ਬੀਜਿੰਗ : ਭਾਰਤ ਵੱਲੋਂ ਚੀਨ ਦੁਆਰਾ ਪਾਕਿਸਤਾਨ ਦੀ ਬੰਦਰਗਾਹ ਕਰਾਚੀ ਤੱਕ ਉਸ ਦੇ ਪਣਡੁੱਬੀਆਂ ਲੈਕੇ ਜਾਣ ਤੇ ਇਤਰਾਜ਼ ਪ੍ਰਗਟ ਕੀਤਾ ਗਿਆ ਸੀ।ਚੀਨ ਨੇ ਹੁਣ ਭਾਰਤ ਤੇ ਹੀ ਉਲਟਾ ਵਾਰ ਕਰਦੇ ਹੋਏ ਹਿੰਦ ਮਹਾਂਸਾਗਰ ਵਿੱਚ ਉਸ ਦੀਆਂ ਗਤੀਵਿਧੀਆਂ ਬਾਰੇ ਚਿਤਾਵਨੀ ਦੇ ਦਿੱਤੀ ਹੈ।
ਚੀਨ ਦੀ ਪੀਪਲਜ਼ ਲਿਬਰੇਸ਼ਨ ਦੇ ਨੇਵੀ ਅਫ਼ਸਰਾਂ ਨੇ ਕਿਹਾ ਹੈ ਕਿ ਭਾਰਤ ਹਿੰਦ ਮਹਾਂਸਾਗਰ ਦੇ ਅੰਤਰਰਾਸ਼ਟਰੀ ਜਲ ਨੂੰ ਆਪਣੇ ਘਰ ਦਾ ਵਿਹੜਾ ਨਾਂ ਸਮਝੇ। ਜਿਕਰਯੋਗ ਹੈ ਕਿ ਚੀਨ ਨੇ ਹਾਲ ਹੀ ਵਿੱਚ ਆਪਣੀਆਂ ਪਣਡੁੱਬੀਆਂ ਕਰਾਚੀ ਤੱਕ ਪਹੁੰਚਾਈਆਂ ਸਨ। ਭਾਰਤ ਨੇ ਇਸ ਤੇ ਰੋਸ ਜਾਹਿਰ ਕੀਤਾ ਸੀ। ਚੀਨ ਦਾ ਕਹਿਣਾ ਹੈ ਕਿ ਇਨ੍ਹਾਂ ਗਤੀਵਿਧੀਆਂ ਪਿੱਛੇ ਉਸ ਦਾ ਮਕਸਦ ਵਪਾਰ ਅਤੇ ਸੁਰੱਖਿਆ ਨੂੰ ਉਨਤ ਕਰਨਾ ਹੈ। ਉਹ ਭਾਰਤ ਨੂੰ ਨਿਸ਼ਾਨਾ ਬਣਾਉਣਾ ਨਹੀਂ ਚਾਹੁੰਦਾ।
ਚੀਨੀ ਸੈਨਾ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਮਾਮਲਿਆਂ ਸਬੰਧੀ ਆਉਣ ਵਾਲੇ ਸਮੇਂ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਮੱਤਭੇਦਾਂ ਅਤੇ ਟਕਰਾਅ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਚੀਨ ਦੇ ਰਾਸ਼ਟਰੀ ਡੀਫੈਂਸ ਅਕੈਡਮੀ ਦੇ ਐਸੋਸੀਏਟ ਪ੍ਰੌਫੈਸਰ ਸੀਨੀਅਰ ਕੈਪਟਨ ਝਾਓ ਨੇ ਕਿਹਾ, ‘ਇਸ ਤੇ ਟਕਰਾਅ ਦੀ ਸਥਿਤੀ ਵੀ ਬਣ ਸਕਦੀ ਹੈ।’ ਝਾਓ ਨੇ ਇਹ ਵੀ ਕਿਹਾ ਕਿ ਅਮਰੀਕਾ ਅਤੇ ਰੂਸ ਵਰਗੇ ਦੇਸ਼ਾਂ ਦੇ ਨਾਲ ਅਕਸਰ ਭਾਰਤ ਹਿੰਦ ਮਹਾਂਸਾਗਰ ਵਿੱਚ ਸੰਯੁਕਤ ਅਭਿਆਸ ਕਰ ਸਕਦਾ ਹੈ ਤਾਂ ਫਿਰ ਚੀਨ ਤੇ ਸਵਾਲ ਉਠਾਉਣੇ ਗਲਤ ਹਨ।