ਫਤਿਹਗੜ੍ਹ ਸਾਹਿਬ – “ਮੱਧ ਪ੍ਰਦੇਸ਼ ਵਿਚ ਕਰੋੜਾਂ-ਅਰਬਾਂ ਰੁਪਏ ਦੇ ਹੋਏ ਵਿਆਪਮ ਘੁਟਾਲੇ ਦੀਆਂ ਕੜੀਆਂ ਜਿਥੇ ਦਿਨ ਬ ਦਿਨ ਖੁੱਲਦੀਆਂ ਜਾ ਰਹੀਆਂ ਹਨ, ਉਥੇ ਇਸ ਘੁਟਾਲੇ ਨਾਲ ਸੰਬੰਧਤ ਅਫ਼ਸਰਾਨ, ਸਿਆਸਤਦਾਨ ਅਤੇ ਪੱਤਰਕਾਰਾਂ ਦਾ ਨਿਰੰਤਰ ਕਤਲ ਹੋਣ ਦਾ ਸਿਲਸਿਲਾ ਕਿਸੇ ਡੂੰਘੀ ਸਾਜਿਸ਼ ਨੂੰ ਪ੍ਰਤੱਖ ਕਰਦਾ ਹੈ। ਸਮੇਂ ਸਮੇਂ ਬਾਅਦ ਮੌਤਾਂ ਹੋਣ ਤੋਂ ਇਹ ਸੰਕੇਤ ਮਿਲ ਜਾਂਦਾ ਹੈ ਕਿ ਇਸ ਪਿੱਛੇ ਸੈਂਟਰ ਵਿਚ ਬੈਠਾ ਕੋਈ ਨਾ ਕੋਈ ਵੱਡਾ ਆਹੁਦੇਦਾਰ ਦਾ ਦਿਮਾਗ ਕੰਮ ਕਰ ਰਿਹਾ ਹੈ। ਜੋ ਸੱਚ ਨੂੰ ਸਾਹਮਣੇ ਆਉਣ ਤੋਂ ਰੋਕਣ ਦੀ ਮਨਸ਼ਾਂ ਨਾਲ ਜਾਂ ਭੇਦ ਖੁੱਲ੍ਹਣ ਦੇ ਡਰੋਂ ਇਨਸਾਨੀ ਜਾਨਾਂ ਦਾ ਵਪਾਰੀ ਬਣ ਚੁੱਕਾ ਹੈ। ਦੂਸਰੀ ਵਜ੍ਹਾ ਇਹ ਹੈ ਕਿ ਮੱਧ ਪ੍ਰਦੇਸ਼ ਦੇ ਮੌਜੂਦਾ ਮੁੱਖ ਮੰਤਰੀ ਖੁਦ ਹਿੰਦ ਦੇ ਵਜੀਰੇ ਆਜ਼ਮ ਦੇ ਆਹੁਦੇ ਦੇ ਇਛੁੱਕ ਸਨ। ਹੋ ਸਕਦਾ ਹੈ ਕਿ ਸ੍ਰੀ ਚੌਹਾਨ ਨੂੰ ਕਿਸੇ ਸਾਜਿਸ਼ ਵਿਚ ਉਲਝਾ ਕੇ ਸਿਆਸਤ ਵਿਚ ਪਿਛਾਂਹ ਸੁੱਟਣ ਦਾ ਮਨਸੂਬਾ ਹੋਵੇ। ”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਮੱਧ ਪ੍ਰਦੇਸ਼ ਦੇ ਅਤੇ ਮੁਲਕ ਦੇ ਨਿਵਾਸੀਆਂ ਵੱਲੋਂ ਵਿਆਪਮ ਘੁਟਾਲੇ ਦੀ ਸੀ ਬੀ ਆਈ ਤੋਂ ਜਾਂਚ ਕਰਵਾਉਣ ਦੀ ਮੰਗ ਨੂੰ ਸੈਂਟਰ ਵੱਲੋਂ ਠੂਕਰਾਉਣ ਦੇ ਅਮਲਾਂ ਉੱਤੇ ਡੂੰਘੀ ਸ਼ੰਕਾ ਜਾਹਿਰ ਕਰਦੇ ਹੋਏ ਅਤੇ ਮੁੱਖ ਮੰਤਰੀ ਸ੍ਰੀ ਚੌਹਾਨ ਵੱਲੋਂ ਸੀ ਬੀ ਆਈ ਦੀ ਜਾਂਚ ਕਰਵਾਉਣ ਦੀ ਖੁੱਲ੍ਹੇਆਮ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ। ਸੈਂਟਰ ਦੇ ਮੌਜੂਦਾ ਹੁਕਮਰਾਨ ਸ੍ਰੀ ਮੋਦੀ, ਰਾਜਨਾਥ ਸਿੰਘ ਅਤੇ ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ ਇਥੋ ਦੇ ਨਿਵਾਸੀਆਂ ਨੂੰ ਸੱਚ ਦੀ ਜਾਣਕਾਰੀ ਦੇਣ ਤੋਂ ਭੱਜਦੇ ਆ ਰਹੇ ਹਨ। ਜਿਸ ਵਿਚ ਦਾਲ ਵਿਚ ਕੁਝ ਕਾਲਾ ਜਰੂਰ ਹੈ। ਉਹਨਾਂ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਇਹ ਉਪਰੋਕਤ ਆਗੂ ਹਿੰਦੂ ਦਹਿਸ਼ਤ ਗਰਦਾਂ ਪ੍ਰੀਗਿਆ ਸਿੰਘ ਠਾਕੁਰ, ਕਰਨਲ ਪ੍ਰੋਹਿਤ ਅਤੇ ਸਵਾਮੀ ਅਸੀਮਾ ਨੰਦ ਵੱਲੋਂ ਮਾਲੇਗਾਓਂ, ਸਮਝੌਤਾ ਐਕਸਪ੍ਰੈਸ ਅਤੇ ਅਜਮੇਰ ਸ਼ਰੀਫ ਆਦਿ ਅਸਥਾਨਾਂ ਉਤੇ ਬੰਬ ਵਿਸਫੋਟ ਕਰਕੇ ਮਨੁੱਖਤਾ ਦਾ ਖੁਨ ਬਹਾਇਆ ਗਿਆ। ਉਹਨਾਂ ਕਾਤਲਾਂ ਨੂੰ ਬਚਾਉਣ ਲਈ ਮੋਦੀ, ਰਾਜਨਾਥ ਅਤੇ ਸ਼ਾਹ ਵੱਲੋਂ ਸਰਕਾਰੀ ਵਕੀਲ ਨੂੰ ਹੌਲੀ ਹੌਲੀ ਕਾਰਵਾਈ ਕਰਨ ਦੇ ਗੁਪਤ ਆਦੇਸ਼ ਦਿੱਤੇ ਜਾ ਰਹੇ ਹਨ। ਜਿਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਉਪਰੋਕਤ ਹਿੰਦੂ ਦਹਿਸ਼ਤ ਗਰਦਾਂ ਨੂੰ ਇਹਨਾਂ ਹਿੰਦੂਤਵ ਮੁਤੱਸਵੀ ਜਮਾਤਾਂ ਦੀ ਸਰਪ੍ਰਸਤੀ ਹਾਸਿਲ ਹੈ ਅਤੇ ਉਹ ਕਤਲੇਆਮ ਦੇ ਦੋਸ਼ੀ ਵੀ ਹਨ। ਫਿਰ ਸੁਸ਼ਮਾ ਸਵਰਾਜ ਵਿਦੇਸ਼ ਵਜੀਰ, ਵਸੁੰਧਰਾ ਰਾਜੇ ਮੁੱਖ ਮੰਤਰੀ ਰਾਜਸਥਾਨ, ਪੰਕਜਾ ਮੁੰਡੇ ਵਜੀਰ ਮਹਾਂਰਾਸ਼ਟਰਾ, ਸਮ੍ਰਿਤੀ ਇਰਾਨੀ ਵਜੀਰ ਸੈਂਟਰ ਹਕੂਮਤ ਅਤੇ ਬੀਜੇਪੀ ਦੇ ਆਹੁਦੇਦਾਰ ਰਿਸ਼ਵਤਖੋਰੀ ਅਤੇ ਕਤਲੇਆਮ ਦੇ ਗੈਰ ਕਾਨੂੰਨੀ ਅਮਲਾਂ ਵਿਚ ਸ਼ਾਮਿਲ ਹਨ। ਜੇਕਰ ਇਹ ਬੀਬੀਆਂ ਨਿਰੋਦਸ਼ ਹਨ ਤਾਂ ਮੋਦੀ ਹਕੂਮਤ ਇਹਨਾਂ ਦੀ ਸੀ ਬੀ ਆਈ ਤੋਂ ਜਾਂਚ ਕਰਵਾਉਣ ਦੇ ਹੁਕਮ ਕਿਉਂ ਨਹੀਂ ਕਰਦੀ? ਇਹਨਾਂ ਨੂੰ ਡਰ ਪਾਲਾ ਕਿਉਂ ਲੱਗ ਰਿਹਾ ਹੈ। ਫਿਰ ਸੂਰਜ ਪੂਜਾ , ਯੋਗਾ ਅਤੇ ਬੱਚਿਆਂ ਦੇ ਸਲੇਬਸ ਵਿਚ ਗੀਤਾ ਪਾਠ ਹਿੰਦੂਤਵ ਪ੍ਰੋਗਰਾਮਾਂ ਨੂੰ ਜਬਰੀ ਮੁਸਲਿਮ, ਸਿੱਖ ਅਤੇ ਇਸਾਈਆਂ ਉੱਤੇ ਲਾਗੂ ਕਰਨ ਦੇ ਮਨਸੂਬੇ ਕਿਊਂ ਬਣਾਏ ਜਾ ਰਹੇ ਹਨ। ਜਦੋਂ ਕਿ ਇਹਨਾਂ ਦੇ ਆਪਣੇ ਵੱਖਰੇ ਧਰਮ ਗ੍ਰੰਥ, ਕੁਰਾਨ ਸ਼ਰੀਫ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਬਾਈਬਲ ਹਨ।
ਉਹਨਾਂ ਕਿਹਾ ਕਿ ਇਜ਼ਾਰਾਇਲ ਵੱਲੋਂ ਹਿੰਦ ਨੂੰ ਫੌਜੀ , ਤਕਨੀਕੀ ਅਤੇ ਮਾਲੀ ਮਦਦ ਜੋ ਖੁੱਲ੍ਹ ਕੇ ਦਿੱਤੀ ਜਾ ਰਹੀ ਹੈ, ਇਹ ਉਸਦੀ ਮੁਸਲਿਮ ਵਿਰੋਧੀ ਸੋਚ ਕਰਕੇ ਹੈ। ਇਸ ਕਰਕੇ ਹੀ ਇਜ਼ਰਾਇਲੀ ਮਿਲਟਰੀ ਅਫ਼ਸਰ ਕਸ਼ਮੀਰ ਵਿਚ ਹਿੰਦੂਆਂ ਨੂੰ ਅਤੇ ਹਿੰਦੂ ਫੌਜ ਨੂੰ ਟ੍ਰੇਨਿੰਗ ਦੇ ਰਹੇ ਹਨ। ਉਥੇ ਬਣਾਈਆਂ ਜਾ ਰਹੀਆਂ ਇਜ਼ਰਾਇਲੀ ਕਲੋਨੀਆਂ ਪਾਕਿਸਤਾਨ ਅਤੇ ਚੀਨ ਨੂੰ ਉਕਸਾਉਣ ਵਾਲੀਆਂ ਹਨ , ਜਿਸ ਨਾਲ ਕੇਵਲ ਹਿੰਦ ਵਿਚ ਹੀ ਨਹੀਂ ਬਲਕਿ ਸਮੁੱਚੇ ਏਸ਼ੀਆ ਖਿੱਤੇ ਵਿਚ ਪ੍ਰਮਾਣੂੰ ਜੰਗ ਨੂੰ ਸੱਦਾ ਦੇਣ ਵਾਲਾ ਖਤਰਨਾਕ ਮਾਹੌਲ ਬਣਾਇਆ ਜਾ ਰਿਹਾ ਹੈ। ਜਿਸ ਨੂੰ ਸਿੱਖ , ਮੁਸਲਿਮ ਅਤੇ ਇਸਾਈ ਕੌਮਾਂ ਕਦੀ ਵੀ ਪੂਰਨ ਨਹੀਂ ਹੋਣ ਦੇਣਗੀਆਂ।