ਫਤਿਹਗੜ੍ਹ ਸਾਹਿਬ – “ਸੈਂਟਰ ਦੀ ਮੋਦੀ ਅਤੇ ਬੀਜੇਪੀ ਦੀ ਮੁਤੱਸਵੀ ਹਕੂਮਤ ਅਤੇ ਪਾਰਟੀ ਵੱਲੋਂ ਘੱਟ ਗਿਣਤੀ ਮੁਸਲਿਮ ਕੌਮ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਅਤੇ ਉਹਨਾਂ ਵਿਚ ਦਹਿਸ਼ਤ ਪੈਦਾ ਕਰਨ ਦੇ ਮੰਦਭਾਵਨਾ ਭਰੇ ਮਿਸ਼ਨ ਅਧੀਨ ਜੋ ਬੀਤੇ ਸਮੇਂ ਵਿਚ ਹਿੰਦ ਦਾ ਪਾਕਿਸਤਾਨ ਨਾਲ ਯੁੱਧ ਹੋਇਆ ਸੀ, ਉਸਦੀ ਪੰਜਾਹਵੀਂ ਵਰ੍ਹੇਗੰਢ ਮਨਾਉਣ ਦੀਆਂ ਕੀਤੀਆਂ ਜਾ ਰਹੀਆਂ ਤਿਆਰੀਆਂ ਹਿੰਦ ਵਿਚ ਵੱਸਣ ਵਾਲੀ ਮੁਸਲਿਮ ਕੌਮ ਵਿਰੁੱਧ ਨਫ਼ਰਤ ਪੈਦਾ ਕਰਨ ਵਾਲੀ ਅਤੇ ਪ੍ਰਮਾਣੂੰ ਜੰਗ ਨੂੰ ਸੱਦਾ ਦੇਣ ਵਾਲੀ ਅਤਿ ਖਤਰਨਾਕ ਅਤੇ ਮਨੁੱਖਤਾ ਦਾ ਅਜਾਈਂ ਖੁਨ ਵਹਾਉਣ ਵਾਲੀ ਕਾਰਵਾਈ ਹੈ। ਜਿਸ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਕੌਮ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੀ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਹਿੰਦ ਦੀ ਮੌਜੂਦਾ ਮੋਦੀ ਹਕੂਮਤ ਅਤੇ ਬੀਜੇਪੀ ਦੀ ਸੋਚ ਨੂੰ ਮਨੁੱਖਤਾ ਵਿਰੋਧੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਇਕ ਪਾਸੇ ਤਾਂ ਇਹ ਮੁਤੱਸਵੀ ਹੁਕਮਰਾਨ ਬਰਮਾ ਮੁਲਕ ਵਿਚ ਕੀਤੀ ਗਈ ਕਾਰਵਾਈ ਨੂੰ ਆਧਾਰ ਬਣਾ ਕੇ ਆਪਣੇ ਆਪ ਨੂੰ ਵੱਡੂ ਜੰਗਜੂ ਸਾਬਿਤ ਕਰਨ ਦੀ ਅਸਫ਼ਲ ਕੋਸਿ਼ਸ਼ ਕਰ ਰਹੇ ਹਨ। ਜਦੋਂ ਕਿ ਦੂਸਰੇ ਪਾਸੇ ਆਰ ਐਸ ਐਸ ਦੇ ਮੁੱਖੀ ਮੋਹਨ ਭਾਗਵਤ, ਅਮਿਤ ਸ਼ਾਹ, ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਵੱਡੀਆਂ ਖਰਚੀਲੀਆਂ ਜੈਡ ਸਿਕਿਉਰਿਟੀਆਂ ਪ੍ਰਾਪਤ ਕਰਕੇ ਆਪਣੇ ਅੰਦਰ ਛਿਪੇ ਬੈਠੇ ਡਰ ਨੂੰ ਵੀ ਜਾਹਰ ਕਰ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਅੱਜ ਹਿੰਦ ਦੇ ਹੁਕਮਰਾਨ ਹਿੰਦ-ਪਾਕਿਸਤਾਨ ਯੁੱਧ ਦੀ 50ਵੀਂ ਵਰ੍ਹੇਗੰਢ ਮਨਾਉਣ ਦੇ ਪ੍ਰੌਗਰਾਮ ਉਲੀਕਦੇ ਹਨ ਤਾਂ ਪਾਕਿਸਤਾਨ ਵੀ ਜੋ ਕਿ ਚੀਨ ਦਾ ਪੱਕਾ ਦੋਸਤ ਹੈ , ਉਹ ਵੀ 1962 ਦ ਜੰਗ ਦੀ ਵਰ੍ਹੇਗੰਢ ਮਨਾ ਕੇ ਆਪਣੀ ਤਾਕਤਵਰ ਹੋਂਦ ਨੂੰ ਕੌਮਾਂਤਰੀ ਪੱਧਰ ਉਤੇ ਉਜਾਗਰ ਕਰਨ ਤੋਂ ਨਹੀਂ ਝਿਜਕੇਗਾ ਅਤੇ ਇਹਨਾਂ ਦੀ ਕਿਸੇ ਤਰ੍ਹਾਂ ਦੀ ਵੀ ਧੌਂਸ ਨੂੰ ਸਹਿਨ ਨਹੀਂ ਕਰੇਗਾ। ਜਿਸ ਦਾ ਨਤੀਜਾ ਪ੍ਰਮਾਣੂੰ ਜੰਗ ਨੂੰ ਬੁਲਾਵਾ ਦੇਣ ਵਾਲਾ ਹੈ। ਜਦੋਂ ਇਥੋਂ ਦੇ ਮੁਤੱਸਵੀ ਹੁਕਮਰਾਨਾਂ ਨੂੰ ਇਹ ਜਾਣਕਾਰੀ ਹੈ ਕਿ ਆਈ.ਪੀ.ਕੇ.ਐਫ. ਨੂੰ ਦੁਸ਼ਮਣਾਂ ਨੇ ਲੰਕਾ ਵਿੱਚੋਂ ਭਜਾਇਆ ਸੀ, ਤਾਂ ਫਿਰ ਅਜਿਹੀਆਂ ਨਫ਼ਰਤ ਪੈਦਾ ਕਰਨ ਵਾਲੀਆਂ ਹਰਕਤਾਂ ਕਿਉਂ ਕੀਤੀਆਂ ਜਾ ਰਹੀਆਂ ਹਨ? ਫਿਰ 2008 ਵਿਚ ਮਾਲਾਗਾਓਂ ਵਿਖੇ ਇਹਨਾਂ ਮੁਤੱਸਵੀ ਹੁਕਮਰਾਨਾ ਦੀ ਸਰਪ੍ਰਸਤੀ ਹਾਸਿਲ ਪ੍ਰੀਗਿਆ ਸਿੰਘ ਠਾਕੁਰ, ਕਰਨਲ ਪ੍ਰੋਹਿਤ ਅਤੇ ਇਕ ਸਵਾਮੀ ਵੱਲੋਂ ਸਾਜਿਸ਼ੀ ਢੰਗ ਨਾਲ ਕੀਤੇ ਗਏ ਵਿਸਫੋਟ ਦੀ ਜੋ ਤਫ਼ਤੀਸ਼ ਚੱਲ ਰਹੀ ਹੈ ਅਤੇ ਸੰਬੰਧਤ ਸਰਕਾਰੀ ਵਕੀਲ ਨੂੰ ਇਸ ਪ੍ਰੀਕਿਰਿਆ ਨੂੰ ਹੌਲੀ ਹੌਲੀ ਕਰਨ ਦੇ ਇਹਨਾਂ ਵੱਲੋਂ ਆਦੇਸ਼ ਦਿੱਤੇ ਗਏ ਹਨ, ਜਿਸ ਤੋਂ ਸਾਬਿਤ ਹੋ ਜਾਂਦਾ ਹੈ ਕਿ ਮਾਲਾਗਾਓਂ ਅਤੇ ਹੋਰ ਕਈ ਮੁਸਲਿਮ ਕੌਮ ਵਿਰੁੱਧ ਬੀਤੇ ਸਮੇਂ ਵਿਚ ਕੀਤੇ ਗਏ ਬੰਬ ਵਿਸਫੋਟ ਇਹਨਾਂ ਦੀਆਂ ਸਾਜਿਸ਼ਾਂ ਦਾ ਹਿੱਸਾ ਹਨ। ਤਾਂ ਹੁਣ ਉਸ ਘੱਟ ਗਿਣਤੀ ਕੌਮ ਵਿਰੁੱਧ ਨਫ਼ਰਤ ਪੈਦਾ ਕਰਨ ਲਈ ਮਨਾਈ ਜਾ ਰਹੀ 50ਵੀਂ ਵਰ੍ਹੇਗੰਢ ਵੀ ਘੱਟ ਗਿਣਤੀ ਮੁਸਲਿਮ ਕੌਮ ਅਤੇ ਗਵਾਂਢੀ ਮੁਲਕ ਪਾਕਿਸਤਾਨ ਨੂੰ ਭੜਕਾਉਣ ਵਾਲੀ ਹੈ। ਜਿਸ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੁਰਜੋਰ ਨਿੰਦਾ ਕਰਦਾਹੋਇਆ ਮੋਜੂਦਾ ਮੋਦੀ ਹਕੂਮਤ ਅਤੇ ਮੁਤੱਸਵੀ ਸੰਗਠਨਾਂ ਨੂੰ ਖਬਰਦਾਰ ਕਰਦਾ ਹੈ ਕਿ ਅਜਿਹੇ ਪ੍ਰੋਗਰਾਮ ਉਲੀਕ ਕੇ ਘੱਟ ਗਿਣਤੀ ਅਤੇ ਬਹੁ ਗਿਣਤੀ ਕੌਮਾਂ ਵਿਚ ਨਫ਼ਰਤ ਪੈਦਾ ਕਰਨ ਦੀਆਂ ਕਾਰਵਾਈਆਂ ਤੁਰੰਤ ਬੰਦ ਕਰਨ। ਕਿਉਂਕਿ ਇਹਨਾਂ ਹੁਕਮਰਾਨਾ ਦਾ ਮਖੌਟਾ ਚੜ੍ਹਾਇਆ ਖੁੰਖਾਰ ਚਿਹਰਾ ਕੌਮਾਂਤਰੀ ਪੱਧਰ ‘ਤੇ ਬੇਨਕਾਬ ਹੋ ਚੁੱਕਾ ਹੈ ਅਤੇ ਉਹ ਆਪਣੇ ਇਸ ਮੰਦਭਾਵਨਾ ਭਰੇ ਮਿਸ਼ਨ ਵਿਚ ਕਤਈ ਕਾਮਯਾਬ ਨਹੀਂ ਹੋ ਸਕਣਗੇ।