ਪਟਿਆਲਾ – ਸਾਬਕਾ ਮੁੱਖਮੰਤਰੀ ਮਹਾਰਾਜਾ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਦਾ ਜਹਿਰ ਫੈਲਾਉਣ ਦੇ ਲਈ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਜਿੰਮੇਵਾਰ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲਾਂ ਵੱਲੋਂ ਕੀਤੇ ਗਏ ਗੁਨਾਹਾਂ ਦੇ ਲਈ ਪਛਤਾਵਾ ਕਰਨ ਦਾ ਸਮਾਂ ਨੇੜੇ ਆ ਰਿਹਾ ਹੈ। ਉਹ ਦਿਨ ਦੂਰ ਨਹੀਂ, ਜਦੋਂ ਦੋਵੇਂ ਬਾਦਲ ਬਚਣ ਦੇ ਲਈ ਜਗ੍ਹਾ ਢੂੰਢਣਗੇ, ਪਰ ਉਨ੍ਹਾਂ ਨੂੰ ਬਚਾਉਣ ਲਈ ਕੋਈ ਵੀ ਅੱਗੇ ਨਹੀਂ ਆਵੇਗਾ। ਉਨ੍ਹਾਂ ਨੇ ਰਾਜ ਵਿੱਚ ਵੱਧ ਰਹੇ ਨਸਿ਼ਆਂ ਸਬੰਧੀ ਭਾਜਪਾ ਦੀ ਚਿੰਤਾ ਨੂੰ ਸਹੀ ਦੱਸਿਆ।
ਪੰਜਾਬ ਸੀਮਾ ਤੇ ਸਮਗਲਰ ਹੋ ਕੇ ਆਉਣ ਵਾਲੇ ਹੀਰੋਇਨ ਵਰਗੇ ਨਸਿ਼ਆਂ ਦਾ ਏਨਾ ਨੁਕਸਾਨ ਨਹੀਂ ਹੋਇਆ,ਜਿੰਨ੍ਹਾਂ ਕਿ ਅਕਾਲੀਆਂ ਦੀ ਸ਼ਹਿ ਤੇ ਸਥਾਨਿਕ ਪੱਧਰ ਤੇ ਬਣਾਈ ਜਾਣ ਵਾਲੀ ਅਤੇ ਤਸਕਰੀ ਕੀਤੇ ਜਾਣ ਵਾਲੇ ਆਈਸ ਵਰਗੇ ਸਿੰਥੈਟਿਕ ਡਰੱਗ ਨਾਲ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਬਿਆਨ ਦੇ ਰਹੇ ਹਨ ਕਿ ਕਾਂਗਰਸ ਨੂੰ ਪੰਜਾਬ ਯਾਤਰਾ ਦੀ ਜਗ੍ਹਾ ਪਛਤਾਵਾ ਯਾਤਰਾ ਕੱਢਣੀ ਚਾਹੀਦੀ ਹੈ, ਜਦੋਂ ਕਿ ਪੂਰਾ ਪੰਜਾਬ ਜਾਣਦਾ ਹੈ ਕਿ ਕਿਸ ਨੂੰ ਲੋਕਾਂ ਦੇ ਸਾਹਮਣੇ ਪਛਤਾਵਾ ਕਰਨ ਦੀ ਜਰੂਰਤ ਹੈ ਅਤੇ ਕਿਸ ਨੇ ਲੋਕਾਂ ਨੂੰ ਧੋਖਾ ਦਿੱਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬਾਦਲਾਂ ਦੇ ਗੁਨਾਹ ਉਸ ਦਾ ਪਿੱਛਾ ਨਹੀਂ ਛੱਡਣਗੇ ਅਤੇ ਜਲਦੀ ਹੀ ਲੋਕਾਂ ਦੀ ਅਦਾਲਤ ਵਿੱਚ ਉਨ੍ਹਾਂ ਨੂੰ ਸਜ਼ਾ ਮਿਲੇਗੀ।