ਨਵੀਂ ਦਿੱਲੀ – ਮੁੰਬਈ ਬੰਬ ਬਲਾਸਟ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਯਾਕੂਬ ਮੇਮਨ ਨੂੰ ਵੀਰਵਾਰ ਸਵੇਰੇ 6:30 ਮਿੰਟ ਤੇ ਨਾਗਪੁਰ ਜੇਲ੍ਹ ਵਿੱਚ ਫਾਂਸੀ ਤੇ ਲਟਕਾ ਦਿੱਤਾ ਗਿਆ ਹੈ। ਯਾਕੂਬ ਦੀ ਫਾਂਸੀ ਦੇ ਦੌਰਾਨ ਉਸ ਦੇ ਪ੍ਰੀਵਾਰ ਦੇ ਕੁਝ ਮੈਂਬਰ ਵੀ ਜੇਲ੍ਹ ਵਿੱਚ ਮੌਜੂਦ ਸਨ। 6 ਜੇਲ੍ਹ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਉਸ ਨੂੰ ਫਾਂਸੀ ਦਿੱਤੀ ਗਈ। ਸ਼ਾਇਦ ਪੋਸਟਮਾਰਟਮ ਤੋਂ ਬਾਅਦ ਯਾਕੂਬ ਦੀ ਮ੍ਰਿਤਕ ਦੇਹ ਉਸ ਦੇ ਪ੍ਰੀਵਾਰ ਨੂੰ ਸੌਂਪ ਦਿੱਤੀ ਜਾਵੇ।
ਜੇਲ੍ਹ ਪ੍ਰਸ਼ਾਸਨ ਨੇ ਸਵੇਰੇ 7 ਵਜ ਕੇ ਇੱਕ ਮਿੰਟ ਤੇ ਯਾਕੂਬ ਨੂੰ ਮਰਿਆ ਐਲਾਨ ਕਰ ਦਿੱਤਾ ਗਿਆ। ਫਾਂਸੀ ਤੋਂ ਬਾਅਦ ਜਲਦੀ ਹੀ ਉਸ ਦੇ ਸਰੀਰ ਦਾ ਪੋਸਟਮਾਰਟਮ ਸ਼ੁਰੂ ਕਰ ਦਿੱਤਾ ਗਿਆ। ਸੁਪਰੀੰ ਕੋਰਟ ਵੱਲੋਂ ਫਾਂਸੀ ਤੇ ਰੋਕ ਤੋਂ ਇਨਕਾਰ ਅਤੇ ਰਾਸ਼ਟਰਪਤੀ ਵੱਲੋਂ ਯਾਕੂਬ ਦੀ ਰਹਿਮ ਦੀ ਪਟੀਸ਼ਨ ਰੱਦ ਕੀਤੇ ਜਾਣ ਤੋਂ ਬਾਅਦ ਉਸ ਨੂੰ ਆਖਿਰ ਮੌਤ ਦੇ ਹੀ ਦਿੱਤੀ ਗਈ। ਯਾਕੂਬ ਨੂੰ ਫਾਂਸੀ ਦੀ ਸਜ਼ਾ ਸਬੰਧੀ ਦੁਬਾਰਾ ਵਿਚਾਰ ਕਰਨ ਦੇ ਮਾਮਲੇ ਵਿੱਚ ਸੱਭ ਪਾਸਿਆਂ ਤੋਂ ਨਿਰਾਸ਼ਾ ਹੀ ਹੱਥ ਲਗੀ।
ਯਾਕੂਬ ਦੇ ਕੇਸ ਦੀ ਸੁਣਵਾਈ ਕਰਨ ਵਾਲੇ ਦੋ ਜੱਜਾਂ, ਏਆਰ ਦਵੇ ਅਤੇ ਕੁਰਇਨ ਜੋਸਫ਼ ਨੇ ਇਸ ਮਾਮਲੇ ਤੇ ਵੱਖ-ਵੱਖ ਰਾਏ ਦਿੱਤੀ ਸੀ। ਦਵੇ ਦਾ ਕਹਿਣਾ ਸੀ ਕਿ ਉਸ ਨੂੰ ਫਾਂਸੀ ਹੋਣੀ ਚਾਹੀਦੀ ਹੈ ਅਤੇ ਉਸ ਦੀ ਅਪੀਲ ਵਿੱਚ ਕੋਈ ਦਮ ਨਹੀਂ ਹੈ, ਓਧਰ ਦੂਸਰੇ ਪਾਸੇ ਜਸਟਿਸ ਜੋਸਫ਼ ਦਾ ਕਹਿਣਾ ਸੀ ਕਿ ਯਾਕੂਬ ਦੇ ਮਾਮਲੇ ਵਿੱਚ ਪ੍ਰਕਿਰਿਆ ਦਾ ਉਲੰਘਣ ਕੀਤਾ ਗਿਆ ਸੀ। ਐਮਨੈਸਟੀ ਇੰਟਰਟਨੈਸ਼ਨਲ ਨੇ ਵੀ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਯਾਕੂਬ ਮੇਨਨ ਨੂੰ ਫਾਂਸੀ ਦੇਣਾ ਭਾਰਤ ਵਿੱਚ ਫਾਂਸੀ ਦੀ ਸਜ਼ਾ ਦੇ ਦੁਖਦਾਈ ਇਸਤੇਮਾਲ ਨੂੰ ਦਰਸਾਉਂਦਾ ਹੈ।
ਇਹ ਵੀ ਅਜੀਬ ਸੰਜੋਗ ਹੈ ਕਿ ਅੱਜ ਹੀ ਦੇ ਦਿਨ ਯਾਕੂਬ ਦਾ ਜਨਮ ਹੋਇਆ ਸੀ ਅਤੇ ਅੱਜ ਦੇ ਦਿਨ ਹੀ ਉਸ ਨੂੰ ਮੌਤ ਮਿਲੀ। ਯਾਕੂਬ ਦਾ ਅੱਜ 53ਵਾਂ ਜਨਮਦਿਨ ਹੈ।