ਨਵੀਂ ਦਿੱਲੀ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਵਿਦੇਸ਼ੀ ਸਿੱਖ ਪ੍ਰਵਾਸ ਕਰਨ ਦੇ ਬਾਵਜੂਦ ਵੀ ਆਪਣੇ ਹਿਰਦਿਆ ਅੰਦਰ ਪੰਜਾਬ ਦਾ ਦਰਦ ਸਮੋਈ ਬੈਠੇ ਹਨ ਤੇ ਉਹਨਾਂ ਨੂੰ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਵੱਲੋ ਦੇਸ਼ ਧ੍ਰੋਹੀ ਕਹਿਣਾ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਭਾਂਵੇ ਆਪਣਾ ਸੁੱਖੀ ਜੀਵਨ ਬਤੀਤ ਕਰ ਰਹੇ ਪਰ ਪੰਜਾਬ ਵਿੱਚ ਵੱਧ ਰਹੀ ਬੇਰੁਜ਼ਗਾਰੀ , ਨਸ਼ੀਲੇ ਪਦਾਰਥਾਂ ਦੇ ਮੱਕੜਜਾਲ, ਵੱਧ ਰਹੀ ਗੁੰਡਾਗਰਦੀ, ਕਿਸਾਨਾਂ ਦੀ ਹੋਈ ਰਹੀ ਦੁਰਦਸ਼ਾ ਤੇ ਨੌਜਵਾਨਾਂ ਵਿੱਚ ਵੱਧ ਰਹੇ ਨਸ਼ੀਲੇ ਪਦਾਰਥਾਂ ਦੇ ਸੇਵਨ ਦੀ ਪ੍ਰੀਵਿਰਤੀ ਨੂੰ ਲੈ ਕੇ ਕਾਫੀ ਚਿੰਤੁਤ ਹਨ ਤੇ ਪੰਜਾਬ ਦੀ ਹਾਕਮ ਧਿਰ ਅਕਾਲੀ ਦਲ ਵੱਲੋ ਇਹਨਾਂ ਅਲਾਮਤਾਂ ਨੂੰ ਦੂਰ ਕਰਨ ਲਈ ਕੋਈ ਉਪਰਾਲੇ ਨਾ ਕਰਨ ਸਗੋ ਸਰਕਾਰ ਨਾਲ ਸਬੰਧਿਤ ਮੰਤਰੀਆ ਦੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਗੋਰਖ ਧੰਦੇ ਦੇ ਮੱਕੜਜਾਲ ਵਿੱਚ ਨਾਮ ਆਉਣ ਤੋ ਖਫਾ ਹਨ ਜਿਸ ਕਰਕੇ ਹੀ ਉਹਨਾਂ ਨੇ ਹਾਕਮ ਧਿਰ ਨਾਲ ਸਬੰਧਿਤ ਆਗੂਆਂ ਤੇ ਮੰਤਰੀਆ ਨੂੰ ਜਾਗਰੂਕ ਕਰਨ ਲਈ ਉਹਨਾਂ ਦੀ ਕਨੇਡਾ ਫੇਰੀ ਦੌਰਾਨ ਵਿਰੋਧ ਕਰਕੇ ਪਹਿਲਾਂ ਪੰਜਾਬ ਨੂੰ ਸੰਭਾਲਣ ਦਾ ਸੰਦੇਸ਼ ਦਿੱਤਾ ਹੈ। ਉਹਨਾਂ ਕਿਹਾ ਕਿ ਕਨੇਡੀਅਨ ਪੁਲੀਸ ਨੂੰ ਯੂਰਪ ਦੀ ਸ਼ਾਨਦਾਰ ਪੁਲੀਸ ਹੋਣ ਦਾ ਮਾਣ ਪ੍ਰਾਪਤ ਹੈ ਤੇ ਉਥੋ ਦੇ ਲੋਕ ਪੁਲੀਸ ਦੀ ਕਾਰਗੁਜਾਰੀ ਤੋ ਸੰਤੁਸ਼ਟ ਹਨ ਤੇ ਕਿਸੇ ਵੀ ਘਟਨਾ ਦੇ ਵਾਪਰਨ ਤੇ ਪੁਲੀਸ ਚੰਦ ਮਿੰਟਾਂ ਵਿੱਚ ਘਟਨਾ ਸਥਾਨ ‘ਤੇ ਪਹੁੰਚ ਜਾਂਦੀ ਹੈ। ਉਹਨਾਂ ਕਿਹਾ ਕਿ ਕਨੇਡਾ ਦੀ ਪੁਲੀਸ ਦੇ ਮੁਕਾਬਲੇ ਜੇਕਰ ਪੰਜਾਬ ਪੁਲੀਸ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਪੁਲੀਸ ਨੂੰ ਜਥੇਦਾਰ ਚਲਾ ਰਹੇ ਹਨ ਤੇ ਕਿਸੇ ਵੀ ਘਟਨਾ ਵਾਪਰ ਜਾਣ ਤੋ ਪਹਿਲਾਂ ਉਹਨਾਂ ਨੂੰ ਕਿਸੇ ਮੰਤਰੀ ਜਾਂ ਸੰਤਰੀ ਤੇ ਆਗਿਆ ਲੈਣੀ ਪੈਦੀ ਹੈ ਜਦ ਕਿ ਕਨੇਡਾ ਵਿੱਚ ਕੋਈ ਘਟਨਾ ਵਾਪਰ ਜਾਣ ‘ਤੇ ਪੁਲੀਸ ਚੰਦ ਮਿੰਟਾਂ ਵਿੱਚ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲ ਲੈਦੀ ਹੈ।
ਉਹਨਾਂ ਕਿਹਾ ਕਿ ਕਨੇਡੀਆਨ ਰੱਖਿਆ ਮੰਤਰੀ ਕੈਨੀ ਤੇ ਇੱਕ ਹੋਰ ਪੰਜਾਬੀ ਮੂਲ ਦੇ ਮੰਤਰੀ ਟਿਮ ਉਪਲ ਨੇ ਜਿਸ ਤਰੀਕੇ ਨਾਲ ਸਿਕੰਦਰ ਸਿੰਘ ਮਲੂਕਾ ਵੱਲੋ ਕਨੇਡੀਅਨ ਪੁਲੀਸ ਦੀ ਨੁਕਤਾਚੀਨੀ ਕਰਨ ਦਾ ਜਵਾਬ ਦਿੰਦਿਆ ਕਿਹਾ ਕਿ ਕਨੇਡੀਅਨ ਪੁਲੀਸ ਨੇ ਜੋ ਕੁਝ ਵੀ ਕੀਤਾ ਹੈ ਠੀਕ ਕੀਤਾ ਤੇ ਅਕਾਲੀਆ ਨੂੰ ਕਨੇਡਾ ਵਿੱਚ ਆ ਕੇ ਕਿਸੇ ਕਿਸਮ ਦੀ ਵੀ ਗੜਬੜ ਨਹੀ ਕਰਨ ਦਿੱਤੀ ਜਾਵੇਗੀ । ਉਹਨਾਂ ਤਾਂ ਇਥੋ ਤੱਕ ਕਹਿ ਦਿੱਤਾ ਹੈ ਕਿ ਅਕਾਲੀਆ ਨੂੰ ਪਹਿਲਾਂ ਪੰਜਾਬ ਵਿੱਚੋ ਨਸ਼ੀਲੇ ਪਦਾਰਥਾਂ ਦੇ ਹੋ ਰਹੇ ਗੋਰਖ ਧੰਦੇ ਨੂੰ ਖਤਮ ਕਰਨਾ ਚਾਹੀਦਾ ਹੈ ਤੇ ਪੰਜਾਬ ਦੇ ਨੌਜਵਾਨਾਂ ਨੂੰ ਇਸ ਲਤ ਤੋ ਬਚਾਉਣਾ ਚਾਹੀਦਾ ਹੈ ਅਤੇ ਕਨੇਡਾ ਦੇ ਸਿੱਖ ਪੂਰੀ ਤਰ੍ਵਾ ਸੁਰੱਖਿਅਤ ਤੇ ਖੁਸ਼ਹਾਲ ਹਨ ਜਿਹਨਾਂ ਦੀ ਫਿਕਰ ਕਰਨ ਦੀ ਅਕਾਲੀਆ ਨੂੰ ਲੋੜ ਨਹੀ ਹੈ।
ਸ੍ਰ. ਸਰਨਾ ਨੇ ਕਿਹਾ ਕਿ ਪ੍ਰਵਾਸੀ ਸਿੱਖ ਚੰਗਾ ਖਾਂਦੇ, ਚੰਗਾ ਪਹਿਨਦੇ ਤੇ ਚੰਗਾ ਜੀਵਨ ਬਤੀਤ ਕਰਦੇ ਹਨ ਤੇ ਫਿਰ ਵੀ ਆਪਣੇ ਸੀਨੇ ਵਿੱਚ ਪੰਜਾਬ ਦਾ ਦਰਦ ਸਮੋਈ ਬੈਠੇ ਹਨ ਤੇ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਵੱਲੋ ਦੇਸ਼ ਧ੍ਰੋਹੀ ਕਹਿਣ ਦੀ ਨਿੰਦਾ ਕਰਦੇ ਹਨ ਆੇ ਮੰਗ ਕਰਦੇ ਹਨ ਕਿ ਸੁਖਬੀਰ ਬਾਦਲ ਆਪਣੇ ਲਫਜ਼ ਤੁਰੰਤ ਵਾਪਸ ਲਵੇ ਤੇ ਭਵਿੱਖ ਵਿੱਚ ਯਕੀਨੀ ਬਣਾਏ ਕਿ ਉਹ ਕਿਸੇ ਵੀ ਸਿੱਖ ਨੂੰ ਦੇਸ਼ ਧ੍ਰੋਹੀ ਦੇ ਲਕਬ ਨਾਲ ਨਹੀ ਪੁਕਾਰਨਗੇ। ਉਹਨਾਂ ਕਿਹਾ ਕਿ ਜੇਕਰ ਦੇਸ਼ ਧ੍ਰੋਹੀ ਦੀ ਪ੍ਰੀਭਾਸ਼ਾ ਬਾਰੇ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀ ਹੈ ਤਾਂ ਉਹਨਾਂ ਨੂੰ ਆਪਣੇ ਪਿਤਾ ਸਰਕਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛ ਲੈਣਾ ਚਾਹੀਦਾ ਹੈ ਕਿ ਜਦੋ ਵੀ ਸਰਕਾਰ ਉਹਨਾਂ ਨੂੰ ਗ੍ਰਿਫਤਾਰ ਕਰਦੀ ਸੀ ਤਾਂ ਉਹਨਾਂ ਦੇ ਵਿਰੁੱਧ ਵੀ ਦੇਸ਼ ਧ੍ਰੋਹੀ ਦਾ ਹੀ ਮੁਕੱਦਮਾ ਦਰਜ ਕਰਦੀ ਹੈ। ਜੇਕਰ ਉਹ ਅੱਜ ਦੇਸ਼ ਹਿਤੈਸ਼ੀ ਹੋ ਸਕਦੇ ਸਨ ਤਾਂ ਫਿਰ ਪ੍ਰਵਾਸੀ ਸਿੱਖਾਂ ਨੂੰ ਦੇਸ਼ ਧ੍ਰੋਹੀ ਨਹੀ ਕਿਹਾ ਜਾ ਸਕਦਾ। ਉਹਨਾਂ ਸੁਖਬੀਰ ਸਿੰਘ ਬਾਦਲ ਨੂੰ ਮੁਖਾਤਿਬ ਹੁੰਦਿਆ ਕਿਹਾ ਕਿ ਉਹ ਪੰਜਾਬ ਵਿੱਚ ਜੰਮੇ ਪਲੇ ਹਨ ਪਰ ਉਹਨਾਂ ਨੂੰ ਪੰਜਾਬ ਦੇ ਲੋਕਾਂ ਦਾ ਕੋਈ ਦਰਦ ਨਹੀ ਪਰ ਪ੍ਰਵਾਸੀ ਸਿੱਖ ਵਧਾਈ ਦੇ ਪਾਤਰ ਹਨ ਕਿ ਉਹ ਪ੍ਰਵਾਸ ਕਰਨ ਦੇ ਬਾਵਜੂਦ ਵੀ ਪੰਥਕ ਦਰਦ ਆਪਣੇ ਸੀਨਿਆ ਵਿੱਚ ਸਮੋਈ ਬੈਠੇ ਹਨ।