ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਸਿੰਘਲ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਭੰਗ ਨਾ ਕਰਨ- ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ : ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਹਿਪ ਦੇ ਸਰਪ੍ਰਸਤ ਸ੍ਰੀ ਅਸ਼ੋਕ ਸਿੰਘਲ ਦੇ ਫਿਰਕਾ ਪ੍ਰਸਤੀ ਦੀ ਭਾਵਨਾ ਤਹਿਤ ਦਿੱਤੇ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਦਫ਼ਤਰ ਤੋਂ ਜਾਰੀ ਪ੍ਰੈਸ ਦੇ ਨਾਮ ਬਿਆਨ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਭਾਰਤ ਇਕ ਬਹੁ ਧਰਮੀ ਦੇਸ਼ ਹੈ ਤੇ ਇਹ ਦੇਸ਼ ਹਿੰਦੂ, ਮੁਸਲਿਮ, ਸਿੱਖ, ਈਸਈ ਸਭ ਧਰਮਾਂ ਦਾ ਸਾਂਝਾ ਦੇਸ਼ ਹੈ। ਉਨ੍ਹਾਂ ਕਿਹਾ ਕਿ ਇਸ ਦੀ ਦੂਸਰੇ ਦੇਸ਼ਾਂ ਨਾਲੋਂ ਵਿਲੱਖਣਤਾਇਸ ਲਈ ਹੀ ਹੈ ਕਿ ਇਹ ਸਭ ਧਰਮਾਂ ਦਾ ਸਾਂਝਾ ਗੁਲਦਸਤਾ ਪ੍ਰੋਈ ਬੈਠਾ ਹੈ।
ਯਾਦ ਰਹੇ ਕਿ ਸ੍ਰੀ ਅਸ਼ੋਕ ਸਿੰਘਲ ਨੇ ਇਕ ਸਮਾਮਗ ਵਿੱਚ ਸੰਬੋਧਨ ਕਰਦਿਆਂ ੨੦੧੪ ਦੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਗਠਜੋੜ ਦੀ ਜਿੱਤ ਨੂੰ ਦੇਸ਼ ‘ਚ ਇਕ ਕ੍ਰਾਂਤੀ ਦੀ ਸ਼ੁਰੂਆਤ ਕਰਾਰ ਦਿੰਦੇ ਹੋਏ ਕਿਹਾ ਹੈ ਕਿ ੨੦੨੦ ਤੱਕ ਭਾਰਤ ਹਿੰਦੂ ਰਾਸ਼ਟਰ ਬਣ ਜਾਵੇਗਾ ਅਤੇ ੨੦੩੦ ਤੱਕ ਪੂਰੀ ਦੁਨੀਆਂ ਹਿੰਦੂ ਰਾਸ਼ਟਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ੨੦੧੪ ਦੀਆਂ ਚੋਣਾਂ ਵਿੱਚ ਕੇਵਲ ਹਿੰਦੂਆਂ ਨੇ ਵੋਟ ਨਹੀਂ ਦਿੱਤੀ ਇਸ ਵਿੱਚ ਦੂਸਰੇ ਧਰਮਾ ਦੇ ਲੋਕ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਿਸੇ ਘੱਟ ਗਿਣਤੀ ਕੌਮ ਨੂੰ ਦਬਾਉਣ ਵਾਲੀ ਗੱਲ ਕਰਨਾ ਸ੍ਰੀ ਸਿੰਘਲ ਲਈ ਵਾਜਬ ਨਹੀਂ। ਉਨ੍ਹਾਂ ਕਿਹਾ ਕਿ ਸ੍ਰੀ ਸਿੰਘਲ ਨੇ ਦੇਸ਼ ਹੀ ਨਹੀਂ ਬਲਕਿ ਪੂਰੇ ਵਿਸ਼ਵ ਨੂੰ ਹਿੰਦੂ ਰਾਸ਼ਟਰ ਬਣ ਜਾਣ ਬਾਰੇ ਗੱਲ ਕਰਕੇ ਵਿਦੇਸ਼ਾਂ ਵਿੱਚ ਬੈਠੇ ਦੂਸਰੇ ਧਰਮਾਂ ਦੇ ਲੋਕਾਂ ਦੇ ਮਨਾਂ ਨੂੰ ਵੀ ਡੂੰਘੀ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਨੂੰ ਅਜ਼ਾਦ ਕਰਾਉਣ ਵਿੱਚ ਕੇਵਲ ਹਿੰਦੂਆਂ ਦਾ ਹੀ ਨਹੀਂ ਬਲਕਿ ਮੁਸਲਿਮ, ਈਸਾਈ ਅਤੇ ਸਿੱਖ ਭਾਈਚਾਰੇ ਦਾ ਵੀ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਅਜਾਦ ਕਰਾਉਣ ਵਿੱਚ ੮੦ ਪ੍ਰਤੀਸ਼ਤ ਸਿੱਖਾਂ ਨੇ ਕੁਰਬਾਨੀ ਦਿੱਤੀ ਹੈ ।
ਉਨ੍ਹਾਂ ਕਿਹਾ ਕਿ ਚਾਹੇ ਕੋਈ ਹਿੰਦੂ ਹੈ ਜਾਂ ਫਿਰ ਕਿਸੇ ਹੋਰ ਧਰਮ ਦਾ ਇਨਸਾਨ ਸਭ ਉਸ ਪ੍ਰਮਾਤਮਾ ਦੇ ਹੀ ਬੰਦੇ ਹਨ ਤੇ ਸ੍ਰੀ ਸਿੰਘਲ ਨੂੰ ਇਹ ਬਿਆਨ ਸੋਚ ਸਮਝ ਕੇ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਸ੍ਰੀ ਅਸ਼ੋਕ ਸਿੰਘਲ ਦੇ ਇਸ ਬਿਆਨ ਵਿਚੋਂ ਫਿਰਕਾਪ੍ਰਸਤੀ ਦੀ ਬੋ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸਿੰਘਲ ਨੇ ਇਹ ਬਿਆਨ ਸਿਰਫ਼ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਦਿੱਤਾ ਹੈ, ਜੋ ਹਾਸੋ ਹੀਣੀ ਗੱਲ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸਿੰਘਲ ਆਪਣੇ ਵੱਲੋਂ ਐਸੇ ਬਿਆਨ ਦਾਗਣ ਤੋਂ ਸੰਕੋਚ ਕਰਨ ਜਿਸ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾਂ ਤੇ ਬੁਰਾ ਪ੍ਰਭਾਵ ਪੈਂਦਾ ਹੋਵੇ। ਉਨ੍ਹਾਂ ਕਿਹਾ ਕਿ ਭਾਰਤ ਇਕ ਬਹੁ ਧਰਮੀ ਦੇਸ਼ ਹੈ ਤੇ ਇਸ ਦੇਸ਼ ਦਾ ਹਰ ਨਾਗਰਿਕ ਭਾਰਤ ਵਾਸੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਭ ਧਰਮਾਂ ਦਾ ਸਾਂਝਾ ਦੇਸ਼ ਹੈ ਤੇ ਇਹ ਕਿਸੇ ਇਕ ਧਰਮ ਦੀ ਜਾਗੀਰ ਨਹੀਂ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਰ ਨੇਤਾ ਦਾ ਇਹ ਨੈਤਿਕ ਫਰਜ਼ ਹੁੰਦਾ ਹੈ ਕਿ ਉਹ ਸਭ ਧਰਮਾਂ ਦਾ ਸਤਿਕਾਰ ਕਰੇ ਤੇ ਸਭ ਨੂੰ ਆਪਣੇ ਨਾਲ ਲੈ ਕੇ ਚੱਲੇ ਇਸ ਵਿੱਚ ਹੀ ਦੇਸ਼ ਅਤੇ ਉਸ ਵਿਚ ਰਹਿਣ ਵਾਲੀ ਹਰ ਕੌਮ ਦਾ ਭਲਾ ਹੈ, ਪਰ ਪਤਾ ਨਹੀਂ ਕਿ ਸ੍ਰੀ ਸਿੰਘਲ ਐਸੇ ਬੇਹੂਦਾ ਬਿਆਨ ਦਾਗ ਕੇ ਕੀ ਸਾਬਤ ਕਰਨਾ ਚਾਹੁੰਦੇ ਹਨ! ਉਨ੍ਹਾਂ ਕਿਹਾ ਕਿ ਸ੍ਰੀ ਅਸ਼ੋਕ ਸਿੰਘਲ ਅੱਗੇ ਤੋਂ ਦੂਰ ਅੰਦੇਸ਼ੀ ਅਤੇ ਸੋਚ ਸਮਝ ਕੇ ਬਿਆਨ ਦੇਣ ਤਾਂ ਜੋ ਦੇਸ਼ ਵਿੱਚ ਸ਼ਾਂਤੀ ਬਣੀ ਰਹੇ ਅਤੇ ਸਭ ਧਰਮਾਂ ਦੇ ਲੋਕ ਮਿਲ ਜੁਲ ਕੇ ਆਪਸ ਵਿੱਚ ਭਰਾਤਰੀ ਭਾਵ ਨਾਲ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਲਈ ਵਡਮੁੱਲਾ ਯੋਗਦਾਨ ਪਾਉਂਦੇ ਰਹਿਣ।