ਫਤਿਹਗੜ੍ਹ ਸਾਹਿਬ – 1947 ਤੋਂ ਬਾਅਦ ਸਿੱਖ ਕੌਮ ਦਾ ਕੋਈ ਵੀ ਮਸਲਾ ਅੱਜ ਤੱਕ ਸੈਂਟਰ ਦੀ ਸਰਕਾਰ ਨੇ ਹੱਲ ਨਹੀਂ ਕੀਤਾ। ਇਸ ਦੀਆਂ ਵਜ੍ਹਾ ਤਾਂ ਕਈ ਹਨ, ਪਰ ਸਭ ਤੋਂ ਪ੍ਰਮੁੱਖ ਵਜ੍ਹਾ ਇਹ ਹੈ ਕਿ ਸਿੱਖਾਂ ਦੇ ਆਗੂਆਂ ਦੇ ਆਗੂਆਂ ਨੇ ਅੱਜ ਤੱਕ ਕਦੀ ਸੈਂਟਰ ਵਿੱਚ ਸਿੱਖ ਮੁੱਦਿਆਂ ਦੀ ਗੱਲ ਹੀ ਨਹੀਂ ਕੀਤੀ। ਉਹ ਆਪਣੇ ਸਿਆਸੀ ਅਤੇ ਪਰਿਵਾਰਕ ਹਿੱਤਾਂ ਦੀ ਪੂਰਤੀ ਲਈ ਹਮੇਸ਼ਾਂ ਸਿੱਖ ਕੌਮ ਦੇ ਹਿੱਤਾਂ ਅਤੇ ਹੱਕਾਂ ਦੀ ਬਲੀ ਚੜ੍ਹਾਉਂਦੇ ਆ ਰਹੇ ਹਨ। ਫਿਰ ਭਾਵੇਂ ਉਹ ਕਾਂਗਰਸ ਦੇ ਅਮਰਿੰਦਰ ਸਿੰਘ ਜਾਂ ਪ੍ਰਤਾਪ ਸਿੰਘ ਬਾਜਵਾ ਹੋਣ, ਦੂਜੇ ਪਾਸੇ ਰਵਾਇਤੀ ਅਕਾਲੀਆਂ ਦੇ ਵਿੱਚੋਂ ਪ੍ਰਕਾਸ਼ ਸਿੰਘ ਬਾਦਲ ਜਾਂ ਉਹਨਾਂ ਦੇ ਸਪੁੱਤਰ ਸੁਖਬੀਰ ਸਿੰਘ ਬਾਦਲ। ਸਿੱਖ ਕੌਮ ਨੂੰ ਭਗਵੇਂ ਰੰਗ ਵਿਚ ਰੰਗਣ ਲਈ ਬੀਜੇਪੀ ਅਤੇ ਆਰ ਐਸ ਐਸ ਸਿੱਖਾਂ ਨੂੰ ਆਪਣੇ ਜਾਲ ਵਿਚ ਫ਼ਸਾ ਕੇ ਉਹਨਾ ਨੂੰ ਆਪਣੀਆਂ ਪਾਰਟੀਆਂ ਵਿਚ ਸ਼ਾਮਿਲ ਕਰ ਰਹੇ ਹਨ। ਪਿਛਲੀਆਂ ਪਾਰਲੀਮੈਂਟ ਚੋਣਾਂ ਵਿੱਚ ਆਮ ਸਿੱਖਾਂ ਇਕ ਨਵਾਂ ਰਾਹ ਚੁਣ ਕੇ ਆਮ ਆਦਮੀ ਪਾਰਟੀ ਨੂੰ ਵੀ ਵੋਟਾਂ ਪਾਈਆਂ ਪਰ ਆਮ ਆਦਮੀ ਪਾਰਟੀ ਵੀ ਆਪਣੇ ਹੀ ਮਸਲਿਆਂ ਵਿਚ ਉਲਝ ਕੇ ਰਹਿ ਗਈ ਉਹਨਾਂ ਵੀ ਸਿੱਖ ਮਸਲਿਆਂ ਦੀ ਗੱਲ ਨਾ ਕਰਕੇ ਉਹਨਾਂ ਦੇ ਹਮਾਇਤੀ ਸਿੱਖਾਂ ਦੀਆਂ ਉਮੀਦਾਂ ਉਤੇ ਪਾਣੀ ਫੇਰ ਦਿੱਤਾ। ਜੋ ਸੰਤ ਸਮਾਜ (ਧੁੰਮਾਂ) ਹੈ ਉਹ ਵੀ ਗੁਰੁ ਨਾਨਕ ਸਾਹਿਬ ਦਾ ਆਦੇਸ਼ ਪਾਸੇ ‘ਤੇ ਸੁੱਟ ਕੇ ਬਾਬਰ ਜਾਬਰ ਵੱਲ ਝੁਕ ਗਏ ਹਨ।
ਇਹੀ ਵਜ੍ਹਾ ਹੈ ਕਿ ਸਿੱਖ ਕੌਮ ‘ਤੇ ਅੱਜ ਸੰਕਟ ਆਇਆ ਹੋਇਆ ਹੈ। ਪ੍ਰਕਾਸ਼ ਸਿੰਘ ਬਾਦਲ ‘ਤੇ ਉਹਨਾਂ ਦੇ ਨਾਲ ਜੋ ਸਿੱਖ ਆਗੂ ਚੱਲ ਰਹੇ ਹਨ, ਉਹਨਾਂ ਨੇ ਸਿੱਖ ਕੌਮ ਦੀ ਆਵਾਜ ਸੁਣਨ ਤੋਂ ਪਾਸਾ ਵੱਟ ਲਿਆ ਹੈ ਅਤੇ ਹਿੰਦੂਤਵ ਬੀਜੇਪੀ ਅਤੇ ਆਰ ਐਸ ਐਸ ਦੇ ਭਾਂਡੇ ਮਾਂਜਣ ਲਈ ਆਪਣੇ ਆਪ ਨੂੰ ਖੁਸ਼ ਕਿਸਮਤ ਸਮਝਦੇ ਹਨ। ਇਸ ਤੋਂ ਇਲਾਵਾ ਜੋ ਸਿੱਖਾਂ ਨੂੰ 20-20 ਸਾਲ ਜੇਲ੍ਹ ਭੁਗਤਣ ਤੋਂ ਬਾਅਦ ਉਹਨਾਂ ਨੂੰ ਪੰਜਾਬ ਦੇ ਜੇਲ੍ਹਾਂ ਦੇ ਵਿਚ ਲਿਆਉਣਾ ਸੀ ਉਸ ਇਕਰਾਰ ਤੋਂ ਵੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਮੂੰਹ ਫੇਰ ਗਏ ਹਨ। ਜਿਸ ਦੀ ਬਦੌਲਤ ਅੱਜ ਸ. ਸੂਰਤ ਸਿੰਘ ਖਾਲਸਾ ਆਪਣੀ ਜਾਨ ਦੀ ਬਾਜ਼ੀ ਲਗਾਉਣ ਲਈ ਤਿਆਰ ਹਨ, ਉਹਨਾਂ ਦੇ ਕੋਲ ਨਾ ਬਾਦਲ, ਨਾ ਸੁਖਬੀਰ ਸਿੰਘ, ਨਾ ਅਮਰਿੰਦਰ ਸਿੰਘ, ਨਾ ਪ੍ਰਤਾਪ ਸਿੰਘ ਬਾਜਵਾ, ਨਾ ਸੁਰਜੀਤ ਸਿੰਘ ਬਰਨਾਲਾ, ਨਾ ਹਰਨਾਮ ਸਿੰਘ ਧੁੰਮਾਂ, ਜਾਂ ਬਾਬਾ ਬਿਧੀ ਚੰਦੀਏ ਅਤੇ ਹੋਰ ਸੰਤ ਮਹਾਤਮਾ ਜੋ ਸਿੱਖ ਸੰਗਤਾਂ ਦੇ ਧੰਨ ਦੇ ਉੱਤੇ ਐਸ਼ੋ-ਇਸ਼ਰਤ ਦੀਆਂ ਜਿੰਦਗੀਆਂ ਬਤੀਤ ਕਰ ਰਹੇ ਹਨ, ਉਹਨਾਂ ਕੋਲ ਜਾਣ ਲਈ ਜਾਂ ਉਹਨਾਂ ਦੇ ਹੱਕ ਦੇ ਵਿੱਚ ਭੁਗਤਣ ਦੇ ਲਈ ਤਿਆਰ ਨਹੀਂ ਹਨ। ਹੁਣ ਇਹਨਾਂ ਸਾਰਿਆਂ ਦਾ ਜਬਰ ਅਤੇ ਅਨਿਆਏ ਸਿੱਖ ਕੌਮ ਹੁਣ ਝੱਲ ਨਹੀਂ ਸਕਦੀ, ਖਾਸ ਕਰਕੇ ਸ. ਸੂਰਤ ਸਿੰਘ ਦੀ ਸਿਹਤ ਜੋ ਦਿਨ ਬ ਦਿਨ ਨਾਜੁਕ ਹੁੰਦੀ ਜਾ ਰਹੀ ਹੈ, ਜੇਕਰ ਇਸ ਉਹਨਾਂ ਨੂੰ ਕੋਈ ਵੀ ਆਂਚ ਆਈ ਤਾਂ ਅਸੀਂ ਨਾ ਬੰਦੂਕ ਚੁੱਕਾਂਗੇ ਅਤੇ ਨਾ ਵੱਡੀਆਂ ਕਾਨ੍ਹਫ਼ਰੰਸਾਂ । ਸਾਡੇ ਕੋਲ ਇਕੋ ਇਕ ਰਾਹ ਰਹਿ ਗਿਆ ਹੈ ਕਿ ਅਸੀਂ ਜਿਵੇਂ ਤਿਬੱਤੀ ਲੋਕਾਂ ਨੇ ਆਪਣੀ ਮਾਂ-ਬੇਟੀ ਅਤੇ ਮਾਲ ਦੀ ਇਜ਼ੱਤ ਰੱਖਣ ਦੇ ਲਈ ਆਪਣਾ ਮੁਲਕ ਛੱਡ ਦਿੱਤਾ ਸੀ। ਇਸੇ ਤਰ੍ਹਾਂ ਅਸੀਂ ਸਿੱਖ ਪੰਜਾਬ ਤੋਂ ਹਾਲ ਦੀ ਘੜੀ ਹਿਜਰਤ ਕਰਨ ਦੇ ਲਈ ਮਜਬੂਰ ਹੋ ਜਾਣਗੇ ਅਤੇ ਜਿਵੇਂ ਤਿੱਬਤੀ ਸਰਕਾਰ ਧਰਮਸ਼ਾਲਾ ਤੋਂ ਚੱਲਦੀ ਹੈ, ਇਸੇ ਤਰ੍ਹਾਂ ਬਾਹਰ ਦੇ ਮੁਲਕ ਤੋਂ ਚੱਲੇਗੀ। ਭਾਦਲ-ਮੋਦੀ ਹਕੂਮਤ ਨੇ ਸਿੱਖਾਂ ਦੇ ਸਿੱਖਾਂ ਦੇ ਸਬਰ ਦਾ ਅੰਤ ਕਰ ਦਿੱਤਾ ਹੈ, ਜੇ ਤਿੱਬਤੀ ਲੋਕ ਆਪਣੀ ਇਜ਼ਤ ਹਿਜਰਤ ਕਰਕੇ ਸੰਭਾਲ ਸਕਦੇ ਹਨ ਫਿਰ ਸਿੱਖ ਕੌਮ ਇਹਨਾਂ ਤੋਂ ਮਾੜੀ ਨਾ ਸਮਝੀ ਜਾਵੇ।
ਪੰਥਕ ਆਗੂ ਜਿਵੇਂ ਸਿੰਘ ਸਾਹਿਬਾਨ ਉਹ ਵੀ ਬਾਦਲ-ਬੀਜੇਪੀ ਦੀਆਂ ਨੀਤੀਆਂ ਦਾ ਹੱਥਠੋਕਾ ਬਣ ਕੇ ਰਹਿ ਗਏ ਹਨ। ਇਸ ਦੇ ਨਤੀਜੇ ਵੱਜੋਂ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਟਲੀ ਅਤੇ ਨਿਊਯਾਰਕ ਦੇ ਦੌਰਿਆਂ ਦੌਰਾਨ ਸਿੱਖ ਕੌਮ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਬਾਦਲ ਵਫ਼ਦ ਨੂੰ ਕੈਨੇਡਾ-ਅਮਰੀਕਾ ਦੇ ਦੌਰਿਆਂ ਤੋਂ ਯਕੀਨੀ ਵਿਸ਼ਵਾਸ ਹੋ ਗਿਆ ਹੈ ਕਿ ਸਿੱਖ ਕੌਮ ਦਾ ਹੁਣ ਉਹਨਾਂ ਤੋਂ ਵਿਸ਼ਵਾਸ ਉੱਠ ਗਿਆ ਹੈ , ਇਹ ਇਕ ਇਸ਼ਾਰਾ ਹੈ ਕਿ ਸਿੱਖ ਕੌਮ ਹੁਣ ਜਾਗ ਚੁੱਕੀ ਹੈ ਹੁਣ ਆਪਣੇ ਆਪ ਨੂੰ ਸ਼ਹੀਦ ਨਹੀਂ ਕਰਵਾਉਣਾ, ਇਕ ਨਵਾਂ ਪ੍ਰੋਗਰਾਮ ਸੋਚਣ ਲਈ ਤਿਆਰ ਹਨ। ਕਿਉਂਕਿ ਸਾਡੇ ਹੁਕਮਰਾਨ ਅੱਜ ਬਿਲਕੁਲ ਰਿਸ਼ਵਤਖੋਰ ਹੋ ਗਏ ਹਨ। ਵੱਡੀਆਂ ਵੱਡੀਆਂ ਕੋਠੀਆਂ ਉਸਾਰ ਰਹੇ ਹਨ ਅਤੇ ਸਮੈਕ, ਚਰਸ, ਗਾਂਜਾ, ਹੈਰੋਇਨ, ਅਫੀਮ ਅਤੇ ਭੁੱਕੀ ਨੌਜਵਾਨਾਂ ਨੂੰ ਆਪਣੇ ਸੌੜੇ ਹਿੱਤਾਂ ਨੂੰ ਪਾਲਣ ਲਈ ਪੰਜਾਬ ਦੀ ਨੌਜਵਾਨੀ ਨੂੰ ਇਹਨਾਂ ਰੋਲ ਦਿੱਤਾ ਹੈ। ਸਮਾਂ ਆ ਗਿਆ ਹੈ ਕਿ ਇਹਨਾਂ ਆਗੂਆਂ ਨੂੰ ਹੁਣ ਪੂਰੀ ਤਰ੍ਹਾਂ ਰੱਦ ਕਰ ਦੇਈਏ।
ਅੰਗਰੇਜ਼ੀ ਦੀ ਕਹਾਵਤ ਹੈ ਕਿ “ਲੋਕਾਂ ਨੂੰ ਉਹੀ ਸਰਕਾਰ ਮਿਲਦੀ ਹੈ ਜੋ ਉਹ ਵੋਟਾਂ ਰਾਹੀਂ ਚੁਣਦੇ ਹਨ।” ਜੇ ਸਿੱਖ ਕੌਮ ਦਾ ਨੁਮਾਇੰਦਾ ਨਾ ਪਾਰਲੀਮੈਂਟ ਅਤੇ ਨਾ ਪੰਜਾਬ ਦੀ ਅਸੈਂਬਲੀ ਵਿਚ ਹੋਵੇ ਤਾਂ ਫਿਰ ਮੌਜੂਦਾ ਸੈਂਟਰ ਅਤੇ ਪੰਜਾਬ ਦੀ ਸਰਕਾਰ ਉਹੀ ਕਰੇਗੀ ਜੋ ਸਰਕਾਰ ਮੁਨਾਸਿਬ ਸਮਝੇਗੀ। ਇਸ ਲਈ ਸਿੱਖ ਕੌਮ ਨੂੰ ਸੋਚ ਸਮਝ ਕੇ ਹੀ ਅਪਣੀ ਕੀਮਤੀ ਵੋਟ ਦਾ ਭੁਗਤਾਨ ਕਰਨਾ ਚਾਹੀਦਾ ਹੈ ਅਤੇ ਉਹ ਨੁਮਾਇੰਦਾ ਚੁਣਨਾ ਚਾਹੀਦਾ ਹੈ ਜੋ ਸਿੱਖ ਕੌਮ ਦੇ ਹਿੱਤਾਂ ਅਤੇ ਹੱਕ-ਹਕੂਕਾਂ ਲਈ ਪ੍ਰਤੀਬੱਧ ਹੋਵੇ।