ਨਵੀਂ ਦਿੱਲੀ – ਪ੍ਰੀ ਮੈਡੀਕਲ ਪ੍ਰੀਖਿਆ ਏ.ਆਈ.ਪੀ.ਐਮ.ਟੀ. ਦੌਰਾਨ ਪੱਛਮੀ ਬੰਗਾਲ ਦੇ ਸਿਲੀਗੁੜ੍ਹੀ ਵਿੱਖੇ ਦੋ ਸਿੱਖ ਨੌਜਵਾਨਾਂ ਨੂੰ ਪੱਗ ਉਤਾਰ ਕੇ ਪ੍ਰੀਖਿਆ ਦੇਣ ਲਈ ਮਜਬੂਰ ਕਰਨ ਦਾ ਹੈਰਾਨੀਕੁੰਨ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਅੱਜ ਕਮੇਟੀ ਦਫਤਰ ਵਿੱਖੇ ਸ਼ਿਕਾਇਤ ਕਰਨ ਪੁੱਜੇ ਕੋਟਾ ਰਾਜਸਥਾਨ ਦੇ ਵਸ਼ਨੀਕ ਗੁਰੂਲਾਲ ਸਿੰਘ ਖਹਿਰਾ ਅਤੇ ਪੰਜਾਬ ਦੇ ਧਾਰੀਵਾਲ ਦੇ ਇੰਦਰਬੀਰ ਸਿੰਘ ਵੱਲੋਂ ਸਿਲੀਗੁੜ੍ਹੀ ਮਾੱਡਲ ਹਾਈ ਸਕੂਲ, ਗੁਰੰਗ ਬਸਤੀ, ਸਿਲੀਗੁੜ੍ਹੀ ਦੇ ਪ੍ਰੀਖਿਆ ਕੇਂਦਰ ਦੇ ਪ੍ਰਬੰਧਕਾਂ ਤੇ ਦਸਤਾਰ ਉਤਾਰ ਕੇ ਪ੍ਰੀਖਿਆ ਦੇਣ ਦਾ ਦਬਾਵ ਬਣਾਉਣ ਦਾ ਦੋਸ਼ ਲਗਾਇਆ ਹੈ।
ਆਪਣੀ ਸ਼ਿਕਾਇਤ ’ਚ ਦੋਨਾਂ ਸਿੱਖ ਨੌਜਵਾਨਾਂ ਨੇ ਆਪਣੀ ਆਪਬੀਤੀ ਦਾ ਖੁਲਾਸਾ ਕਰਦੇ ਹੋਏ ਦਸਿਆ ਕਿ ਪ੍ਰੀਖਿਆ ਕੇਂਦਰ ’ਚ ਦਾਖਲੇ ਸਮੇਂ ਉਨ੍ਹਾਂ ਦੀ ਦੋ ਵਾਰ ਤਲਾਸ਼ੀ ਹੋਣ ਉਪਰੰਤ ਅੰਤਿਮ ਜਾਂਚ ਨਾਕੇ ਤੇ ਉਨ੍ਹਾਂ ਨੂੰ ਦਸਤਾਰਾਂ ਉਤਾਰ ਕੇ ਅੰਦਰ ਦਾਖਲ ਹੋਣ ਦਾ ਤੁਗਲਕੀ ਫ਼ੁਰਮਾਨ ਸੁਣਾਇਆ ਗਿਆ। ਜਿਸ ਦਾ ਵਿਰੋਧ ਕਰਦੇ ਹੋਏ ਨੌਜਵਾਨਾਂ ਵੱਲੋਂ ਪੱਗ ਖੋਲ ਕੇ ਤਲਾਸ਼ੀ ਦੇਣ ਦੀ ਪੇਸ਼ਕਸ ਕੀਤੀ ਗਈ ਪਰ ਪ੍ਰੀਖਿਆ ਇਨਚਾਰਜ ਦੇ ਅੜੀਅਲ ਰਵਇਐ ਕਾਰਨ ਕੇਂਦਰ ’ਚ ਦਾਖਲ ਹੋਣ ਦਾ ਸਮਾਂ 9:30 ਦੇ ਬਜਾਏ 9:35 ਹੋਣ ਨੂੰ ਆਧਾਰ ਬਣਾਉਂਦੇ ਹੋਏ ਉਨ੍ਹਾਂ ਨੂੰ ਪ੍ਰੀਖਿਆ ਕੇਂਦਰ ਤੋਂ ਬਾਹਰ ਜਾਉਣ ਦੇ ਆਦੇਸ਼ ਦੇ ਦਿੱਤੇ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਉਕਤ ਘਟਨਾਂ ਦੀ ਨਿਖੇਧੀ ਕਰਦੇ ਹੋਏ ਇਸ ਸੰਬੰਧ ਵਿੱਚ ਠੋਸ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਜੀ.ਕੇ. ਨੇ ਕਿਹਾ ਕਿ ਇਹ ਮਸਲਾ ਸਿੱਧਾ ਸਿੱਖਾਂ ਦੇ ਧਾਰਮਿਕ ਆਜ਼ਾਦੀ ਤੇ ਹਮਲਾ ਹੈ ਤੇ ਛੇਤੀ ਹੀ ਕਮੇਟੀ ਇਸ ਸੰਬੰਧ ’ਚ ਕੌਮੀ ਘਟਗਿਣਤੀ ਕਮਿਸ਼ਨ ਅਤੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨਾਲ ਮੁਲਾਕਾਤ ਕਰਕੇ ਦੋਸ਼ੀ ਲੋਕਾਂ ਦੇ ਖਿਲਾਫ਼ਕਾਰਵਾਹੀ ਦੀ ਮੰਗ ਕਰੇਗੀ। ਘਟਗਿਣਤੀ ਕੌਮਾਂ ਨੂੰ ਦੇਸ਼ ’ਚ ਦੂਜੇ ਦਰਜੇ ਦੇ ਸ਼ਹਿਰੀ ਵਜੋਂ ਵੇਖਣ ਦੀ ਨਵੀਂ ਬਣ ਰਹੀ ਮੰਦਭਾਗੀ ਪਿਰਤ ਨਾਲ ਜੀ.ਕੇ. ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਰੇ ‘‘ਸਬਕਾ ਸਾਥ-ਸਬਕਾ ਵਿਕਾਸ”਼ਠਬਸ ਦਾ ਮਜਾਕ ਬਣਨ ਦਾ ਵੀ ਦਾਅਵਾ ਕੀਤਾ।
ਇਸ ਤੋਂ ਪਹਿਲਾਂ ਜੈਪੁਰ ਵਿੱਖੇ ਅੰਮ੍ਰਿਤਧਾਰੀ ਨੌਜਵਾਨ ਦੇ ਕਕਾਰ ਉਤਰਵਾ ਕੇ ਪ੍ਰੀਖਿਆ ਲੈਣ ਦੇ ਮਸਲੇ ਤੇ ਕਮੇਟੀ ਵੱਲੋਂ ਰਾਜਸਥਾਨ ਦੀ ਮੁੱਖਮੰਤਰੀ ਵਸੁੰਧਰਾ ਰਾਜੇ ਸਿੰਧਿਆ, ਰਾਜਪਾਲ ਕਲਿਆਣ ਸਿੰਘ, ਡੀ.ਜੀ.ਪੀ. ਰਾਜਸਥਾਨ, ਕੌਮੀ ਘਟਗਿਣਤੀ ਕਮਿਸ਼ਨ ਅਤੇ ਘਟਗਿਣਤੀ ਕਮਿਸ਼ਨ ਰਾਜਸਥਾਨ ਨੂੰ ਕਾਨੂੰਨੀ ਕਾਰਵਾਹੀ ਕਰਨ ਲਈ ਚਿੱਠੀ ਭੇਜਣ ਦੀ ਸਿਰਸਾ ਨੇ ਜਾਣਕਾਰੀ ਦਿੱਤੀ। ਸਿਰਸਾ ਨੇ ਦਸਿਆ ਕਿ ਕਮੇਟੀ ਵੱਲੋਂ ਇਸ ਚਿੱਠੀ ’ਚ ਰਾਜਸਥਾਨ ਪੁਲਿਸ ਦੀ ਸੀ.ਆਈ.ਡੀ. ਨੂੰ ਇਸ ਮਾਮਲੇ ਦੀ ਪੜਤਾਲ ਕਰਦੇ ਹੋਏ ਪ੍ਰੀਖਿਆ ਕੇਂਦਰ ਦੇ ਅਧਿਕਾਰੀਆਂ ਦੇ ਖਿਲਾਫ਼ਧਾਰਮਿਕ ਭਾਵਨਾ ਭੜਕਾਉਣ ਦੇ ਦੋਸ਼ ਹੇਠ ਮੁਕਦਮਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ।