ਨਵੀਂ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜੀਤ ਸਿੰਘ ਜੀ ਕੇ ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਵਿਦੇਸ਼ੀ ਦੌਰੇ ਨੂੰ ਪੂਰੀ ਤਰ•ਾ ਅਸਫਲ ਦੱਸਦਿਆ ਕਿਹਾ ਕਿ ਇਹਨਾਂ ਵੱਲੋ ਗੁਰੂ ਦੀ ਗੋਲਕ ਵਿੱਚੋ ਖਰਚ ਕੀਤੇ ਗਏ ਲੱਖਾਂ ਰੁਪਏ ਨੂੰ ਨਿਆਂਸੰਗਤ ਕਰਨ ਲਈ ਕੋਈ ਵੀ ਹੋਰ ਬਹਾਨਾ ਨਹੀ ਬੱਚਿਆ ਸੀ ਤੇ ਹੁਣ ਅਮਰੀਕਾ ਵਿੱਚ ਸਿੱਖ ਰੈਜਮੈਂਟ ਬਣਾਉਣ ਦੀ ਮੰਗ ਦੀ ਗੱਲ ਕਰਕੇ ਇਹ ਦੌਰੇ ਸਬੰਧੀ ਸਫਾਈ ਦੇ ਰਹੇ ਹਨ।
ਸ੍ਰ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਅਮਰੀਕਾ ਦੇ ਆਪਣੇ ਵੱਖਰੇ ਕਾਇਦੇ ਕਨੂੰਨ ਹਨ ਤੇ ਉਥੋਂ ਦੇ ਹਰ ਨਾਗਰਿਕ ਨੂੰ ਬਰਾਬਰ ਦੇ ਹੱਕ ਪ੍ਰਾਪਤ ਹਨ ਅਤੇ ਜਿਸ ਵਿੱਚ ਕਿੱਤੇ ਵਿੱਚ ਉਥੋਂ ਦਾ ਨਾਗਰਿਕ ਕਾਬਲ ਸਾਬਤ ਹੁੰਦਾ ਹੈ ਉਸ ਨੂੰ ਉਸ ਮਹਿਕਮੇ ਵਿੱਚ ਯੋਗਤਾ ਦੇ ਆਧਾਰ ਤੇ ਨੌਕਰੀ ਮਿਲ ਜਾਂਦੀ ਹੈ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋ ਅਮਰੀਕਾ ਸਰਕਾਰ ਦੇ ਸਹਾਇਕ ਸਕੱਤਰ ਜਨਾਬ ਏਲੀਨ ਓ ਕੋਨੌਰ ਨੂੰ ਪੱਤਰ ਦੇ ਕੇ ਸਿੱਖ ਰੈਜਮੈਂਟ ਬਣਾਉਣ ਦੀ ਮੰਗ ਕਰਨ ਤੋਂ ਪਹਿਲਾਂ ਅਮਰੀਕਾ ਵਿੱਚ ਸਿੱਖਾਂ ਦੀ ਗਿਣਤੀ ਬਾਰੇ ਜਾਣਕਾਰੀ ਹਾਸਲ ਕਰਨੀ ਚਾਹੀਦੀ ਸੀ ਤੇ ਮੰਗ ਪੱਤਰ ਦੇਣ ਸਮੇਂ ਅਮਰੀਕਾ ਦੀਆਂ ਵੱਖ ਵੱਖ ਸਿੱਖ ਸੰਸਥਾਵਾਂ ਨੂੰ ਨਾਲ ਲੈਣਾ ਚਾਹੀਦਾ ਸੀ । ਉਹਨਾਂ ਕਿਹਾ ਕਿ ਜੀ ਕੇ ਨੂੰ ਅਮਰੀਕਾ ਵਿੱਚ ਜਾ ਕੇ ਮੰਗ ਪੱਤਰ ਦੇਣ ਤੋਂ ਪਹਿਲਾਂ ਹਿੰਦੋਸਤਾਨ ਵਿੱਚ ਉਹਨਾਂ ਸਿੱਖ ਰੈਜਮੈਂਟਾਂ ਨੂੰ ਮੁੜ ਖੜੀਆਂ ਕਰਨ ਲਈ ਬਾਦਲ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਨੂੰ ਮੰਗ ਪੱਤਰ ਦੇਣਾ ਚਾਹੀਦਾ ਹੈ ਜਿਹੜੀਆਂ 1984 ਤੋਂ ਬਾਅਦ ਬਾਕੀ ਰੈਜਮੈਂਟਾਂ ਵਿੱਚ ਵਿਲੀਨ ਕਰ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਜੀ. ਕੇ. ਤੇ ਸਿਰਸਾ ਨੇ ਅਮਰੀਕਾ ਦੇ ਸਿੱਖਾਂ ਦੀ ਇੱਛਾ ਦੇ ਉਲਟ ਕਾਰਵਾਈ ਕੀਤੀ ਹੈ ਜਦ ਕਿ ਅਮਰੀਕਾ ਦੇ ਸਿੱਖ ਇਹਨਾਂ ਨਾਲੋਂ ਜ਼ਿਆਦਾ ਸਮਝਦਾਰ, ਇਮਾਨਦਾਰ ਅਤੇ ਆਪਣੇ ਨਫੇ ਨੁਕਸਾਨ ਬਾਰੇ ਬੇਹਤਰ ਜਾਣਦੇ ਹਨ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਜੀ.ਕੇ. ਦੇ ਅੱਠ ਮੈਂਬਰੀ ਵਫਦ ਦਾ ਅਮਰੀਕਾ ਵਿਖੇ ਸਿੱਖਾਂ ਨੇ ਵਿਰੋਧ ਕੀਤਾ ਹੈ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਅਮਰੀਕਾ ਦੇ ਸਿੱਖ ਇਹਨਾਂ ਦੀ ਅਮਰੀਕਾ ਫੇਰੀ ਦੇ ਪੂਰੀ ਤਰ੍ਹਾਂ ਵਿਰੁੱਧ ਸਨ। ਉਹਨਾਂ ਕਿਹਾ ਕਿ ਕੁਝ ਸਿੱਖਾਂ ਨੇ ਤਾਂ ਇਹਨਾਂ ਦੀਆ ਧੱਕੇਸ਼ਾਹੀਆਂ ਨੂੰ ਲੈ ਕੇ ਅਦਾਲਤੀ ਸੰਮਨ ਵੀ ਜਾਰੀ ਕਰਵਾਏ ਪਰ ਇਹਨਾਂ ਨੇ ਸੰਮਨ ਲੈਣ ਤੋ ਇਨਕਾਰ ਕਰਕੇ ਸਾਬਤ ਕਰ ਦਿੱਤਾ ਕਿ ਇਹ ਉਥੋ ਦੇ ਕਨੂੰਨ ਨੂੰ ਨਹੀ ਮੰਨਦੇ ਤੇ ਫਿਰ ਇਹ ਕਿਹੜੇ ਮਰਿਆਦਾ ਦੀ ਆੜ ਹੇਠ ਉਥੋ ਦੇ ਅਧਿਕਾਰੀ ਕੋਲ ਸਿੱਖਾਂ ਦੀ ਰੈਜਮੈਂਟ ਬਣਾਉਣ ਦੀ ਮੰਗ ਲੈ ਕੇ ਗਏ ਸਨ। ਉਹਨਾਂ ਕਿਹਾ ਕਿ ਜਿਥੇ ਇਹਨਾਂ ਨੇ ਦਿੱਲੀ ਕਮੇਟੀ ਦੀਆ 98 ਕਰੋੜ ਦੀਆ ਐਫ।ਡੀ।ਆਰਜ਼ ਛੱਕ ਲਈਆ ਹਨ ਉਥੇ ਗੁਰੂ ਦੀ ਗੋਲਕ ਵਿੱਚੋ ਲੱਖਾਂ ਰੁਪਏ ਖਰਚ ਕਰਕੇ ਅੱਠ ਮੈਂਬਰੀ ਵਫਦ ਅਮਰੀਕਾ ਲੈ ਕੇ ਜਾਣਾ ਕਿਸੇ ਵੀ ਤਰ੍ਹਾਂ ਵਾਜਬ ਨਹੀ ਹੈ ਸਗੋ ਇਸ ਨੂੰ ਪੂਰੀ ਤਰ੍ਹਾਂ ਐਸ਼ਪ੍ਰਸਤੀ ਦਾ ਦੌਰਾ ਹੀ ਮੰਨਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜੀ ਕੇ ਤੇ ਸਿਰਸਾ ਨੂੰ ਸੰਗਤਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਸ ਦੌਰੇ ਦਾ ਦਿੱਲੀ ਕਮੇਟੀ ਤੇ ਸਿੱਖਾਂ ਨੂੰ ਕੀ ਲਾਭ ਹੋਇਆ ਹੈ? ਉਹਨਾਂ ਕਿਹਾ ਕਿ ਗੁਰੂ ਦੀ ਗੋਲਕ ਗੁਰਧਾਮਾਂ ਦੇ ਵਿਸਥਾਰ ਤੇ ਵਿਕਾਸ ਲਈ ਤੇ ਲੋਕ ਸੇਵਾ ਲਈ ਹਨ ਐਸ਼ਪ੍ਰਸਤੀ ਲਈ ਨਹੀਂ।