ਅੰਮ੍ਰਿਤਸਰ : ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਤਰਾਖੰਡ ਵਿਖੇ ਗੋਬਿੰਦ ਧਾਮ, ਸ੍ਰੀ ਹੇਮਕੁੰਟ ਸਾਹਿਬ, ਜੋਸ਼ੀ ਮੱਠ ਅਤੇ ਵੱਖ-ਵੱਖ ਇਲਾਕਿਆਂ ਵਿਚ ਫਸੀਆਂ ਸੰਗਤਾਂ ਲਈ ਰਾਹਤ ਸਮੱਗਰੀ ਭੇਜੀ ਗਈ। ਇਸ ਰਾਹਤ ਸਮੱਗਰੀ ਵਿੱਚ ਆਟਾ, ਦਾਲਾਂ, ਸੁੱਕਾ ਦੁੱਧ, ਖੰਡ, ਪੱਤੀ, ਚੌਲ, ਦੇਸੀ ਘਿਓ, ਰੀਫਾਇੰਡ, ਪਿਆਜ, ਅਦਰਕ, ਲਸਣ , ਮਿਰਚ- ਮਸਾਲੇ ਅਤੇ ਹੋਰ ਲੋੜੀਂਦਾ ਸਮਾਨ ਭੇਜਿਆ ਗਿਆ। ਸ੍ਰ: ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਨਿਰਦੇਸ਼ਾਂ ਤੇ ਤੁਰੰਤ ਅਮਲ ਕਰਦਿਆਂ ਇਹ ਰਸਦ ਸ੍ਰੀ ਗੁਰੂ ਰਾਮਦਾਸ ਲੰਗਰ ਤੋਂ ਭੇਜੀ। ਜਥੇਦਾਰ ਅਵਤਾਰ ਸਿੰਘ ਨੇ ਦਫ਼ਤਰ ਤੋਂ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਗੁਰੂ ਸਾਹਿਬਾਨ ਵੱਲੋਂ ਦੱਸੇ ਸੇਵਾ ਦੇ ਸਿਧਾਂਤ ਤੇ ਚੱਲਦਿਆਂ ਦੇਸ਼ ਵਿੱਚ ਆਉਣ ਵਾਲੀ ਹਰ ਕੁਦਰਤੀ ਆਫ਼ਤ ਸਮੇਂ ਬਿਨਾਂ ਕਿਸੇ ਭੇਦ ਭਾਵ ਦੇ ਸੇਵਾ ਕਰਦੀ ਰਹੀ ਹੈ। ਇਸ ਵਾਰ ਪਿਛਲੇ ਦੋ ਦਿਨਾਂ ਤੋਂ ਉੱਤਰਾਖੰਡ ਦੇ ਗੋਬਿੰਦ ਧਾਮ, ਸ੍ਰੀ ਹੇਮਕੁੰਟ ਸਾਹਿਬ ਤੇ ਹੋਰ ਇਲਾਕਿਆਂ ਵਿੱਚ ਹੋਈ ਭਾਰੀ ਬਾਰਸ਼ ਕਾਰਣ ਪੁੱਲ ਟੁੱਟ ਜਾਣ ਅਤੇ ਸੜਕ ਮਾਰਗ ਬੰਦ ਹੋਣ ਕਾਰਣ ਓਥੇ ਫਸੀਆਂ ਸੰਗਤਾਂ ਲਈ ਸੁੱਕੀ ਰਸਦ ਭੇਜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਰਸਦ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਟੀਮ ਜਿਸ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੀਤ ਮੈਨੇਜਰ ਸ੍ਰ: ਹਰਪ੍ਰੀਤ ਸਿੰਘ, ਸ੍ਰ: ਬਲਵਿੰਦਰ ਸਿੰਘ ਗੁਰਦੁਆਰਾ ਇੰਸਪੈਕਟਰ ਤੇ ਸ੍ਰ: ਹਰਭਿੰਦਰ ਸਿੰਘ ਇੰਚਾਰਜ ਲੰਗਰ ਅਤੇ ਹੋਰ ਸਟਾਫ਼ ਨਾਲ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਟੀਮ ਜੋਸ਼ੀ ਮੱਠ ਵਿਖੇ ਕੈਂਪ ਲਗਾ ਕੇ ਲੰਗਰ ਤਿਆਰ ਕਰਕੇ ਬਿਨਾ ਕਿਸੇ ਭੇਦ ਭਾਵ ਦੇ ਸਰਬੱਤ ਸੰਗਤਾਂ ਨੂੰ ਛਕਾਏਗੀ । ਉਨ੍ਹਾਂ ਕਿਹਾ ਕਿ ਇਹ ਟੀਮ ਓਥੇ ਜਾ ਕੇ ਸਾਰੀ ਸਥਿਤੀ ਦਾ ਜਾਇਜਾ ਲੈ ਕੇ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਆਪਣੀ ਰੀਪੋਰਟ ਭੇਜੇਗੀ। ਇਸ ਉਪਰੰਤ ਲੋੜ ਅਨੁਸਾਰ ਜੇ ਓਥੇ ਫਸੀਆਂ ਸੰਗਤਾਂ ਲਈ ਬੱਸਾਂ ਦਾ ਪ੍ਰਬੰਧ ਕਰਨਾ ਪਵੇ, ਡਾਕਟਰੀ ਸਹਾਇਤਾ ਹੋਵੇ ਜਾਂ ਫਿਰ ਹੋਰ ਕੈਂਪ ਲਗਾ ਕੇ ਲੰਗਰ ਦਾ ਪ੍ਰਬੰਧ ਹੋਵੇ ਸ਼੍ਰੋਮਣੀ ਕਮੇਟੀ ਵੱਲੋਂ ਹਰ ਤਰ੍ਹਾਂ ਨਾਲ ਸੰਗਤਾਂ ਦੀ ਲੋੜ ਅਨੁਸਾਰ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਲੋੜ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਹੋਰ ਟੀਮਾਂ ਵੀ ਭੇਜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸਦਾ ਹੀ ਕੁਦਰਤੀ ਆਫ਼ਤਾਂ ਸਮੇਂ ਧਰਮ-ਕਰਮ ਅਨੁਸਾਰ ਲੋਕਾਂ ਦੀ ਸੇਵਾ ਕੀਤੀ ਹੈ। ਫਿਰ ਚਾਹੇ ਗੁਜਰਾਤ ਅਤੇ ਨੇਪਾਲ ਦੇ ਭੂਚਾਲ, ਅੰਡੇਮਾਨ-ਨਿੱਕੋਬਾਰ ਦੀ ਸੁਨਾਮੀ ਜਾਂ ਜੰਮੂ-ਕਸ਼ਮੀਰ ਵਿੱਚ ਆਏ ਭਿਆਨਕ ਹੜ੍ਹ ਹੋਣ, ਇਹ ਸੰਸਥਾ ਸਦਾ ਹੀ ਤੱਤਪਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਲੇਹ ਲਦਾਖ ਅਤੇ ਉੱਤਰਾਖੰਡ ਵਿੱਚ ਬੱਦਲ ਫਟਣ ਕਾਰਣ ਹੋਏ ਨੁਕਸਾਨ ਸਮੇਂ ਸ਼੍ਰੋਮਣੀ ਕਮੇਟੀ ਨੇ ਵੱਧ ਚੜ੍ਹਕੇ ਸਹਾਇਤਾ ਕੀਤੀ ਸੀ ਅਤੇ ਹੁਣ ਵੀ ਪਹਿਲ ਦੇ ਅਧਾਰ ਤੇ ਓਥੇ ਟੀਮ ਭੇਜ ਕੇ ਬਾਰਸ਼ ਵਿੱਚ ਫਸੇ ਲੋਕਾਂ ਲਈ ਲੰਗਰ ਦੀ ਰਸਦ ਭੇਜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੇਰੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਜੋਦੜੀ ਹੈ ਕਿ ਉਹ ਉੱਤਰਾਖੰਡ ਦੇ ਵੱਖ-ਵੱਖ ਇਲਾਕਿਆਂ ਵਿਚ ਫਸੀਆਂ ਸੰਗਤਾਂ ਦੇ ਅੰਗ-ਸੰਗ ਸਹਾਈ ਹੋਣ ਅਤੇ ਹਰ ਕੋਈ ਸਖ਼ਸ਼ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਆਪਣੇ ਘਰ ਸਹੀ ਸਲਾਮਤ ਪਰਤੇ।
ਇਸ ਮੌਕੇ ਸ੍ਰ: ਜਤਿੰਦਰ ਸਿੰਘ ਅਤੇ ਸ੍ਰ: ਬਘੇਲ ਸਿੰਘ ਵਧੀਕ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸਟਾਫ਼ ਹਾਜ਼ਰ ਸੀ।