? ਇਕ ਖਬਰ ਸੀ ਕਿ ਅਮਰੀਕਾ ਦੇ ਫਿਲਾਡਾਲਫੀਆਂ ਇਲਾਕੇ ਦੀ ਰਹਿਣ ਵਾਲੀ ਇਕ ਲੜਕੀ, ਜਿਸ ਦਾ ਕਹਿਣਾ ਹੈ ਕਿ ਉਹ ਸ਼ੀਸ਼ੇ ਅੱਗੇ 35-40 ਮਿੰਟ ਖੜ੍ਹਦੀ ਹੈ ਤਾਂ ਸ਼ੀਸ਼ਾ ਤਿੜਕ ਜਾਂਦਾ ਹੈ ਅਤੇ ਥੋੜ੍ਹੇ ਚਿਰ ਵਿਚ ਹੀ ਟੁੱਟ ਕੇ ਚੂਰ ਚੂਰ ਹੋ ਕੇ ਡਿੱਗ ਪੈਂਦਾ ਹੈ। ਉਸ ਦਾ ਕਹਿਣਾ ਹੈ ਕਿ ਉਹ ਯੂਨਾਨ ਵਿਚ ਸੈਰ ਕਰਨ ਗਈ ਤਾਂ ਉਥੇ ਉਸ ਨੇ ਵੱਡੇ ਵੱਡੇ ਸਤੰਭ ਵੇਖੇ ਉਸ ਤੋਂ ਬਾਅਦ ਹੀ ਇਹ ਘਟਨਾ ਵਾਪਰ ਰਹੀ ਹੈ, ਕੀ ਇਸ ਤਰ੍ਹਾਂ ਹੋ ਸਕਦਾ ਹੈ?
* ਸ਼ੀਸ਼ੇ ਨੂੰ ਤੋੜਨ ਲਈ ਅਸਲ ਵਿਚ ਬਲ ਦੀ ਲੋੜ ਹੁੰਦੀ ਹੈ ਉਹ ਇਹ ਬਲ ਕਿਸ ਉੁੂਰਜਾ ਤੋਂ ਪ੍ਰਾਪਤ ਕਰਦੀ ਹੈ। ਇਹ ਸਮਝ ਤੋਂ ਬਾਹਰ ਹੈ। ਮੈਨੂੰ ਯਕੀਨ ਹੈ ਕਿ ਉਹ ਲਾਜ਼ਮੀ ਹੀ ਕਿਸੇ ਨਾ ਕਿਸੇ ਢੰਗ ਨਾਲ ਆਪਣੇ ਹੱਥਾਂ ਦਾ ਇਸਤੇਮਾਲ ਕਰਦੀ ਹੋਵੇਗੀ। ਜਿਸ ਨਾਲ ਸ਼ੀਸ਼ਾ ਟੁੱਟ ਜਾਂਦਾ ਹੈ।
? ਅੱਜਕੱਲ੍ਹ ਕਿਸਾਨ ਨਵੇਂ-ਨਵੇਂ ਟੀਕੇ ਸਬਜ਼ੀਆਂ ਨੂੰ ਲਗਾ ਰਹੇ ਹਨ। ਜਿਨ੍ਹਾਂ ਨਾਲ ਸਬਜ਼ੀਆਂ ਰਾਤੋ-ਰਾਤ ਵੱਡੀਆਂ ਹੋ ਜਾਂਦੀਆਂ ਹਨ। ਕੀ ਇਹਨਾਂ ਨਾਲ ਮਨੁੱਖ ਦੀ ਸਿਹਤ ਨੂੰ ਹਾਨੀ ਹੁੰਦੀ ਹੈ?
* ਇਹ ਟੀਕੇ ਹਾਰਮੋਨਜ਼ ਅਤੇ ਸਟੀਰੋਇਡਜ਼ ਦੇ ਹੁੰਦੇ ਹਨ ਜਿਹੜੇ ਮਨੁੱਖੀ ਸਿਹਤ ਲਈ ਹਾਨੀਕਾਰਕ ਹਨ।
? ਅਸੀਂ ਉਸ ਜਗ੍ਹਾ ਨਹੀਂ ਪਹੁੰਚਦੇ, ਜਿੱਥੇ ਮਨ ਪਹੁੰਚ ਜਾਂਦਾ ਹੈ, ਆਖਿਰ ਮਨ ਹੈ ਕੀ, ਇਸਦੀ ਗਤੀ ਏਨੀ ਤੇਜ਼ ਕਿਉਂ ਹੈ?
* ਮਨ ਨੂੰ ਅਸੀਂ ਦਿਮਾਗ ਦੀਆਂ ਕਲਪਨਾਵਾਂ ਵੀ ਕਹਿ ਸਕਦੇ ਹਾਂ। ਦਿਮਾਗ ਇੱਕ ਪਦਾਰਥ ਹੈ। ਪਦਾਰਥ ‘ਚ ਵਾਪਰਦੀਆਂ ਰਸਾਇਣਿਕ ਕਿਰਿਆਵਾਂ ਵਿਚੋਂ ਕੁਝ ਨੂੰ ਅਸੀਂ ਵਿਚਾਰ ਕਹਿ ਸਕਦੇ ਹਾਂ।
? ਜਿਹੜੇ ਸੁਪਨੇ ਅਸੀਂ ਰਾਤ ਨੂੰ ਦੇਖਦੇ ਹਾਂ ਸਵੇਰ ਵੇਲੇ ਉਹ ਭੁੱਲ ਕਿਉਂ ਜਾਂਦੇ ਹਾਂ।
* ਸਾਡੇ ਦਿਮਾਗ ਵਿੱਚ ਬਹੁਤ ਸਾਰੀਆਂ ਪ੍ਰਣਾਲੀਆਂ ਅਜਿਹੀਆਂ ਹਨ, ਜਿਹੜੀਆਂ ਦਿਨ ਰਾਤ ਕੰਮ ਕਰਦੀਆਂ ਰਹਿੰਦੀਆਂ ਹਨ। ਜਿਵੇਂ : ਸਾਹ ਕਿਰਿਆ, ਲਹੂ ਗੇੜ ਪ੍ਰਣਾਲੀ। ਇਸੇ ਤਰ੍ਹਾਂ ਦਿਮਾਗ ਕਦੇ ਨਹੀਂ ਸੌਂਦਾ। ਇਹ ਹਮੇਸ਼ਾ ਕਲਪਨਾਵਾਂ ਕਰਦਾ ਰਹਿੰਦਾ ਹੈ। ਗੂੜ੍ਹੀ ਨੀਂਦ ਵਿੱਚ ਆਏ ਸੁਪਨੇ ਸਾਡੇ ਯਾਦ ਨਹੀਂ ਰਹਿੰਦੇ, ਸਿਰਫ਼ ਕੱਚੀ ਨੀਂਦ ਵਿੱਚ ਆਏ ਸੁਪਨੇ ਯਾਦ ਰਹਿੰਦੇ ਹਨ।
? ਕੁਝ ਲੋਕ ਜਾਨਵਰਾਂ ਨੂੰ ਮਾਰ ਕੇ ਮੀਟ ਬਣਾ ਕੇ ਖਾਂਦੇ ਹਨ। ਕੀ ਇਹ ਠੀਕ ਹੈ। ਇੱਕ ਨਾਸਤਿਕ ਵਿਅਕਤੀ ਲਈ ਮੀਟ ਖਾਣਾ ਠੀਕ ਹੈ ਜਾਂ ਨਹੀਂ।
* ਦੁਨੀਆਂ ਦੇ ਵੱਖ-ਵੱਖ ਦੀਪਾਂ ² ਤੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਖਾਣੇ ਵੱਖ-ਵੱਖ ਹਨ। ਸਮੁੰਦਰੀ ਕਿਨਾਰਿਆਂ ‘ਤੇ ਰਹਿਣ ਵਾਲੇ ਬ੍ਰਾਹਮਣ ਵੀ ਮੱਛੀ ਖਾਣ ਤੋਂ ਵਗੈਰ ਜਿਉਂਦੇ ਨਹੀਂ ਰਹਿ ਸਕਦੇ। ਉਂਝ ਵੀ ਸਰੀਰ ਲਈ ਲੋੜੀਂਦੇ ਬਹੁਤ ਸਾਰੇ ਪ੍ਰੋਟੀਨ ਮੀਟ ਵਿਚੋਂ ਪ੍ਰਾਪਤ ਹੁੰਦੇ ਹਨ। ਫ਼ਸਲਾਂ ਵੀ ਜੀਵਾਂ ਦੀ ਤਰ੍ਹਾਂ ਸਾਹ ਲੈਂਦੀਆਂ ਹਨ, ਜਿਉਂਦੀਆਂ ਹਨ ²ਤੇ ਮਰਦੀਆਂ ਹਨ। ਇਸ ਲਈ ਮਨੁੱਖ ਨੂੰ ਜਿਉਂਦੇ ਰਹਿਣ ਲਈ ਇਨ੍ਹਾਂ ਤੋਂ ਪ੍ਰਾਪਤ ਖਾਣਿਆਂ ਦੀ ਜ਼ਰੂਰਤ ਹੁੰਦੀ ਹੀ ਹੈ। ਬਹੁਤ ਸਾਰੇ ਨਾਸਤਿਕ ਅਜਿਹੇ ਵੀ ਹੁੰਦੇ ਹਨ ਜਿਹੜੇ ਮੀਟ ਦੀ ਵਰਤੋਂ ਨਹੀਂ ਕਰਦੇ। ਪਰ ਬਹੁਤ ਸਾਰੇ ਧਰਮਾਂ ਵਿੱਚ ਮੀਟ ਖਾਣ ਦੀ ਇਜ਼ਾਜਤ ਵੀ ਹੈ।
? ਕੁਝ ਲੋਕਾਂ ਦੇ ਵਿਚਾਰ ਹਨ ਕਿ ਪੈਸਾ ਕਮਾਉਣਾ ਹੀ ਜ਼ਿੰਦਗੀ ਦਾ ਮੇਨ ਮਕਸਦ ਹੈ ਪਰ ਕੁੱਝ ਲੋਕਾਂ ਦੇ ਵਿਚਾਰ ਹਨ ਕਿ ਜ਼ਿੰਦਗੀ ਦਾ ਮੇਨ ਮਕਸਦ ਲੋਕ ਭਲਾਈ ਦੇ ਕੰਮ ਕਰਨਾ ਹੈ। ਇਸ ਬਾਰੇ ਤੁਹਾਡੇ ਕੀ ਵਿਚਾਰ ਹਨ?
* ਜ਼ਿੰਦਗੀ ਦਾ ਉਦੇਸ਼ ਇਸ ਧਰਤੀ ਨੂੰ ਇਸਦੇ ਲੋਕਾਂ ਅਤੇ ਚੌਗਿਰਦੇ ਸਮੇਤ ਸੁੰਦਰ ਬਣਾਉਣਾ ਹੋਣਾ ਚਾਹੀਦਾ ਹੈ। ਇਸ ਲਈ ਥੋੜ੍ਹੇ ਬਹੁਤ ਪੈਸੇ ਦੀ ਜ਼ਰੂਰਤ ਵੀ ਹੁੰਦੀ ਹੈ। ਸੋ ਨੇਕ ਢੰਗਾਂ ਨਾਲ ਪੈਸਾ ਬਣਾਉਣਾ ਅਤੇ ਲੋਕ ਭਲਾਈ ਲਈ ਵਰਤਣਾ ਜ਼ਰੂਰੀ ਹੈ।
? ਲੰਦਨ ਦੇ ਸਿਡਨੇਹਮ ਇਲਾਕੇ ਵਿਚ ਇੱਕ ਔਰਤ ਯੂਫ਼ੇਮੀਆਂ ਜਾਨਸਨ ਦੀ ਬਹੁਤ ਹੀ ਅਦਭੁਤ ਢੰਗ ਨਾਲ ਮੌਤ ਹੋ ਗਈ ਸੀ ਜਿਸ ਦਾ ਪਤਾ ਨਾ ਹੀ ਪੁਲਿਸ ਲਗਾ ਸਕੀ ਅਤੇ ਨਾ ਹੀ ਅਪਰਾਧ ਸ਼ਾਖਾ ਦੇ ਵਿਗਿਆਨੀ। ਜਿਸ ਕਮਰੇ ਵਿਚ ਯੂਫ਼ੇਮੀਆਂ ਦੀ ਮੌਤ ਹੋਈ ਸੀ, ਉੱਥੇ ਰਾਖ ਦਾ ਢੇਰ ਪਾਇਆ ਗਿਆ, ਪਰ ਉਸਦੇ ਕੱਪੜੇ ਬਿਲਕੁਲ ਸੁਰੱਖਿਅਤ ਸਨ। ਜਾਂਚ ਦੌਰਾਨ ਪਤਾ ਚੱਲਿਆ ਕਿ ਕਿਤੇ ਕੋਈ ਅਗਨੀ ਵਿਸਫੋਟ ਜਾਂ ਹੋਰ ਕੋਈ ਵੀ ਘਟਨਾ ਨਹੀਂ ਘਟੀ ਸੀ। ਅੱਜ ਤੱਕ ਉਸਦੀ ਮੌਤ ਅਣਸੁਲਝੀ ਪਹੇਲੀ ਬਣੀ ਹੋਈ ਹੈ?
* ਇਸ ਸੁਆਲ ਦਾ ਜੁਆਬ ਤੁਸੀਂ ਤਰਕਸ਼ੀਲ ਸੁਸਾਇਟੀ ਦੁਆਰਾ ਛਾਪੀ ਪੁਸਤਕ ‘ਵਿਗਿਆਨ ਤੇ ਪਰਾਵਿਗਿਆਨ‘ ਦੇ ਸਫ਼ਾ 155 ‘ਤੇ ਪੜ੍ਹ ਸਕਦੇ ਹੋ। ਤਜ਼ਰਬੇ ਦੇ ਤੌਰ ‘ਤੇ ਜੇ ਤੁਸੀਂ ਸੂਰ ਦੇ ਕੁਝ ਮਾਸ ਨੂੰ ਪਲਾਸਟਿਕ ਵਿੱਚ ਲਪੇਟ ਕੇ ਅੱਗ ਲਾ ਦੇਵੋਂ ਤਾਂ ਵੇਖੋਗੇ ਕਿ ਇੱਕ ਸਟੇਜ ‘ਤੇ ਇਸ ਦੀ ਚਰਬੀ ਪਿਘਲ ਜਾਵੇਗੀ ਅਤੇ ਆਪਣੇ-ਆਪ ਬਲਣਾ ਸ਼ੁਰੂ ਕਰ ਦੇਵੇਗਾ। ਇਸੇ ਤਰ੍ਹਾਂ ਮਨੁੱਖੀ ਸਰੀਰਾਂ ਨਾਲ ਹੋ ਸਕਦਾ ਹੈ।
? ਬੱਚਿਆਂ ਵਿੱਚ ਵਿਗਿਆਨਕ ਸੂਝ ਪੈਦਾ ਕਰਨ ਲਈ ਅਮਰੀਕਾ ਦੇ ਸਾਇੰਸ ਅਧਿਆਪਕ ਕਿਹੜੀ ਥਰੈਪੀ ਵਰਤਦੇ ਹਨ?
* ਵਿਗਿਆਨਕ ਸੂਝ ਪੈਦਾ ਕਰਨ ਲਈ ਵਿਗਿਆਨਕ ਪੁਸਤਕਾਂ ਅਤੇ ਪ੍ਰੋਯਗਸ਼ਾਲਾਵਾਂ ਦੀ ਲੋੜ ਹੁੰਦੀ ਹੈ। ਪੰਜਾਬ ਵਿਚ ਵਿਗਿਆਨਕ ਸੂਝ ਦੀਆਂ ਪੁਸਤਕਾਂ ਬਹੁਤ ਘੱਟ ਹਨ। ਇਹ ਉਪਰਾਲਾ ਕੁਝ ਹੱਦ ਤੱਕ ਤਰਕਭਾਰਤੀ ਪ੍ਰਕਾਸ਼ਨ ਨੇ ਹੀ ਕੀਤਾ। ਇੱਥੋਂ ਪ੍ਰਯੋਗਸ਼ਾਲਾਵਾਂ ਤਾਂ ਬੰਦ ਹੀ ਰਹਿੰਦੀਆਂ ਹਨ। ਸਰਕਾਰੀ ਸਕੂਲਾਂ ਵਿੱਚ ਬਹੁਤ ਸਾਰੇ ਸਾਇੰਸ ਅਧਿਆਪਕ, ਵਿਗਿਆਨਕ ਸੂਝ ਤੋਂ ਕੋਰੇ ਹੁੰਦੇ ਹਨ। ਕਿਉਂਕਿ ਉਨ੍ਹਾਂ ਨੇ ਆਪਣੀ ਪੜ੍ਹਾਈ ਨੂੰ ਆਪਣੇ ਅਮਲੀ ਜੀਵਨ ਨਾਲ ਨਹੀਂ ਜੋੜਿਆ ਹੁੰਦਾ। ਅਮਰੀਕਾ ਵਿੱਚ ਵਿਗਿਆਨਕ ਪੁਸਤਕਾਂ ਅਤੇ ਪ੍ਰਯੋਗਸ਼ਾਲਾਵਾਂ ਦੀ ਭਰਮਾਰ ਹੈ ਅਤੇ ਅਧਿਆਪਕ ਵੀ ਇਨ੍ਹਾਂ ਗੱਲਾਂ ਨੂੰ ਵਿਦਿਆਰਥੀਆਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਜੋੜਦੇ ਹਨ।
? ਮੇਰੀ ਯਾਦ ਸ਼ਕਤੀ ਬਹੁਤ ਘੱਟ ਹੈ, ਜੋ ਮੈਂ ਅੱਜ ਯਾਦ ਕਰਦਾ ਹਾਂ, ਕੱਲ ਨੂੰ ਭੁੱਲ ਜਾਂਦਾ ਹਾਂ, ਆਪਣੀ ਯਾਦ ਸ਼ਕਤੀ ਲਈ ਕੀ ਕਰਾਂ?
* ਯਾਦ ਸ਼ਕਤੀ ਦਾ ਸੰਬੰਧ ਦਿਲਚਸਪੀ ਨਾਲ ਹੁੰਦਾ ਹੈ। ਜੇ ਅਸੀਂ ਕਿਸੇ ਵਿਸ਼ੇ ਵਿਚ ਦਿਲਚਸਪੀ ਲੈਂਦੇ ਹਾਂ। ਉਸ ਨਾਲ ਸੰਬੰਧਿਤ ਸਮੱਗਰੀ ਵੀ ਸਾਡੇ ਯਾਦ ਰਹਿੰਦੀ ਹੈ। ਇਸ ਲਈ ਜੇ ਤੁਸੀਂ ਆਪਣੀ ਯਾਦ ਸ਼ਕਤੀ ਵਧਾਉਣਾ ਚਾਹੁੰਦੇ ਹੋ ਤਾਂ ਉਸੇ ਵਿਸ਼ੇ ਵਿਚ ਆਪਣੀ ਦਿਲਚਸਪੀ ਨੂੰ ਵਧਾਓ।
ਨਵਜੰਮਿਆ ਬੱਚਾ ਆਪਣੇ ਆਪ ਹੀ ਕਦੇ ਹੱਸਦਾ ਹੈ ਅਤੇ ਕਦੇ ਰੋਣ ਵਰਗਾ ਚਿਹਰਾ ਬਣਾ ਲੈਂਦਾ ਹੈ। ਇਸ ਦਾ ਕੀ ਕਾਰਨ ਹੈ। ਵੱਡੀ ਉਮਰ ਦੀਆਂ ਔਰਤਾਂ ਇਸ ਬਾਰੇ ਕਹਿੰਦੀਆਂ ਹਨ ਕਿ ਕੋਈ ਵਿਹੁ ਮਾਤਾ ਹੈ ਜਿਹੜੀ ਇਸ ਨੂੰ ਹਸਾਉਂਦੀ ਹੈ ਤੇ ਰਵਾਉਂਦੀ ਹੈ।
* ਇਸ ਸਮੇਂ ਬੱਚਾ ਆਪਣੇ ਹਾਵ-ਭਾਵ ਪ੍ਰਗਟ ਕਰਨਾ ਸਿੱਖ ਰਿਹਾ ਹੁੰਦਾ ਹੈ। ਜਿਸਨੂੰ ਬਾਅਦ ਵਿੱਚ ਉਹ ਤਰਤੀਬਬੱਧ ਕਰ ਲੈਂਦਾ ਹੈ। ਵਿਹੁ ਮਾਤਾ ਨਾਲ ਇਸ ਦਾ ਕੋਈ ਸਬੰਧ ਨਹੀਂ ਹੁੰਦਾ।