ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਭੂਮੀ ਅਤੇ ਭਾਣੀ ਇੰਜੀਨੀਅਰਿੰਗ ਵਿਭਾਗ ਵਿੱਚ ਸਹਾਇਕ ਖੋਜ ਇੰਜੀਨੀਅਰ ਵਜੋਂ ਸੇਵਾ ਨਿਭਾ ਰਹੇ ਡਾ: ਸਨਮਪ੍ਰੀਤ ਕੌਰ ਆਹੂਜਾ ਨੂੰ ਕੁਦਰਤੀ ਸਰੋਤ ਪ੍ਰਬੰਧਨ ਵਿੱਚ ਸਰਵੋਤਮ ਡਾਕਟੋਰਲ ਥੀਸਿਸ ਖੋਜ ਕਰਨ ਕਰਕੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦਾ ਜਵਾਹਰ ਲਾਲ ਨਹਿਰੂ ਐਵਾਰਡ ਹਾਸਲ ਹੋਇਆ। ਇਸ ਮੌਕੇ ਵਧਾਈ ਦਿੰਦਿਆਂ ਡਾ:ਬਲਦੇਵ ਸਿੰਘ ਢਿੱਲੋਂ, ਵਾਈਸ ਚਾਂਸਲਰ ਪੀ ਏ ਯੂ ਨੇ ਕਿਹਾ ਕਿ ਇਸ ਮਾਣ ਮੱਤੇ ਰਾਸ਼ਟਰੀ ਐਵਾਰਡ ਨਾਲ ਜਿੱਥੇ ਯੂਨੀਵਰਸਿਟੀ ਦਾ ਮਾਣ ਵਧਿਆ ਹੈ, ਉਥੇ ਖੇਤੀ ਖੋਜ ਵਿੱਚ ਜੁਟੇ ਵਿਦਿਆਰਥੀਆਂ ਦੀ ਵੀ ਹੌਸਲਾ ਅਫਜ਼ਾਈ ਹੋਈ ਹੈ। ਇਸ ਮੌਕੇ ਡਾ: (ਸ਼੍ਰੀਮਤੀ) ਨੀਲਮ ਗਰੇਵਾਲ, ਡੀਨ ਪੋਸਟ ਗਰੈਜੂਏਟ ਸਟੱਡੀਜ਼ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਪੀ ਐੱਚ ਡੀ ਵਿਦਿਆਰਥੀਆਂ ਵੱਲੋਂ ਕੀਤੀ ਜਾ ਰਹੀ ਸਰਵੋਤਮ ਖੋਜ ਕਰਕੇ ਪੀ ਏ ਯੂ ਨੂੰ ਇਹ 17ਵਾਂ ਜਵਾਹਰ ਲਾਲ ਨਹਿਰੂ ਐਵਾਰਡ ਹਾਸਲ ਹੋਇਆ ਹੈ। ਵਿਦਿਆਰਥਣ ਦੇ ਐਡਵਾਈਜ਼ਰ ਡਾ: ਕੇ ਜੀ ਸਿੰਘ ਅਤੇ ਡਾ: ਪੀ ਪੀ ਐਸ ਲੁਬਾਣਾ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕਰਦਿਆਂ ਡਾ: ਗਰੇਵਾਲ ਨੇ ਭਵਿੱਖ ਵਿੱਚ ਵੀ ਅਜਿਹੇ ਐਵਾਰਡ ਹਾਸਲ ਕਰਨ ਦੀ ਕਾਮਨਾ ਕੀਤੀ।
ਇਸ ਮੌਕੇ ਡਾ: ਜਸਕਰਨ ਸਿੰਘ ਮਾਹਲ, ਡੀਨ ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਨੇ ਕਿਹਾ ਕਿ ਦ੍ਰਿੜ ਇਰਾਦੇ ਅਤੇ ਸਖਤ ਮਿਹਨਤ ਨਾਲ ਹੀ ਅਸੀਂ ਆਪਣੀ ਮੰਜ਼ਿਲ ਹਾਸਲ ਕਰ ਸਕਦੇ ਹਾਂ। ਉਨ੍ਹਾਂ ਨੇ ਆਪਣੇ ਕਾਲਜ ਵੱਲੋਂ ਵਿਦਿਆਰਥਣ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਐਵਾਰਡ ਹਾਸਿਲ ਹੋਣ ਨਾਲ ਕਾਲਜ ਦਾ ਨਾਂ ਹੋਰ ਵੀ ਉੱਚਾ ਹੋਇਆ ਹੈ। ਡਾ: ਰਾਜਨ ਅਗਰਵਾਲ, ਸੀਨੀਅਰ ਰਿਸਰਚ ਇੰਜੀਨੀਅਰ-ਕਮ-ਮੁਖੀ ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਨੇ ਵੀ ਡਾ: ਸਨਮਪ੍ਰੀਤ ਕੌਰ ਨੂੰ ਵਧਾਈ ਦਿੱਤੀ।
ਡਾ: ਸਮਨਪ੍ਰੀਤ ਕੌਰ ਨੂੰ ਇਹ ਐਵਾਰਡ 25 ਜੁਲਾਈ 2015 ਨੂੰ ਆਈ ਸੀ ਏ ਆਰ ਦੇ 87ਵੇਂ ਫਾਉਂਡੇਸ਼ਨ ਦਿਵਸ ਮੌਕੇ ਪਟਨਾ ਵਿਖੇ ਪ੍ਰਦਾਨ ਕੀਤਾ ਜਾਵੇਗਾ ਜਿਸ ਵਿੱਚ 50 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਤੋਂ ਇਲਾਵਾ ਇਕ ਸਰਟੀਫਿਕੇਟ, ਪ੍ਰਸੰਸਾ ਪੱਤਰ ਅਤੇ ਗੋਲਡ ਮੈਡਲ ਵੀ ਸ਼ਾਮਲ ਹੋਵੇਗਾ।