ਐਂਟਵਰਪ: ਇਥੇ ਖੇਡੇ ਗਏ ਇਕ ਰੋਮਾਂਚਕ ਮੈਚ ਦੌਰਾਨ ਭਾਰਤੀ ਹਾਕੀ ਟੀਮ ਨੇ ਮਲੇਸ਼ੀਆ ਦੀ ਟੀਮ ਨੂੰ 3-2 ਗੋਲਾਂ ਨਾਲ ਹਰਾਕੇ ਹਾਕੀ ਵਰਲਡ ਲੀਗ ਦੇ ਸੈਮੀਫਾਈਨਲ ਵਿਚ ਥਾਂ ਪੱਕੀ ਕਰ ਲਈ। ਇਸ ਮੈਚ ਨੂੰ ਜਿੱਤਣ ਲਈ ਜਸਜੀਤ ਸਿੰਘ ਨੇ ਦੋ ਗੋਲਾਂ ਦਾ ਯੋਗਦਾਨ ਪਾਇਆ।
ਪਹਿਲੇ ਤਿੰਨ ਕਵਾਰਟਰਜ਼ ਦੌਰਾਨ ਭਾਰਤੀ 1-2 ਗੋਲਾਂ ਨਾਲ ਪਿਛੇ ਚਲ ਰਹੀ ਸੀ, ਲੇਕਨ ਅੰਤਮ ਕਵਾਰਟਰ ਦੌਰਾਨ ਭਾਰਤੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸ਼ਾਨਦਾਰ ਵਾਪਸੀ ਕੀਤੀ ਅਤੇ 3-2 ਨਾਲ ਹਾਸਲ ਜਿੱਤ ਕਰ ਲਈ। ਅੰਤਮ ਕਵਾਰਟਰ ਵਿਚ ਜਸਜੀਤ ਨੇ ਪੈਨਲਟੀ ਕਾਰਨਰ ਦੀ ਬਦੌਲਤ 2 ਗੋਲ ਕੀਤੇ ਅਤੇ ਭਾਰਤੀ ਟੀਮ ਨੂੰ ਸੈਮੀਫਾਈਨਲ ਵਿਚ ਪਹੁੰਚਾ ਦਿੱਤਾ। ਉਸਨੇ ਇਹ ਗੋਲ 48ਵੇਂ ਅਤੇ 55ਵੇਂ ਮਿੰਟ ਵਿਚ ਕੀਤੇ।
ਖੇਡ ਦੇ ਪਹਿਲੇ ਕਵਾਰਟਰ ਦੌਰਾਨ ਭਾਰਤੀ ਟੀਮ ਦੇ ਸਤਬੀਰ ਸਿੰਘ ਨੇ ਤੀਸਰੇ ਮਿੰਟ ਵਿਚ ਗੋਲ ਕਰਕੇ ਭਾਰਤੀ ਟੀਮ ਨੂੰ 1-0 ਨਾਲ ਅੱਗੇ ਕਰ ਲਿਆ। ਇਸਤੋਂ ਬਾਅਦ ਮਲੇਸ਼ੀਆਈ ਟੀਮ ਦੇ ਰਹੀਮ ਨੇ ਗੋਲ ਕਰਕੇ ਖੇਡ ਬਰਾਬਰੀ ‘ਤੇ ਲਿਆ ਖੜੀ ਕੀਤੀ ਅਤੇ ਕਵਾਰਟਰ ਦੇ 23ਵੇਂ ਮਿੰਟ ਵਿਚ ਸ਼ਾਹਰੀਲ ਸੁੱਬਾਹ ਨੇ ਗੋਲ ਕਰਕੇ ਟੀਮ ਨੂੰ ਲੀਡ ਦਿਵਾ ਦਿੱਤੀ। ਚੌਥੇ ਕਵਾਰਟਰ ਵਿਚ ਕੀਤੇ ਗਏ ਜਸਜੀਤ ਦੇ 2 ਗੋਲਾਂ ਨੇ ਭਾਰਤੀ ਟੀਮ ਨੂੰ 3-2 ਨਾਲ ਜਿੱਤ ਦਿਵਾ ਦਿੱਤੀ ਅਤੇ ਇੰਜ ਭਾਰਤੀ ਟੀਮ ਸੈਮੀਫਾਈਨਲ ਵਿਚ ਪਹੁੰਚ ਗਈ।
ਇਕ ਹੋਰ ਮੈਚ ਦੌਰਾਨ ਇੰਗਲੈਂਡ ਦੀ ਟੀਮ ਨੇ ਪਾਕਿਸਤਾਨ ਦੀ ਟੀਮ ਨੂੰ 2-1 ਨਾਲ ਹਰਾ ਦਿੱਤਾ ਅਤੇ ਸੈਮੀਫਾਈਨਲ ਵਿਚ ਥਾਂ ਬਣਾ ਲਈ। ਇੰਗਲੈਂਡ ਦਾ ਮੁਕਾਬਲਾ ਸ਼ੁਕਰਵਾਰ ਨੂੰ ਵਿਸ਼ਵ ਕੱਪ ਜੇਤੂ ਆਸਟ੍ਰੇਲੀਆ ਦੀ ਟੀਮ ਨਾਲ ਹੋਵੇਗਾ।