ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪੌਦਾ ਰੋਗ ਵਿਗਿਆਨ ਵਿਭਾਗ ਵੱਲੋਂ ਪਲਾਂਟ ਪਥਾਲੋਜੀ ਅਲੂਮਨੀ ਮੈਡਲ ਸਥਾਪਿਤ ਕੀਤਾ ਗਿਆ ਹੈ । ਇਹ ਉਪਰਾਲਾ ਵਿਭਾਗ ਦੇ ਮੌਜੂਦਾ ਮੁਖੀ ਡਾ. ਪਰਵਿੰਦਰ ਸਿੰਘ ਸੇਖੋਂ ਅਤੇ ਹੋਰ ਸਾਬਕਾ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਹੈ । ਇਸ ਅਵਾਰਡ ਤਹਿਤ ਜੇਤੂ ਵਿਦਿਆਰਥੀਆਂ ਨੂੰ 25,000 ਰੁਪਏ ਦੀ ਨਕਦ ਰਾਸ਼ੀ, ਪ੍ਰਸ਼ੰਸਾ ਪੱਤਰ ਅਤੇ ਮੈਡਲ ਪ੍ਰਦਾਨ ਕੀਤਾ ਜਾਵੇਗਾ । ਉਹਨਾਂ ਦੱਸਿਆ ਕਿ ਜੋ ਐਮ ਐਸ ਸੀ ਵਿਦਿਆਰਥੀਆਂ ਵਿੱਦਿਅਕ ਪ੍ਰੋਗਰਾਮਾਂ ਅਤੇ ਖੋਜ ਵਿੱਚ ਚੰਗੇਰੀ ਕਾਰਜਗੁਜ਼ਾਰੀ ਕਰੇਗਾ ਉਸਨੂੰ ਗੋਲਡ ਮੈਡਲ ਦਿੱਤਾ ਜਾਵੇਗਾ । ਇਸ ਸਥਾਪਿਤ ਮੈਡਲ ਦੇ ਲਈ ਇਨਾਮੀ ਰਾਸ਼ੀ ਦੇ ਵਿੱਚ ਯੋਗਦਾਨ ਆਸਟਰੇਲੀਆ ਦੀ ਫੈਡਰਲ ਗੌਰਮਿੰਟ ਵਿੱਚ ਸੇਵਾਵਾਂ ਨਿਭਾ ਰਹੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਡਾ. ਐਚ ਐਸ ਢੀਂਡਸਾ, ਬਰੈਪਟਨ ਤੋਂ ਫਰੀਦਕੋਟ ਸਾਬਕਾ ਮੁੱਖ ਖੇਤੀਬਾੜੀ ਅਫ਼ਸਰ ਡਾ. ਜੇ ਐਸ ਸੇਖੋਂ, ਸਿਡਨੀ ਯੂਨੀਵਰਸਿਟੀ ਤੋਂ ਡਾ. ਐਚ ਐਸ ਬਰਿਆਨਾ ਅਤੇ ਡਾ. ਪਰਵਿੰਦਰ ਸਿੰਘ ਸੇਖੋਂ ਵੱਲੋਂ ਪਾਇਆ ਗਿਆ ਹੈ ।
ਇਸ ਮੌਕੇ ਇਕ ਵਿਸ਼ੇਸ਼ ਗੈਸਟ ਲੈਕਚਰ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਡਾ. ਬਰਿਆਨਾ ਨੇ ਭਾਰਤੀ ਆਸਟਰੇਲੀਆਂ ਕਲੈਬਰੇਸ਼ਨ ਦੇ ਵਿੱਚ ਕੁੰਗੀ ਮੁਕਤ ਕਣਕ ਦੇ ਵਿਕਾਸ ਬਾਰੇ ਲੈਕਚਰ ਦਿੱਤਾ । ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਵਿਭਾਗ ਦੇ ਸਾਇੰਸਦਾਨ ਅਤੇ ਵਿਦਿਆਰਥੀ ਸ਼ਾਮਲ ਹੋਏ ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਇਸ ਮੈਡਲ ਦੀ ਸਥਾਪਨਾ ਤੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਮਿਆਰੀ ਖੋਜ ਕਰਨ ਦੇ ਲਈ ਪ੍ਰੇਰਨਾ ਮਿਲੇਗੀ ।