ਫਤਿਹਗੜ੍ਹ ਸਾਹਿਬ – “ਜੋ ਬੀਤੇ ਦਿਨੀਂ ਗੁਰਦਾਸਪੁਰ ਦੇ ਦੀਨਾਨਗਰ ਵਿਖੇ ਵੱਡੀ ਘਟਨਾ ਵਾਪਰੀ ਹੈ, ਇਸ ਪਿੱਛੇ ਆਈ.ਐਸ.ਆਈ.ਐਸ ਦੀ ਜਥੇਬੰਦੀ ਦੇ ਦਿਮਾਗ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿਊਂਕਿ ਤਾਲੀਬਾਨ ਅਤੇ ਲਸ਼ਕਰ ਏ ਤੋਇਬਾ ਵਰਗੀਆਂ ਜਥੇਬੰਦੀਆਂ ਵੀ ਸੁੰਨੀ ਕੌਮ ਨਾਲ ਸੰਬੰਧਤ ਹੋਣ ਕਰਕੇ ਆਈ.ਐਸ.ਆਈ.ਐਸ ਨਾਲ ਚੱਲ ਰਹੀਆਂ ਹਨ। ਸੁੰਨੀ ਅਤੇ ਸ਼ੀਆ ਮੁਸਲਿਮ ਵਰਗਾਂ ਵਿਚ ਕੌਮਾਂਤਰੀ ਪੱਧਰ ‘ਤੇ ਵੱਡਾ ਟਕਰਾ ਚੱਲ ਰਿਹਾ ਹੈ। ਇਸ ਲਈ ਅਜਿਹੀ ਕਾਰਵਾਈ ਪਾਕਿਸਤਾਨ ਵਿਚ ਵੀ ਹੋ ਸਕਦੀ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਜਿਹੇ ਹੋਣ ਵਾਲੇ ਹਮਲਿਆਂ ਦੌਰਾਨ ਭਾਵੇਂ ਇਧਰ ਜਾਨੀ ਨੁਕਸਾਨ ਹੋਵੇ ਭਾਵੇਂ ਸਰਹੱਦੋਂ ਪਾਰ ਹੋਵੇ, ਦੋਵੇਂ ਪਾਸੀਂ ਇਨਸਾਨੀਅਤ ਅਤੇ ਮਨੁੱਖੀ ਕਦਰਾਂ ਕੀਮਤਾਂ ਦਾ ਉਲੰਘਣ ਹੋਣ ‘ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਸਾਉਦੀ ਅਰਬ, ਇਰਾਨ ਅਤੇ ਸੀਰੀਆ ਆਦਿ ਵੀ ਸੁੰਨੀ ਮੁਸਲਿਮ ਮੁਲਕ ਹਨ। ਜੋ ਆਈ.ਐਸ.ਆਈ.ਐਸ ਨੂੰ ਖੂਫੀਆ ਤੌਰ ‘ਤੇ ਹਰ ਤਰ੍ਹਾਂ ਸਹਿਯੋਗ ਕਰਕ ਰਿਹੇ ਹਨ। ਦੂਸਰੇ ਪਾਸੇ ਇਜ਼ਰਾਇਲ ਮੁਲਕ ਵੀ ਆਈ.ਐਸ.ਆਈ.ਐਸ ਨੂੰ ਮਦਦ ਕਰ ਰਿਹਾ ਹੈ। ਭਾਰਤ ਮੁਲਕ ਦੇ ਇਜ਼ਰਾਇਲ ਨਾਲ ਬਹੁਤ ਅੱਛੇ ਸੰਬੰਧ ਹਨ। ਭਾਰਤ ਨੂੰ ਜੋ ਜੰਗੀ ਸਾਜ਼ੋ ਸਮਾਨ ਲੋੜੀਂਦਾ ਹੈ, ਉਹ ਬਹੁਤਾ ਇਜ਼ਰਾਇਲ ਤੋਂ ਹੀ ਆ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਭਾਰਤ ਦੇ ਵਜੀਰੇ ਆਜ਼ਮ ਮੋਦੀ ਇਜ਼ਰਾਇਲ ਦੇ ਦੌਰੇ ‘ਤੇ ਜਾ ਰਹੇ ਹਨ। ਇਸ ਲਈ ਇਹਨਾਂ ਨੂੰ ਆਪਣੇ ਇਹਨਾਂ ਦੋਸਤ ਮੁਲਕਾਂ ਤੋਂ ਗਿਆਨ ਪ੍ਰਾਪਤ ਹੋ ਜਾਣਾ ਚਾਹੀਦਾ ਹੈ ਕਿ ਦੀਨਾਨਗਰ (ਪੰਜਾਬ) ਵਿਖੇ ਥਾਣੇ ਉੱਤੇ ਹੋਇਆ ਹਮਲਾ ਕਿਸ ਜੇਹਾਦੀ ਜਥੇਬੰਦੀ ਨੇ ਕੀਤਾ ਹੈ? ਉਹਨਾਂ ਅਜਿਹੇ ਹਮਲਿਆਂ ਦੌਰਾਨ ਨਿਰਦੋਸ਼ ਲੋਕਾਂ ਦੇ ਮਾਰੇ ਜਾਣ ਉੱਤੇ ਵੀ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਲੜਾਈਆਂ ਅਤੇ ਜੰਗਾਂ ਜਾਲਿਮ ਹੁਕਮਰਾਨਾ ਵਿਰੁੱਧ ਹੁੰਦੀਆਂ ਹਨ। ਆਮ ਸਾਧਾਰਨ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਮੌਤ ਦੇ ਮੂੰਹ ਵਿਚ ਧਕੇਲ ਦੇਣ ਦੇ ਅਮਲ ਇਨਸਾਨੀ, ਧਾਰਮਿਕ, ਸਮਾਜਿਕ ਅਤੇ ਇਖਲਾਕੀ ਤੌਰ ‘ਤੇ ਜਾਇਜ਼ ਨਹੀਂ ਠਹਿਰਾਏ ਜਾ ਸਕਦੇ। ਇਸ ਲਈ ਦੁਨੀਆਂ ਵਿਚ ਆਜ਼ਾਦੀ ਚਾਹੁਣ ਵਾਲੀਆਂ ਕੌਮਾਂ ਜਾਂ ਹੁਕਮਰਾਨਾ ਵੱਲੋਂ ਨਿਰਦੋਸ਼ ਲੋਕਾਂ ਉੱਤੇ ਕਦੀ ਵੀ ਹਮਲੇ ਨਹੀ ਹੋਣੇ ਚਾਹੀਦੇ। ਬਲਕਿ ਮਨੁੱਖੀ ਹੱਕਾਂ ਅਤੇ ਕਦਰਾਂ-ਕੀਮਤਾਂ ਉਤੇ ਇਮਾਨਦਾਰੀ ਨਾਲ ਪਹਿਰਾ ਦਿੰਦੇ ਹੋਏ ਹੀ ਆਪਣੇ ਕਿਸੇ ਮਿਸ਼ਨ ਨੂੰ ਅੱਗੇ ਤੋਰਨਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਜਦੋਂ ਵੀ ਹਕੂਮਤਾਂ ਦੇ ਪ੍ਰਬੰਧ ਵਿਚ ਕਮਜ਼ੋਰੀਆਂ ਆ ਜਾਣ ਅਤੇ ਹੁਕਮਾਰਾਨ ਰਿਸ਼ਵਤਖੋਰੀ, ਜਬਰ-ਜ਼ੁਲਮ ਕਰਨ ਲੱਗ ਪੈਣ ਅਤੇ ਉਸ ਪ੍ਰਬੰਧ ਵਿਚ ਨਸ਼ੀਲੀਆਂ ਵਸਤਾਂ ਦੇ ਕਾਰੋਬਾਰਾਂ ਨੂੰ ਖੁਦ ਹੁਕਮਰਾਨ ਸਰਪ੍ਰਸਤੀ ਦੇ ਦੇਣ ਤਾਂ ਅਜਿਹੇ ਮਹੌਲ ਵਿਚ ਅਜਿਹਾ ਕੁਝ ਹੋਣਾ ਸੁਭਾਵਿਕ ਬਣ ਜਾਂਦਾ ਹੈ। ਕਿਊਂਕਿ ਉਥੋਂ ਦੇ ਨਿਵਾਸੀਆਂ ਦੇ ਮਨ ਵਿਚ ਬਾਦਲ-ਬੀਜੇਪੀ ਹਕੂਮਤ ਦੇ ਚੱਲ ਰਹੇ ਮਾੜੇ ਪ੍ਰਬੰਧ, ਜਬਰ ਜ਼ੁਲਮ ਹੋਣ ਅਤੇ ਗੈਰ ਇਖਲਾਕੀ ਕੰਮ ਹੋਣ ਦੀ ਬਦੌਲਤ ਬਗਾਵਤੀ ਭਾਵਨਾ ਜੋਰ ਫੜ ਚੁੱਕੀ ਹੈ। ਜੋ ਪੰਜਾਬ ਸੂਬੇ ਵਿਚ ਇਸ ਸਮੇਂ ਸਥਿਤੀ ਅਣਸੁਖਾਵੀਂ ਬਣੀ ਹੋਈ ਹੈ, ਉਸ ਲਈ ਮੌਜੂਦਾ ਬਾਦਲ-ਬੀਜੇਪੀ ਹਕੂਮਤ ਦੇ ਨਾਲ ਨਾਲ ਸੈਂਟਰ ਦੀ ਮੋਦੀ ਹਕੂਮਤ ਵੀ ਆਪਣੀਆਂ ਜਿੰਮੇਵਾਰੀਆਂ ਤੋਂ ਨਹੀਂ ਭੱਜ ਸਕਦੇ। ਇਸ ਸਮੇਂ ਜੋ ਸਰਹੱਦੀ ਸੂਬੇ ਹਨ, ਜਿਵੇਂ ਜੰਮੂ ਕਸ਼ਮੀਰ, ਰਾਜਸਥਾਨ, ਗੁਜਰਾਤ ਅਤੇ ਪੰਜਾਬ, ਇਹਨਾਂ ਵਿਚ ਜੋ ਮਿਲਟਰੀ ਦੇ ਸਕੂਲ ਹਨ, ਜਿਹਨਾਂ ਵਿਚ ਫੌਜੀ ਅਫ਼ਸਰਾਂ ਅਤੇ ਜਵਾਨਾਂ ਦੇ ਬੱਚੇ ਪੜ੍ਹਦੇ ਹਨ, ਅਜਿਹੇ ਹਾਲਾਤਾਂ ਸਮੇਂ ਉਹਨਾਂ ਸਕੂਲੀ ਨਿਰਦੋਸ਼ ਬੱਚਿਆਂ ਉਤੇ ਵੀ ਅਜਿਹੇ ਹਮਲੇ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ ਅਤੇ ਜਿੰਨੇ ਵੀ ਧਾਰਮਿਕ ਸਥਾਨ ਜਿਵੇਂ ਸ਼੍ਰੀ ਦਰਬਾਰ ਸਾਹਿਬ, ਅਤੇ ਹੋਰ, ਉਹਨਾਂ ਉਤੇ ਵੀ ਕਿਸੇ ਸਮੇਂ ਦੁਸ਼ਮਣ ਅਜਿਹੀ ਗੱਲ ਕਰ ਸਕਦਾ ਹੈ। ਇਸ ਲਈ ਇਹਨਾਂ ਧਾਰਮਿਕ ਅਸਥਾਨਾਂ ਅਤੇ ਮਿਲਟਰੀ ਸਕੂਲਾਂ ਦੇ ਬੱਚਿਆਂ ਨੂੰ ਲੈ ਕੇ ਜਾਣ-ਆਉਣ ਵਾਲੇ ਵਹੀਕਲਜ਼ ਅਤੇ ਇਹਨਾਂ ਸਕੂਲਾਂ ਦੀ ਸੁਰੱਖਿਆ ਅਤੇ ਧਾਰਮਿਕ ਅਸਥਾਨਾਂ ਦਾ ਹੋਰ ਵਧੇਰੇ ਚੌਕਸੀ ਨਾਲ ਪ੍ਰਬੰਧ ਕਰਨਾ ਬਣਦਾ ਹੈ। ਤਾਂ ਕਿ ਨਿਰਦੋਸ਼ ਬੱਚਿਆਂ ਅਤੇ ਨਿਵਾਸੀਆਂ ਦੇ ਜਾਨ ਮਾਲ ਦੀ ਸਹੀ ਤਰੀਕੇ ਹਿਫ਼ਾਜਤ ਹੋ ਸਕੇ।