ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਾਂਗਰਸ ਨੂੰ ਈਰਾਨ ਨਾਲ ਕੀਤੇ ਗਏ ਪਰਮਾਣੂੰ ਸਮਝੌਤੇ ਸਬੰਧੀ ਸਮਰਥਣ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਇਸ ਸਮਝੌਤੇ ਨਾਲ ਵਾਸਿੰਗਟਨ ਦੀ ਅਗਵਾਈ ਅਤੇ ਕੂਟਨੀਤੀ ਦਾ ਸ਼ਕਤੀਸ਼ਾਲੀ ਪ੍ਰਦਰਸ਼ਨ ਹੋਇਆ ਹੈ।
ਰਾਸ਼ਟਰਪਤੀ ਓਬਾਮਾ ਨੇ ਇੱਕ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਇਸ ਸਮਝੌਤੇ ਨਾਲ ਈਰਾਨ ਦੇ ਲਈ ਪਰਮਾਣੂੰ ਹੱਥਿਆਰ ਬਣਾਉਣ ਦੇ ਸਾਰੇ ਰਸਤੇ ਬੰਦ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਉਹ ਭਰੋਸੇ ਨਾਲ ਕਹਿ ਸਕਦੇ ਹਨ ਕਿ ਈਰਾਨ ਹੁਣ ਪਰਮਾਣੂੰ ਹੱਥਿਆਰ ਨਹੀਂ ਬਣਾ ਸਕੇਗਾ। ਇਸ ਲਈ ਕਾਂਗਰਸ ਨੂੰ ਚਾਹੀਦਾ ਹੈ ਕਿ ਉਹ ਈਰਾਨ ਨਾਲ ਕੀਤੇ ਗਏ ਸਮਝੌਤੇ ਨੂੰ ਬਹੁਮੱਤ ਨਾਲ ਮਨਜੂਰੀ ਦੇਵੇ।
ਅਮਰੀਕੀ ਕਾਂਗਰਸ ਦੇ ਦੋਵਾਂ ਸਦਨਾਂ ਸੈਨਿਟ ਅਤੇ ਪ੍ਰਤੀਨਿਧੀ ਸਭਾ ਵਿੱਚ ਰੀਪਬਲੀਕਨ ਪਾਰਟੀ ਦਾ ਬਹੁਮੱਤ ਹੈ। ਇਸ ਤੋਂ ਪਹਿਲਾਂ ਸੰਸਦ ਮੈਂਬਰਾਂ ਨੇ ਸਮਝੌਤੇ ਸਬੰਧੀ 60 ਦਿਨਾਂ ਦੇ ਅੰਦਰ ਸਮਝੌਤੇ ਦੀ ਸਮੀਖਿਆ ਦਾ ਅਧਿਕਾਰ ਲੈ ਲਿਆ ਸੀ।
ਓਬਾਮਾ ਕਾਂਗਰਸ ਮੈਂਬਰਾਂ ਦਾ ਸਮਰਥਣ ਪ੍ਰਾਪਤ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਉਹ ਬਹੁਮੱਤ ਜੁਟਾਉਣ ਵਿੱਚ ਅਸਫਲ ਰਹਿੰਦੇ ਹਨ ਤਾਂ ਉਹ ਆਪਣੇ ਵੀਟੋ ਅਧਿਕਾਰ ਦਾ ਇਸਤੇਮਾਲ ਕਰ ਸਕਦੇ ਹਨ।