ਵਾਸ਼ਿੰਗਟਨ – ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੀ ਰਿਪੋਰਟ ਅਨੁਸਾਰ ਭਾਰਤ ਵਿੱਚ 2014 ਵਿੱਚ ਧਰਮ ਤੇ ਆਧਾਰਿਤ ਹਿੰਸਾ ਸੱਭ ਤੋਂ ਵੱਡੀ ਮਾਨਵਅਧਿਕਾਰ ਸਮੱਸਿਆ ਬਣ ਕੇ ਸਾਹਮਣੇ ਆਈ ਹੈ। ਭਾਰਤ ਵਿੱਚ ਭ੍ਰਿਸ਼ਟਾਚਾਰ ਅਤੇ ਪੁਲਿਸ ਸੁਰੱਖਿਆਂ ਬਲਾਂ ਦੁਆਰਾ ਕੀਤਾ ਜਾਣ ਵਾਲਾ ਮਾੜਾ ਵਤੀਰਾ ਵੀ ਸਮੱਸਿਆ ਬਣ ਕੇ ਸਾਹਮਣੇ ਆਇਆ ਹੈ।
“ਕੰਟਰੀ ਰਿਪੋਰਟਸ ਆਨ ਹਿਊਮਨ ਰਾਈਟਸ ਪ੍ਰੈਕਟਿਸਿਸ ਫਾਰ 2014” ਦੇ ਲੰਬੇ ਚੌੜੇ ਇੰਡੀਆ ਸੈਕਸ਼ਨ ਵਿੱਚ ਕਈ ਮੁੱਦੇ ਉਠਾਏ ਗਏ ਹਨ।ਇਸ ਅਨੁਸਾਰ ਮਨਮਾਨੇ ਢੰਗ ਨਾਲ ਗ੍ਰਿਫ਼ਤਾਰੀ,ਗੁੰਮਸ਼ੁਦਗੀ, ਜੇਲ੍ਹਾਂ ਵਿੱਚ ਕੈਦੀਆਂ ਦੀ ਹਾਲਤ ਅਤੇ ਮੁਕੱਦਮੇ ਤੋਂ ਪਹਿਲਾਂ ਲੰਬੀ ਹਿਰਾਸਤ ਸਮੇਤ ਕਈਆਂ ਗਲਾਂ ਦਾ ਜਿਕਰ ਕੀਤਾ ਗਿਆ ਹੈ। ਰਿਪੋਰਟ ਮੁਤਾਬਿਕ ਅਦਾਲਤਾਂ ਵਿੱਚ ਪੁਰਾਣੇ ਕੇਸਾਂ ਦੇ ਢੇਰ ਲਗੇ ਹੋਏ ਹਨ। ਇਸ ਲਈ ਨਿਆਂ ਦੀ ਪ੍ਰਕਿਰਿਆ ਵਿੱਚ ਲੰਬਾ ਵਕਤ ਲਗਦਾ ਹੈ।
ਭ੍ਰਿਸ਼ਟਾਚਾਰ, ਦੁਰਾਚਾਰ, ਪ੍ਰਤਾੜਨਾ ਅਤੇ ਪੁਲਿਸ ਅਤੇ ਸੁਰੱਖਿਆ ਦਸਤਿਆਂ ਦਾ ਘਿਨੌਣਾ ਰਵਈਆ ਆਦਿ ਗੰਭੀਰ ਮਾਨਵਅਧਿਕਾਰ ਸਮੱਸਿਆਵਾਂ ਹਨ। ਇਸ ਰਿਪੋਰਟ ਵਿੱਚ ਇਹ ਵੀ ਜਿਕਰ ਕੀਤਾ ਗਿਆ ਹੈ ਕਿ ਘੱਟ ਗਿਣਤੀਆਂ ਦੇ ਪ੍ਰਤੀ ਪੁਲਿਸ ਦੀ ਸੋਚ ਸੰਪਰਦਾਇਕ ਅਤੇ ਪੱਖਪਾਤ ਕਰਨ ਵਾਲੀ ਹੈ।