ਫਤਿਹਗੜ੍ਹ ਸਾਹਿਬ – “ਜਦੋਂ ਗੁਰੁ ਸਾਹਿਬਾਨ ਨੇ “ਇਨੁ ਗਰੀਬ ਸਿੱਖਨੁ ਕੋ ਦੇਊਂ ਪਾਤਸ਼ਾਹੀ” ਅਤੇ “ਸ਼ਸਤਰੋਂ ਕੇ ਅਧੀਨ ਹੈ ਰਾਜਿ” ਦੇ ਚੜ੍ਹਦੀ ਕਲਾ ਵਿਚ ਤਿਆਰ ਬਰ ਤਿਆਰ ਰਹਿਣ ਅਤੇ ਨਿਮਾਣੇ ਸਿੱਖਾਂ ਨੂੰ ਪਾਤਸ਼ਾਹੀਆਂ ਬਖ਼ਸਿ਼ਸ਼ ਕਰਨ ਦੀ ਉਚੀ ਸੋਚ ਵਾਲੇ ਮਿਸ਼ਨ ਦੇ ਕੇ ਸਿੱਖਾਂ ਨੂੰ ਜਨਮ ਤੋਂ ਹੀ ਹਰ ਤਰ੍ਹਾਂ ਦੀ ਬੇਇਨਸਾਫੀ ਵਿਰੁੱਧ ਜੂਝਣ ਲਈ ਅਗਵਾਈ ਦਿੱਤੀ ਹੈ ਤਾਂ ਹੁਣ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਸ. ਬਾਦਲ, ਸ਼੍ਰੀ ਮੱਕੜ, ਦਮਦਮੀ ਟਕਸਾਲ, ਡੇਰੇਦਾਰ, ਸੰਤ ਸਮਾਜ ਅਤੇ ਮੁਤੱਸਵੀ ਜਮਾਤਾਂ ਦੀ ਗੁਲਾਮੀਅਤ ਨੂੰ ਪ੍ਰਵਾਨ ਕਰਨ ਵਾਲੇ ਸ਼੍ਰੀ ਗੁਰੁ ਤੇਗ ਬਹਾਦਰ ਸਾਹਿਬ ਦੁਆਰਾ ਸਥਾਪਿਤ ਕੀਤੇ ਗਏ ਸ਼੍ਰੀ ਅਨੰਦਪੁਰ ਸਾਹਿਬ ਦੇ ਮਹਾਨ ਅਸਥਾਨ ‘ਤੇ ਮੁਸਲਿਮ, ਸਿੱਖ ਅਤੇ ਇਸਾਈਆਂ ਦਾ ਕਤਲੇਆਮ ਕਰਨ ਵਾਲੇ ਫਿਰਕੂ ਆਗੂਆਂ ਅਮਿਤ ਸ਼ਾਹ ਅਤੇ ਸ਼੍ਰੀ ਰਾਜਨਾਥ ਸਿੰਘ ਨੂੰ ਇਸ ਮਹਾਨ ਅਸਥਾਨ ‘ਤੇ ਬੁਲਾ ਕੇ ਅਤੇ ਸਨਮਾਨ ਦੇ ਕੇ ਕਿਹੜੀ ਸਿੱਖ ਅਤੇ ਮਨੁੱਖਤਾ ਪੱਖੀ ਸੋਚ ਨੂੰ ਉਹ ਉਭਾਰਨਾ ਚਾਹੁੰਦੇ ਹਨ? ਜਦੋਂ ਕਿ ਨੌਵੇਂ ਪਾਤਸ਼ਾਹੀ ਸ਼੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹਾਦਤ ਵੀ “ਧਰਮ ਪਰਿਵਰਤਨ” ਦੇ ਅਮਲਾਂ ਵਿਰੁੱਧ ਦਿੱਤੀ ਸੀ। ਜਿਸ ਨੂੰ ਇਹ ਉਪਰੋਕਤ ਆਗੂ ਜਾਂ ਤਾਂ ਭੁੱਲ ਚੁੱਕੇ ਹਨ ਜਾਂ ਫਿਰ ਆਪਣੇ ਸਿਆਸੀ, ਮਾਲੀ ਅਤੇ ਪਰਿਵਾਰਿਕ ਸਵਾਰਥਾਂ ਦੀ ਪੂਰਤੀ ਅਧੀਨ ਗੁਰੁ ਸਾਹਿਬਾਨ ਦੀ ਵੱਡਮੁੱਲੀ ਸੋਚ ਨੂੰ ਨਜਰ ਅੰਦਾਜ਼ ਕਰ ਰਹੇ ਹਨ। ਇਸ ਲਈ ਸਮੁੱਚੀ ਸਿੱਖ ਕੌਮ ਅਤੇ ਮਨੁੱਖੀ ਕਦਰਾਂ ਕੀਮਤਾਂ ਦੀ ਪੈਰਵੀ ਕਰਨ ਵਾਲੀਆਂ ਤਾਕਤਾਂ ਨੂੰ ਸਮੂਹਿਕ ਤੌਰ ‘ਤੇ ਇਕੱਤਰ ਹੋ ਕੇ 19 ਜੂਨ 2015 ਨੂੰ ਫਿਰਕੂ ਆਗੂਆਂ ਵੱਲੋਂ ਅਨੰਦਪੁਰ ਸਾਹਿਬ ਆਉਣ ਦੇ ਮੌਕੇ ਉਤੇ ਮਜਬੂਤੀ ਨਾਲ ਵਿਰੋਧ ਕਰਨ ਦੇ ਫਰਜ ਨਿਭਾਉਣੇ ਚਾਹੀਦੇ ਹਨ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਮੌਜੂਦਾ ਬਾਦਲ ਹਕੂਮਤ , ਮੱਕੜ, ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਦਮਦਮੀ ਟਕਸਾਲ , ਸੰਤ ਸਮਾਜ ਅਤੇ ਡੇਰੇਦਾਰਾਂ ਵੱਲੋਂ ਖਾਲਸਾ ਪੰਥ ਵਿਰੋਧੀ ਤਾਕਤਾਂ ਦੇ ਘੱਟ ਗਿਣਤੀ ਵਿਰੋਧੀ ਆਗੂਆਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਖਾਲਸੇ ਦੀ ਪਵਿੱਤਰ ਧਰਤੀ ਉਤੇ ਬੁਲਾਉਣ ਵਿਰੁੱਧ ਜੋਰਦਾਰ ਵਿਖਾਵੇ ਕਰਨ ਅਤੇ ਸਿੱਖ ਕੌਮ ਦੇ ਕਾਤਲਾਂ ਨੂੰ ਗੋ ਬੈਕ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਵਰਗ ਜਾਬਰ ਅਤੇ ਕਾਤਲ ਆਗੂਆਂ ਨੂੰ ਅਜਿਹੇ ਮੌਕਿਆਂ ਉਤੇ ਬੁਲਾਉਣਾ ਕਿਸੇ ਦੀਰਘ ਬਿਮਾਰੀ ਦਾ ਅਜਿਹਾ ਇਲਾਜ ਬਿਮਾਰੀ ਨਾਲੋਂ ਵੀ ਖਤਰਨਾਕ ਸਾਬਿਤ ਹੋਵੇਗਾ। ਕਿਊਂਕਿ ਜਿਸ ਵਜੀਰੇ ਆਜਮ ਮੋਦੀ ਨੇ 2002 ਵਿਚ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ 2000 ਮੁਸਲਮਾਨਾਂ ਦਾ ਕਤਲੇਆਮ ਕੀਤਾ ਹੋਵੇ, ਮੁਸਲਿਮ ਬੀਬੀਆਂ ਦੇ ਜਬਰ-ਜਿਨਾਹ ਦੀਆਂ ਵੀਡੀਓ ਬਣਾ ਕੇ ਔਰਤ ਵਰਗ ਨੂੰ ਜਲੀਲ ਕੀਤਾ ਹੋਵੇ, ਉਸ ਬੀਜੇਪੀ ਪਾਰਟੀ ਦੇ ਉਸ ਪ੍ਰਧਾਨ ਅਮਿਤ ਸ਼ਾਹ ਜਿਸ ਨੇ ਗੁਜਰਾਤ ਵਿਚ ਮੁਸਲਿਮ ਬੀਬੀ ਇਸ਼ਰਤ ਜਹਾਂ ਦਾ ਕਤਲੇਆਮ ਕਰਵਾਇਆ ਹੋਵੇ ਅਤੇ ਜੋ ਪਾਰਟੀ ਮੁਸਲਿਮ , ਇਸਾਈ ਅਤੇ ਸਿੱਖਾਂ ਦਾ ਜਬਰੀ ਧਰਮ ਤਬਦੀਲ ਕਰਨ ਉਤੇ ਅਮਲ ਕਰ ਰਹੇ ਹੋਣ, ਅਜਿਹੇ ਕਾਤਲਾਂ ਨੂੰ ਪੰਜਾਬ ਦੀ ਧਰਤੀ ‘ਤੇ ਬੁਲਾਉਣ ਦੇ ਅਮਲ ਨੂੰ ਸਿੱਖ ਕੌਮ ਕਤਈ ਬਰਦਾਸ਼ਤ ਨਹੀਂ ਕਰ ਸਕਦੀ। ਇਥੋਂ ਤੱਕ ਕਿ ਜੰਮੂ ਕਸ਼ਮੀਰ ਦੇ ਡਿਪਟੀ ਮੁੱਖ ਮੰਤਰੀ, ਸ਼੍ਰੀ ਮੋਦੀ ਅਤੇ ਅਮਿਤ ਸ਼ਾਹ ਵਰਗੇ ਫਿਰਕੂਆਂ ਨੇ ਜੰਮੂ ਵਿਚ ਕਤਲ ਕੀਤੇ ਗਏ ਸਿੱਖ ਨੌਜਵਾਨ ਜਸਜੀਤ ਸਿੰਘ ਸੰਬੰਧੀ ਕੋਈ ਵੀ ਹਮਦਰਦੀ ਪੂਰਵਕ ਜਾਂ ਇਨਸਾਫ਼ ਵਾਲੇ ਸ਼ਬਦ ਨਾਂ ਕਹਿਣਾ ਵੀ ਸੱਚਾਈ ਨੂੰ ਪ੍ਰਤੱਖ ਕਰਦਾ ਹੈ।
ਉਹਨਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ 21 ਜੂਨ ਨੂੰ ਅੰਮ੍ਰਿਤਸਰ ਅਤੇ ਫ਼ਾਜਿ਼ਲਕਾ ਵਿਖੇ ਹਿੰਦੂਤਵ ਸੋਚ ਅਧੀਨ ਯੋਗਾ ਦਿਨ ਮਨਾਉਣ ਦੇ ਕੀਤੇ ਗਏ ਐਲਾਨਾ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਕਿਹਾ ਕਿ ਜਦੋਂ ਸ਼੍ਰੀ ਗੁਰੁ ਅਰਜੁਨ ਦੇਵ ਸਾਹਿਬ ਨੇ ਸੁਖਮਨੀ ਸਾਹਿਬ ਦੀ ਤੀਸਰੀ ਅਸ਼ਟਪਦੀ ਵਿਚ “ਜੋਗੁ ਅਭਿਆਸੁ ਕਰਮ ਧਰਮ ਕਿਰਿਆ ਸਗਲੁ ਤਿਆਗੁ ਬਨੁ ਮਧੇ ਫਿਰਿਆ” ਦੇ ਸ਼ਬਦ ਰਾਹੀਂ ਅਜਿਹੇ ਕਰਮ ਕਾਂਡਾਂ ਦਾ ਜੋਰਦਾਰ ਖੰਡਨ ਕੀਤਾ ਹੈ ਅਤੇ ਸ਼੍ਰੀ ਗੁਰੁ ਅੰਗਦ ਦੇਵ ਸਾਹਿਬ ਨੇ ਸਿੱਖਾਂ ਨੂੰ ਸਰੀਰਿਕ ਤੌਰ ‘ਤੇ ਰਿਸ਼ਟ ਪੁਸ਼ਟ ਰਹਿਣ ਹਿਤ ਕੁਸ਼ਤੀਆਂ, ਰੱਸਾ-ਕੱਸੀ, ਘੋੜ ਸਵਾਰੀ, ਗੱਤਕਾ ਵਰਗੀਆਂ ਮਾਰਸ਼ਲ ਖੇਡਾਂ ਖੇਡਣ ਦੀ ਹਿਦਾਇਤ ਕੀਤੀ ਹੈ ਤਾਂ ਸ. ਬਾਦਲ ਹਿੰਦੂਤਵ ਸੋਚ ਅਧੀਨ ਹਿੰਦੂ ਪ੍ਰੌਗਰਾਮਾਂ ਅਤੇ ਸੋਚ ਨੂੰ ਲਾਗੂ ਕਰਕੇ , ਸਿੱਖ ਕੌਮ , ਸਿੱਖ ਧਰਮ , ਮਨੁੱਖਤਾ ਦੀ ਕਿਹੜੀ ਸੇਵਾ ਕਰਨ ਜਾ ਰਹੇ ਹਨ? ਉਹਨਾਂ ਕਿਹਾ ਕਿ ਸਿੱਖਾਂ ਦੀਆਂ ਮਾਰਸ਼ਲ ਖੇਡਾਂ ਅਧੀਨ ਹੀ ਤਾਕਤਾਵਰ ਹੋਣ ਦੀ ਪ੍ਰਤੱਖ ਮਿਸਾਲ ਦਿੰਦਿਆਂ 1761 ਵਿਚ ਖਾਲਸੇ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਜਖ਼ਮੀ ਕਰਕੇ ਭਜਾ ਦਿੱਤਾ ਸੀ ਅਤੇ ਜੋ ਬਾਅਦ ਵਿਚ ਮਰ ਗਿਆ ਸੀ। ਪਰ ਦੁੱਖ ਅਤੇ ਅਫ਼ਸੋਸ ਹੈ ਕਿ ਸ. ਬਾਦਲ ਗੁਰੁ ਸਾਹਿਬਾਨ ਦੀਆਂ ਹਿਦਾਇਤਾਂ ਨੂੰ ਪਿੱਠ ਦੇ ਕੇ ਸਿੱਖ ਕੌਮ ਨੂੰ ਰਿਸ਼ਟ ਪੁਸ਼ਟ ਰੱਖਣ ਲਈ ਹਿੰਦੂਤਵ ਕਰਮਕਾਂਡਾਂ ਅਧੀਨ ਪ੍ਰੌਗਰਾਮ ਲਾਗੂ ਕਰ ਰਹੇ ਹਨ। ਉਹਨਾਂ ਕਿਹਾ ਕਿ ਸੋਮਨਾਥ ਮੰਦਰ ਦੇ ਦਰਵਾਜੇ ਜੋ ਮੁਹੰਮਦ ਗੌਰੀ ਅਤੇ ਗਜਨਬੀ ਹਮਲੇ ਕਰਕੇ ਲੁੱਟ ਕੇ ਲੈ ਗਏ ਸਨ, ਸਿੱਖ ਕੌਮ ਨੇ ਉਹਨਾਂ ਦਰਵਾਜਿਆਂ ਨੂੰ ਵਾਪਿਸ ਲਿਆਂਦਾ ਜੋ ਕਿ ਸ਼੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਊਡੀ ਵਿਚ ਸੁਸ਼ੋਭਿਤ ਰਹੇ। ਲੇਕਿਨ ਹੁਣ ਸ਼੍ਰੀ ਮੱਕੜ ਅਤੇ ਬਾਦਲ ਨੇ ਇਹਨਾਂ ਦਰਵਾਜਿਆਂ ਨੂੰ ਉੱਥੋਂ ਮੰਦਭਾਵਨਾ ਅਧੀਨ ਹਟਾ ਦਿੱਤਾ ਹੈ। ਜਿਸ ਦਾ ਹਿਸਾਬ ਇਹਨਾਂ ਨੂੰ ਸਿੱਖ ਕੌਮ ਨੂੰ ਦੇਣਾ ਪਵੇਗਾ। ਉਹਨਾਂ ਕਿਹਾ ਕਿ ਸਿੱਖ ਕੌਮ ਇਕ ਅਕਾਲ ਪੁਰਖ , ਦਸ ਗੁਰੁ ਸਾਹਿਬਾਨ ਅਤੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਵਿਚ ਵਿਸ਼ਵਾਸ ਰੱਖਦੀ ਹੈ ਨਾਂ ਕਿ ਸੂਰਜ ਪੂਜਾ ਜਾਂ ਸਾਹਾਂ ਨੂੰ ਯੋਗੇ ਰਾਹੀਂ ਰੋਕ ਕੇ ਕਰਮਕਾਂਡੀ ਕਿਰਿਆਵਾਂ ਕਰਨ ਵਿਚ ਜੋ ਕਿ ਹਿੰਦੂ ਧਰਮ ਦਾ ਹਿੱਸਾ ਹਨ। ਸ. ਮਾਨ ਨੇ ਸਮੁੱਚੀ ਸਿੱਖ ਕੌਮ ਨੂੰ ਫਿਰਕੂ ਆਗੂਆਂ ਜੋ ਗੈਰ ਹਿੰਦੂਆਂ ਨੂੰ ਜਬਰੀ ਹਿੰਦੂ ਧਰਮ ਵਿਚ ਪਰਿਵਰਤਨ ਕਰਨ ਦੇ ਅਮਲ ਕਰ ਰਹੇ ਹਨ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਆਮਦ ‘ਤੇ ਮਜਬੂਤੀ ਨਾਲ ਜਮਹੂਰੀਅਤ ਅਤੇ ਅਮਨ ਮਈ ਤਰੀਕੇ ਇਹਨਾਂ ਤਾਕਤਾਂ ਦਾ ਵਿਰੋਧ ਕਰਨ ਅਤੇ ਉਹਨਾਂ ਦੇ ਫਿਰਕੂ ਪ੍ਰੌਗਰਾਮਾਂ ਵਿਚ ਸਾਥ ਦੇਣ ਵਾਲੇ ਅਖੌਤੀ ਅਕਾਲੀਆਂ ਦਾ ਵਿਰੋਧ ਕਰਨ ਦੀ ਅਪੀਲ ਵੀ ਕੀਤੀ।