਰਚੰਡ ਕਰਨ ਵਾਲੀ ਜੰਗਜੂ ਖੇਡ ਗਤਕਾ ਇੱਕ ਨਿਰੋਲ ਸ਼ਸਤਰ ਵਿੱਦਿਆ ਹੈ। ਜੋ ਮਨੁੱਖ ਨੂੰ ਸਰੀਰਕ ਤੇ ਮਾਨਸਿਕ ਪੱਖੋਂ ਬਲਵਾਨ ਬਣਨ ਵਿੱਚ ਆਪਣਾ ਅਹਿਮ ਰੋਲ ਅਦਾ ਕਰਦੀ ਹੈ। ਪਰ ਅੱਜ ਬਹੁਤ ਦੁੱਖ ਦੀ ਗੱਲ ਹੈ ਕਿ ਕੁਝ ਲੋਕ ਗੁਰੂ ਸਹਿਬਾਨ ਵੱਲੋਂ ਬਖਸ਼ੀ ਸੂਰਬੀਰਤਾ ਤੇ ਅਧਾਰਤ ਉਕਤ ਖੇਡ ਨੂੰ ਕੇਵਲ ਸਟੰਟਬਾਜੀ ਦੇ ਤੌਰ ਤੇ ਖੇਡ ਰਹੇ ਹਨ। ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਬੁੱਢਾ ਦਲ ਨਿਹੰਗ ਸਿੰਘ ਜਥੇਬੰਦੀ ਦੇ ਮੁਖੀ ਬਾਬਾ ਬਲਬੀਰ ਸਿੰਘ ਦੀ ਜ਼ੋਰਦਾਰ ਸ਼ਬਦਾ ਵਿਚ ਸ਼ਲਾਘਾ ਕਰਦਿਆਂ ਕਿਹਾ ਕਿ ਵਿਰਾਸਤੀ ਖੇਡ ਗਤਕਾ ਦੀ ਸੰਭਾਲ ਕਰਨ ਦੇ ਲਈ ਜੋ ਉਪਰਾਲੇ ਉਨ੍ਹਾਂ ਵਲੋਂ ਕੀਤੇ ਜਾ ਰਹੇ ਹਨ ਉਹ ਆਪਣੇ ਆਪ ਵਿਚ ਸ਼ਲਾਘਾਯੋਗ ਹਨ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਇਹ ਵੀ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਵਲੋਂ ਆਪਣੇ ਸਕੂਲਾਂ ਤੇ ਕਾਲਜਾਂ ਅੰਦਰ ਗਤਕੇ ਦੀ ਖੇਡ ਪ੍ਰਫੁਲਤ ਕਰਨ ਲਈ ਸਥਾਪਿਤ ਕੀਤਾ ਗਿਆ ਗਤਕਾ ਡਾਇਰੈਕਟੋਰੇਟ ਰਾਹੀਂ ਸਿਖਲਾਈ ਲੈ ਰਹੇ ਗਤਕਾ ਖਿਡਾਰੀਆਂ ਵਿਚੋਂ ਸਰਬੋਤਮ ਆਉਣ ਵਾਲੇ ਖਿਡਾਰੀਆਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਗਤਕਾ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਦੇ ਸਬੰਧ ਵਿਚ ੫੧੦੦-੫੧੦੦ ਰੁਪਏ ਦੇਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਆਰੰਭ ਹੋਏ ਗਤਕਾ ਮੁਕਾਬਲੇ ਅੰਦਰ ਲਗਪਗ ਦਸ ਦੇ ਕਰੀਬ ਚੋਟੀ ਦੀਆਂ ਪ੍ਰਮੁੱਖ ਟੀਮਾਂ ਦੇ ਗਤਕਾ ਖਿਡਾਰੀ ਖਾਲਸਾਈ ਵਰਦੀਆਂ ਵਿਚ ਤਿਆਰ ਬਰ ਤਿਆਰ ਹੋ ਕੇ ਆਪਣੀ ਸ਼ਸ਼ਤਰ ਕਲਾ ਦੇ ਜੌਹਰ ਸੰਗਤਾਂ ਤੇ ਮੁੱਖ ਮਹਿਮਾਨ ਦੇ ਸਨਮੁੱਖ ਦਿਖਾਉਣ ਲਈ ਪੁੱਜੀਆਂ। ਨੇਜਿਆਂ ਦੀ ਖੜਕ, ਕ੍ਰਿਪਾਨਾ ਤੇ ਢਾਲਾ ਦੇ ਵਾਰ ਤੇ ਸੁਦਰਸ਼ਨ ਚੱਕਰ ਦੇ ਕਮਾਲ ਦੇਖ ਕੇ ਗਤਕਾ ਮੁਕਾਬਲਿਆਂ ਦਾ ਅਨੰਦ ਮਾਣ ਰਹੀਆਂ ਸੰਗਤਾਂ ਅੱਸ਼-ਅੱਸ਼ ਕਰ ਉਠੀਆਂ। ਸ਼੍ਰੋਮਣੀ ਕਮੇਟੀ ਦੇ ਗਤਕਾ ਡਾਇਰੈਕਟੋਰੇਟ ਦੇ ਮੁਖੀ ਸ. ਮਨਮੋਹਨ ਸਿੰਘ ਭਾਗੋਵਾਲੀਆ ਦੀ ਯੋਗ ਅਗਵਾਈ ਹੇਠ ਅਰੰਭ ਹੋਏ ਇਨ੍ਹਾਂ ਗਤਕਾ ਮੁਕਾਬਲਿਆਂ ਵਿਚ ਜਿੱਥੇ ਚੀਫ਼ ਰੈਫਰੀ ਦੀ ਸੇਵਾ ਸ. ਸੁਪ੍ਰੀਤ ਸਿੰਘ ਤੇ ਸ. ਹਰਦੀਪ ਸਿੰਘ, ਸ. ਜਸਬੀਰ ਸਿੰਘ, ਸ. ਮਲਕੀਤ ਸਿੰਘ ਤੇ ਸ. ਜਸਵਿੰਦਰ ਨੇ ਨਿਭਾਈ ਉਥੇ ਜੱਜ ਸਾਹਿਬਾਨ ਦੀ ਭੂਮਿਕਾ ਸ. ਸਤਪਾਲ ਸਿੰਘ ਬਾਗੀ, ਸ. ਕੁਲਜੀਤ ਸਿੰਘ ਤੇ ਸ. ਜਗਦੀਸ਼ ਬਰਾੜ ਨੇ ਬੜੀ ਸੁਹਿਰਦਤਾ ਨਾਲ ਨਿਭਾਈ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ, ਸਿੰਘ ਸਾਹਿਬ ਗਿਆਨੀ ਜੋਤਇੰਦਰ ਸਿੰਘ ਮੀਤ ਜਥੇਦਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ, ਸ. ਜਗਸੀਰ ਸਿੰਘ ਮਾਂਗੇਆਣਾ, ਸ. ਅਪਿੰਦਰ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਬਾਬਾ ਜੰਗ ਸਿੰਘ ਕਰਨਾਲ, ਬਾਬਾ ਕਰਮਜੀਤ ਸਿੰਘ, ਬਾਬਾ ਮਾਨ ਸਿੰਘ ਮੜ੍ਹੀਆਂ ਵਾਲੇ, ਬਾਬਾ ਨਾਜਰ ਸਿੰਘ, ਬਾਬਾ ਤਰਲੋਕ ਸਿੰਘ ਖਿਆਲੇ ਵਾਲੇ, ਬਾਬਾ ਤਰਸੇਮ ਸਿੰਘ ਮਹਿਤਾ ਚੌਂਕ, ਬਾਬਾ ਮੇਜਰ ਸਿੰਘ ਲੁਧਿਆਣਾ, ਬਾਬਾ ਜੋਗਾ ਸਿੰਘ ਕਰਨਾਲ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਕਾਹਨ ਸਿੰਘ ਸੇਵਾ ਪੰਥੀ ਗੋਨਿਆਣਾ ਮੰਡੀ, ਬਾਬਾ ਜੱਸਾ ਸਿੰਘ, ਬਾਬਾ ਅਵਤਾਰ ਸਿੰਘ ਦਲ ਬਿਧੀ ਚੰਦ, ਬਾਬਾ ਮੱਖਣ ਸਿੰਘ ਤਰਨਾ ਦਲ ਬਾਬਾ ਬਕਾਲਾ ਵਲੋਂ ਨੁਮਾਇੰਦੇ ਹਾਜ਼ਰ ਹੋਏ ਅਤੇ ਸ਼੍ਰੋਮਣੀ ਕਮੇਟੀ ਦੇ ਡਾ. ਰੂਪ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ ਤੇ ਸ. ਬਲਵਿੰਦਰ ਸਿੰਘ ਐਡੀ: ਸਕੱਤਰ, ਸ. ਸਤਿੰਦਰ ਸਿੰਘ ਮੀਤ ਸਕੱਤਰ, ਸ. ਜਗਜੀਤ ਸਿੰਘ ਮਾਛੀਵਾੜਾ ਚਿੱਤਰਕਾਰ ਅਤੇ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।