ਏਥਨਜ਼ – ਗਰੀਸ ਦੇ ਪ੍ਰਧਾਨਮੰਤਰੀ ਐਲਿਕਸਸ ਤਸੀਪਰਸ ਨੇ ਸੋਮਵਾਰ ਨੂੰ ਸਾਰੇ ਬੈਂਕ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਗਰੀਸ ਸਰਕਾਰ ਨੇ ਏਟੀਐਮ ਮਸ਼ੀਨਾਂ ਤੋਂ ਪੈਸੇ ਕਢਵਾਉਣ ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਹਫ਼ਤਾਭਰ ਬੈਂਕਾਂ ਦਾ ਕੰਮਕਾਰ ਠੱਪ ਰਹੇਗਾ।
ਗਰੀਸ ਦੇ ਲੋਕ ਪਹਿਲਾਂ ਤੋਂ ਲਈ ਗਈ ਮਨਜੂਰੀ ਤੋਂ ਬਿਨਾਂ ਦੇਸ਼ ਤੋਂ ਬਾਹਰ ਆਪਣਾ ਪੈਸਾ ਨਹੀਂ ਭੇਜ ਸਕਣਗੇ। ਯੌਰਪੀ ਸੈਂਟਰਲ ਬੈਂਕ ਨੇ ਗਰੀਸ ਦੀ ਬੈਂਕਿੰਗ ਪਰਣਾਲੀ ਦੇ ਲਈ ਹੋਰ ਸਹਾਇਤਾ ਨਹੀਂ ਦੇਣ ਦਾ ਫੈਂਸਲਾ ਕੀਤਾ ਹੈ। ਗਰੀਸ ਅਤੇ ਯੂਰੋਜ਼ੋਨ ਦੇ ਦਰਮਿਆਨ ਗੱਲਬਾਤ ਅਸਫਲ ਹੋ ਜਾਣ ਤੋਂ ਬਾਅਦ ਈਸੀਬੀ ਨੇ ਇਹ ਫੈਂਸਲਾ ਲਿਆ ਸੀ। ਈਸੀਬੀ ਦੀ ਇਸ ਘੋਸ਼ਣਾ ਤੋਂ ਬਾਅਦ ਗਰੀਸ ਦੇ ਬੈਂਕਾਂ ਤੇ ਦਬਾਅ ਹੋਰ ਵੱਧ ਗਿਆ ਹੈ। ਗਰੀਸ ਦੇ ਬੈਂਕ ਜੋ ਪਹਿਲਾਂ ਤੋਂ ਹੀ ਕੇਂਦਰੀ ਬੈਂਕ ਤੇ ਨਿਰਭਰ ਸਨ, ਉਥੇ ਪੈਸਾ ਕਢਵਾਉਣ ਵਾਲੇ ਚਿੰਤਿਤ ਗਾਹਕਾਂ ਦੀਆਂ ਲਾਈਨਾਂ ਲਗੀਆਂ ਹੋਈਆਂ ਹਨ। ਲੋਕਾਂ ਨੂੰ ਡਰ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਹੀ ਪੈਸੇ ਕਢਵਾਉਣ ਤੋਂ ਰੋਕ ਦਿੱਤਾ ਜਾਵੇਗਾ ਜਾਂ ਫਿਰ ਉਨ੍ਹਾਂ ਦੀ ਯੂਰੋ ਮੁਦਰਾ ਨੂੰ ਗਰੀਕ ਦੀ ਕਰੰਸੀ ਵਿੱਚ ਬਦਲ ਦਿੱਤਾ ਜਾਵੇਗਾ ਜਿਸ ਦੀ ਕੋਈ ਕੀਮਤ ਨਹੀਂ ਰਹਿ ਜਾਵੇਗੀ।
ਗਰੀਸ ਨੇ ਮੰਗਲਵਾਰ ਤੱਕ ਇੱਕ ਵੱਡਾ ਭੁਗਤਾਨ ਕਰਨਾ ਹੈ ਅਤੇ ਭੁਗਤਾਨ ਦੀ ਮਿਆਦ ਸਮਾਪਤ ਹੋ ਜਾਣ ਤੋਂ ਬਾਅਦ ਗਰੀਸ ਦੀਵਾਲੀਆ ਹੋ ਜਾਣ ਦੇ ਕੰਢੇ ਤੇ ਹੈ। ਗਰੀਸ ਦੇ ਪ੍ਰਧਾਨਮੰਤਰੀ ਨੇ ਟੀਵੀ ਤੇ ਦਿੱਤੇ ਆਪਣੇ ਭਾਸ਼ਣ ਵਿੱਚ ਦੇਸ਼ ਦੀ ਜਨਤਾ ਨੂੰ ਸ਼ਾਤੀ ਬਣਾਏ ਰੱਖਣ ਦੀ ਅਪੀਲ ਕਰਦੇ ਹੋਏ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਪੈਸੇ, ਵੇਤਨ ਅਤੇ ਪੈਨਸ਼ਨ ਸੁਰੱਖਿਅਤ ਹੈ।