ਭਾਰਤ ਅਤੇ ਆਸਟ੍ਰੇਲੀਆ ਦੌਰਾਨ ਬੈਲਜੀਅਮ ਵਿਖੇ ਖੇਡੇ ਗਏ ਇਕ ਮੈਚ ਵਿਚ ਭਾਰਤ ਨੂੰ ਜ਼ਬਰਦਸਤ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲੀਆਈ ਟੀਮ ਨੇ ਇਹ ਜਿੱਤ 6-2 ਗੋਲਾਂ ਨਾਲ ਹਾਸਲ ਕੀਤੀ।
ਖੇਡ ਦੇ ਅੱਠਵੇਂ ਮਿੰਟ ਜ਼ਾਲੇਵਸਕੀ ਦੇ ਗੋਲ ਨਾਲ ਆਸਟ੍ਰੇਲੀਆਈ ਟੀਮ 1-0 ਨਾਲ ਅੱਗੇ ਹੋ ਗਈ। ਇਸਤੋਂ ਬਾਅਦ 14ਵੇਂ ਮਿੰਟ ਵਿਚ ਜੇਮੀ ਡਵਾਇਰ ਅਤੇ 26ਵੇਂ ਮਿੰਟ ਵਿਚ ਕ੍ਰਿਸ ਸਿਰੀਲੋ ਨੇ ਗੋਲ ਕਰਕੇ ਹਾਫ਼ ਟਾਈਮ ਤੱਕ ਟੀਮ ਦਾ ਸਕੋਰ 3-0 ਕਰ ਲਿਆ।
ਦੂਜੇ ਹਾਫ਼ ਵਿਚ ਵੀ ਆਸਟ੍ਰੇਲੀਆ ਦੀ ਟੀਮ ਲਗਾਤਾਰ ਹਮਲੇ ਕਰਦੀ ਰਹੀ ਜਿਸਦੇ ਨਤੀਜੇ ਵਜੋਂ ਕ੍ਰਿਸ ਸਿਰੀਲੋ ਨੇ 33ਵੇਂ ਮਿੰਟ ਵਿਚ ਇਕ ਹੋਰ ਗੋਲ ਕਰਕੇ ਟੀਮ ਦੀ ਸਥਿਤੀ ਮਜ਼ਬੂਤ ਕਰ ਲਈ। ਇਸਤੋਂ ਬਾਅਦ ਭਾਰਤੀ ਟੀਮ ਦੇ ਬਰਿੰਦਰ ਲਾਕੜਾ ਨੇ ਪੈਨਲਟੀ ਕਾਰਨਰ ਨਾਲ ਗੋਲ ਕਰਕੇ ਟੀਮ ਦਾ ਸਕੋਰ 1-4 ਕਰ ਲਿਆ। ਇਸਤੋਂ ਬਾਅਦ ਫਿਰ ਆਸਟ੍ਰੇਲੀਆਈ ਟੀਮ ਨੇ ਹਮਲਿਆਂ ਦੀ ਝੜੀ ਲਾ ਦਿੱਤੀ ਅਤੇ ਕੀਰੇਨ ਗੋਵਰਸ ਨੇ 42ਵੇਂ ਤੇ ਕ੍ਰਿਸ ਸਿਰੀਲੋ ਨੇ 44ਵੇਂ ਮਿੰਟ ਵਿਚ ਗੋਲ ਕਰਕੇ ਭਾਰਤ ਨੂੰ 1-6 ਨਾਲ ਪਛਾੜ ਦਿੱਤਾ। ਅੰਤ ਵਿਚ ਭਾਰਤੀ ਖਿਡਾਰੀ ਰਮਨਦੀਪ ਸਿੰਘ ਨੇ ਇਕ ਹੋਰ ਗੋਲ ਕਰਕੇ ਸਕੋਰ 2-6 ਨਾਲ ਕਰ ਲਿਆ। ਹਾਕੀ ਵਿਸ਼ਵ ਲੀਗ ਵਿਚ ਭਾਰਤੀ ਟੀਮ ਦੀ ਇਹ ਪਹਿਲੀ ਹਾਰ ਹੈ।