ਵਾਸ਼ਿੰਗਟਨ- ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਅਨੁਸਾਰ ਅਗਲੇ 10 ਸਾਲ ਵਿੱਚ ਖਾਧ-ਪਦਾਰਥਾਂ ਦੀਆਂ ਕੀਮਤਾਂ ਵਿੱਚ ਹੌਲੀ-ਹੌਲੀ ਗਿਰਾਵਟ ਆ ਸਕਦੀ ਹੈ। ਇਸ ਦੀ ਮੂ਼ਲ ਵਜ੍ਹਾ ਖੇਤੀ ਉਤਪਾਦਨ ਵਿੱਚ ਵਾਧੇ ਦੇ ਨਾਲ-ਨਾਲ ਮੀਟ ਅਤੇ ਡੇਅਰੀ ਉਤਪਾਦਨ ਵਿੱਚ ਹੋਣ ਵਾਲਾ ਵਾਧਾ ਵੀ ਹੈ। ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਕੀਮਤਾਂ 2000 ਤੋਂ ਪਹਿਲਾਂ ਦੀਆਂ ਕੀਮਤਾਂ ਤੋਂ ਹੇਠਾਂ ਨਹੀਂ ਆਉਣਗੀਆਂ।
ਪਿੱਛਲੇ ਹਫ਼ਤੇ ਜਾਰੀ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਖੇਤੀ ਉਤਪਾਦਨ ਵੱਧਣ ਦਾ ਕਾਰਣ ਖੇਤੀਬਾੜੀ ਵਿੱਚ ਨਵੀਨਤਾ ਲਿਆਉਣਾ ਹੈ। ਏਸ਼ੀਆ, ਯੌਰਪ ਅਤੇ ਉਤਰੀ ਅਮਰੀਕਾ ਵਿੱਚ ਖੇਤੀ ਦਾ ਢੰਗ ਬਦਲਣ ਅਤੇ ਦੱਖਣੀ ਅਮਰੀਕਾ ਵਿੱਚ ਖੇਤੀ ਦੇ ਖੇਤਰਫਲ ਵਿੱਚ ਵਾਧਾ ਹੋਣ ਨਾਲ ਉਤਪਾਦਨ ਵੀ ਵਧੇਗਾ। ਅਨਾਜ ਦੀਆਂ ਕੀਮਤਾਂ ਘੱਟਣ ਦਾ ਕਾਰਣ ਖੇਤੀਬਾੜੀ ਵਿੱਚ ਵਰਤੇ ਜਾਣ ਵਾਲੇ ਫਰਟੀਲਾਈਜ਼ਰ ਦੀਆਂ ਕੀਮਤਾਂ ਵਿੱਚ ਗਿਰਾਵਟ ਆਉਣਾ ਵੀ ਹੈ।
ਯੂਐਨ ਦੀ ਰਿਪੋਰਟ ਅਨੁਸਾਰ ਭਾਰਤ 2014 ਤੱਕ ਕਾਟਨ ਅਤੇ ਬੀਫ਼ ਦਾ ਦੂਸਰਾ ਸੱਭ ਤੋਂ ਵੱਡਾ ਨਿਰਯਾਤਕ ਦੇਸ਼ ਬਣਿਆ ਰਹੇਗਾ। ਵਿਸ਼ਵ ਪੱਧਰ ਤੇ ਕਣਕ ਦੇ ਉਤਪਾਦਨ ਦੇ ਸਾਲ 2024 ਤੱਕ 786.7 ਮਿਲੀਅਨ ਟਨ ਤੱਕ ਵੱਧ ਜਾਣ ਦੀ ਸੰਭਾਵਨਾ ਹੈ, ਜੋ 2014 ਦੇ ਅੰਕੜਿਆਂ ਅਨੁਸਾਰ 700 ਮਿਲੀਅਨ ਟਨ ਹੈ।
ਇਸੇ ਤਰ੍ਹਾਂ ਚੌਲਾਂ ਦਾ ਵਿਸ਼ਵ ਪੱਧਰ ਦਾ ਉਤਪਾਦਨ 2024 ਤੱਕ 564.1 ਮਿਲੀਅਨ ਟਨ, ਤਿਲਹਨ ਦਾ 516.4, ਚੀਨੀ ਦਾ 275.6 ਮਿਲੀਅਨ ਟਨ ਵੱਧ ਜਾਣ ਦੀ ਸੰਭਾਵਨਾ ਹੈ, ਜੋ 2014 ਦੇ ਅੰਕੜਿਆਂ ਅਨੁਸਾਰ 494 ਮਿਲੀਅਨ ਟਨ,425.2 ਮਿਲੀਅਨ ਟਨ ਅਤੇ 257.7 ਮਿਲੀਅਨ ਟਨ ਹੈ।