ਅੰਮ੍ਰਿਤਸਰ – ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਤੀਕ ਇਕ ਵਿਸ਼ਾਲ ਨਗਰ ਕੀਰਤਨ ਆਯੋਜਤ ਕੀਤਾ ਗਿਆ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਇਹ ਨਗਰ ਕੀਰਤਨ ਦੁਪਹਿਰ 12 ਵਜੇ ਅਰੰਭ ਹੋਇਆ। ਸੁੰਦਰ ਫੁੱਲਾਂ ਨਾਲ ਸਜੀ ਸੁਨਹਿਰੀ ਪਾਲਕੀ ਵਿਚ ਸੁਸ਼ੋਭਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਚੌਰ ਦੀ ਸੇਵਾ ਕਰ ਰਹੇ ਸਨ। ਨਗਰ ਕੀਰਤਨ ‘ਚ ਧਾਰਮਿਕ ਸਭਾ ਸੁਸਾਇਟੀਆਂ ਸ਼ਬਦੀ ਜਥੇ, ਗਤਕਾ ਪਾਰਟੀਆਂ, ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਤੇ ਬੈਂਡ, ਸ਼ਹਿਰ ਦੀਆਂ ਵੱਖ-ਵੱਖ ਬੈਂਡ ਪਾਰਟੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦਾ ਸਟਾਫ ਤੇ ਭਾਰੀ ਗਿਣਤੀ ‘ਚ ਗੁਰੂ ਜਸ ਗਾਇਨ ਕਰਦੀਆਂ ਪੈਦਲ ਸੰਗਤਾਂ ਤੇ ਸ਼ਹਿਰ ਦੇ ਪਤਵੰਤੇ ਸ਼ਾਮਲ ਹੋਏ ਨਗਰ ਕੀਰਤਨ ਦਾ ਰਸਤਾ ਬਹੁਤ ਹੀ ਸੋਹਣੀ ਤਰ੍ਹਾਂ ਸਜਾਇਆ ਹੋਇਆ ਸੀ। ਸੁੰਦਰ ਵਰਦੀਆਂ ‘ਚ ਸਜੇ ਵਿਦਿਆਰਥੀ ਤੇ ਗਤਕਾ ਪਾਰਟੀਆਂ ਆਪਣੀ-ਆਪਣੀ ਕਲਾ ਦੇ ਜੌਹਰ ਦਿਖਾ ਰਹੀਆਂ ਸਨ। ਗੁਰੂ ਸਾਹਿਬ ਨੂੰ ਨਤਮਸਤਕ ਹੋਣ ਲਈ ਸੰਗਤਾਂ ਲੰਮਾਂ ਸਮਾਂ ਸ਼ਰਧਾ ਤੇ ਸਤਿਕਾਰ ਨਾਲ ਖੜੀਆਂ ਕਾਫੀ ਸਮਾਂ ਉਡੀਕ ਕਰਦੀਆਂ ਰਹੀਆਂ। ਨਗਰ ਕੀਰਤਨ ‘ਚ ਸ਼ਾਮਲ ਸੰਗਤਾਂ ਦੀ ਸਥਾਨਕ ਸੰਗਤਾਂ ਵਲੋਂ ਜਲ, ਚਾਹ, ਫਲਾਂ, ਮਠਿਆਈਆਂ ਤੇ ਲੰਗਰ ਦੀ ਬੜੀ ਸ਼ਰਧਾ ਨਾਲ ਸੇਵਾ ਕੀਤੀ ਗਈ। ਨਗਰ ਕੀਰਤਨ ‘ਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਉਂਕਾਰ ਸਿੰਘ ਸ਼ਰੀਫਪੁਰਾ, ਸਰਾਵਾਂ ਦੇ ਮੈਨੇਜਰ ਸ. ਕੁਲਦੀਪ ਸਿੰਘ ਬਾਵਾ, ਸ੍ਰੀ ਦਰਬਾਰ ਸਾਹਿਬ ਦੇ ਐਡੀ: ਮੈਨੇਜਰ ਸ. ਬਲਬੀਰ ਸਿੰਘ, ਮੀਤ ਮੈਨੇਜਰ ਸ. ਮੰਗਲ ਸਿੰਘ, ਵੱਡੀ ਗਿਣਤੀ ’ਚ ਸ੍ਰੀ ਦਰਬਾਰ ਸਾਹਿਬ ਦਾ ਸਟਾਫ, ਪਤਵੰਤੇ ਸੱਜਣ ਤੇ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਨਗਰ ਕੀਰਤਨ ਸ੍ਰੀ ਗੁਰੂ ਰਾਮਦਾਸ ਸਰਾਂ, ਚੌਂਕ ਬਾਬਾ ਸਾਹਿਬ, ਚੌਂਕ ਕਰੋੜੀ, ਬਾਬਾ ਦੀਪ ਸਿੰਘ ਕਲੋਨੀ, ਹਵੇਲੀ ਅਬਲਵਈਆਂ, ਚੌਂਕ ਜੈ ਸਿੰਘ, ਬਜਾਰ ਲੋਹਾਰਾਂ, ਚੌਂਕ ਲਛਮਣਸਰ, ਢਾਬ ਵਸਤੀ ਰਾਮ, ਕਣਕ ਮੰਡੀ, ਚੌਂਕ ਛੱਤੀ ਖੂਹੀ, ਬਜ਼ਾਰ ਬਾਂਸਾਂ, ਬਜਾਰ ਪਾਪੜਾਂ, ਬਜ਼ਾਰ ਕਾਠੀਆਂ, ਬਜ਼ਾਰ ਮਾਈ ਸੇਵਾਂ ਤੇ ਦਰਸ਼ਨੀ ਡਿਉਢੀ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਵਿਖੇ ਸੰਪੰਨ ਹੋਇਆ।