ਨਵੀਂ ਦਿੱਲੀ – ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਬਣੇ ਬਾਬਾ ਬਘੇਲ ਸਿੰਘ ਸਿੱਖ ਹੈਰੀਟੇਜ਼ ਮਲਟੀਮੀਡੀਆ ਅਜ਼ਾਇਬਘਰ ’ਚ ਇੱਕ ਸਾਲ ਦੌਰਾਨ 3.5 ਲੋਕਾਂ ਦੀ ਆਮਦ ਜਿਗਿਆਸੂ ਦੇ ਰੂਪ ਵਿੱਚ ਹੋਣ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਅਵਾ ਕੀਤਾ ਗਿਆ ਹੈ। ਇਹ ਖੁਲਾਸਾ ਅੱਜ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਪੱਤਰਕਾਰਾਂ ਨੂੰ ਅਜ਼ਾਇਬਘਰ ਦੇ ਦਰਸ਼ਨ ਕਰਵਾਉਣ ਉਪਰੰਤ ਗਲਬਾਤ ਦੌਰਾਨ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਕੀਤਾ ਗਿਆ।
ਅਜ਼ਾਇਬਘਰ ਦੇ ਪਿੱਛੋਕੜ ਦੀ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਦਸਿਆ ਕਿ 1963-64 ਤੋਂ ਹੋਂਦ ’ਚ ਆਏ ਉਕਤ ਅਜ਼ਾਇਬਘਰ ਨੂੰ ਬੀਤੇ ਵਰ੍ਹੇ ਆਧੂਨਿਕ ਤਕਨੀਕਾਂ ਨਾਲ ਲੈਸ ਕਰਕੇ ਮਲਟੀਮੀਡੀਆ ਰੂਪ ’ਚ ਲਿਆਉਣ ਤੋਂ ਬਾਅਦ ਸੰਗਤਾਂ ਦਾ ਰੋਜ਼ਾਨਾ ਅਜ਼ਾਇਬਘਰ ਵਿੱਚ ਹੜ੍ਹ ਆ ਰਿਹਾ ਹੈ। ਵਰਲਡ ਪੰਜਾਬੀ ਔਰਗਨਾਈਜੇਸ਼ਨ ਦੇ ਪ੍ਰਧਾਨ ਵਿਕ੍ਰਮਜੀਤ ਸਿੰਘ ਸਾਹਨੀ ਜੋ ਕਿ ਉਕਤ ਅਜਾਇਬਘਰ ਦੇ ਚੇਅਰਮੈਨ ਵੀ ਹਨ ਨੂੰ ਜੀ.ਕੇ. ਨੇ ਸੰਗਤਾਂ ਦੀ ਭਾਰੀ ਆਮਦ ਨੂੰ ਲੈ ਕੇ ਵਧਾਈ ਵੀ ਦਿੱਤੀ।
ਨੈਸ਼ਨਲ ਮਿਊਜੀਅਮ ਵਿੱਖੇ ਰੋਜ਼ਾਨਾ 80 ਤੋਂ 100 ਲੋਕਾਂ ਦੇ ਆਉਣ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਕਮੇਟੀ ਦੇ ਅਜ਼ਾਇਬਘਰ ਵਿੱਚ ਰੋਜ਼ਾਨਾ 800 ਤੋਂ 1000 ਹਜ਼ਾਰ ਸੰਗਤਾਂ ਦੇ ਆਉਣ ਦਾ ਵੀ ਦਾਅਵਾ ਕੀਤਾ। ਜੀ.ਕੇ. ਨੇ ਕਿਹਾ ਕਿ ਅਜ਼ਾਇਬਘਰ ਦੇ ਦਰਵਾਜੇ ਤੇ ਲੱਗੇ ਆਟੋਮੈਟਿਕ ਸਕ੍ਰੈਨਰ ਨਾਲ ਆਉਣ ਵਾਲੇ ਦਰਸ਼ਕਾਂ ਦੀ ਗਿਣਤੀ ਦੀ ਰੋਜ਼ਾਨਾ ਜਾਣਕਾਰੀ ਮਿਲਦੀ ਰਹਿੰਦੀ ਹੈ।ਅਗਲੇ ਸਾਲ ਅਜ਼ਾਇਬਘਰ ਵੇਖਣ ਵਾਲੀ ਸੰਗਤ ਦੀ ਗਿਣਤੀ 5 ਤੋਂ 5.5 ਲੱਖ ਹੋਣ ਦੀ ਵੀ ਜੀ.ਕੇ. ਨੇ ਆਸ਼ ਜਤਾਈ।
ਅਜ਼ਾਇਬਘਰ ਵਿੱਚ ਮੌਜ਼ੂਦ ਇਤਿਹਾਸ ਦੀ ਜਾਣਕਾਰੀ ਮਲਟੀਮੀਡੀਆ ਰਾਹੀਂ ਦੇਣ ਵਾਲੇ ਢਾਂਚੇ ਸਦਕਾ ਜੀ.ਕੇ. ਨੇ ਸਾਂਝੀਵਾਲਤਾ, ਸਚਾਈ, ਬਰਾਬਰਤਾ ਦੇ ਸੁਨੇਹੇ ਦੇ ਪ੍ਰਚਾਰ ਨਾਲ ਮੁਲਕ ਵਿੱਚ ਸ਼ਾਂਤੀ ਕਾਇਮ ਹੋਣ ਦੀ ਵੀ ਗਲ ਕਹੀ।
ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਬਾਬਾ ਬਘੇਲ ਸਿੰਘ ਵੱਲੋਂ 1783 ਵਿੱਖੇ ਲਾਲ ਕਿਲੇ ਤੇ ਕੇਸ਼ਰੀ ਨਿਸ਼ਾਨ ਝੁਲਾਉਣ ਨੂੰ ਮੁਲਕ ਨੂੰ ਮੁਗਲਾਂ ਤੋਂ ਅਜ਼ਾਦੀ ਮਿਲਣ ਦਾ ਵੀ ਪ੍ਰਤੀਕ ਦਸਿਆ। ਸਿਰਸਾ ਨੇ ਕਿਹਾ ਕਿ ਇੱਕ ਛੱਤ ਹੇਠ ਹਿੰਦੀ, ਪੰਜਾਬੀ, ਅਤੇ ਅੰਗਰੇਜ਼ੀ ’ਚ ਆਵਾਜ਼ ਰਾਹੀਂ ਜਾਣਕਾਰੀ ਦੇਣ ਵਾਲੇ ਇਸ ਅਲੋਕਿਕ ਅਜ਼ਾਇਬਘਰ ਨੇ ਦਰਸ਼ਕਾਂ ਦੀ ਸੰਖਿਆ ਦੇ ਤੌਰ ਤੇ ਵੀ ਨਵਾਂ ਮੀਲ ਦਾ ਪੱਥਰ ਕਾਇਮ ਕੀਤਾ ਹੈ।
ਜੰਗੇ ਅਜ਼ਾਦੀ ਦੀ ਪ੍ਰਾਪਤੀ ਦੌਰਾਨ ਆਪਣਾ ਹਿੱਸਾ ਪਾਉਣ ਵਾਲੇ ਸਮੂਹ ਫਿਰਕਿਆਂ ਦੇ ਲੋਕਾਂ ਤੇ ਇੱਕ ਸ਼ਾਰਟ ਫਿਲਮ ਕਮੇਟੀ ਵੱਲੋਂ ਬਣਾਕੇ ਅਜ਼ਾਇਬਘਰ ਦੇ ਆੱਡੀਟੋਰੀਅਮ ਵਿੱਖੇ ਰੋਜ਼ਾਨਾ ਚਲਾਉਣ ਦਾ ਵੀ ਸਿਰਸਾ ਨੇ ਇਸ ਮੌਕੇ ਤੇ ਐਲਾਨ ਕੀਤਾ।
ਨੌਜਵਾਨ ਪੀੜ੍ਹੀ ਨੂੰ ਗੁਰੂਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਦੇ ਨਾਲ ਹੀ ਅਜ਼ਾਇਬਘਰ ਵਿੱਖੇ ਆਉਣ ਦਾ ਵੀ ਸਿਰਸਾ ਨੇ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਜ਼ਾਇਬਘਰ ਸਾਡੇ ਮਨ ਦੇ ਵਿੱਚ ਪੈਦਾ ਹੁੰਦੇ ਸਵਾਲ ਕੀ ਗੁਰੂ ਨਾਲ ਜੁੜਨਾਂ ਕਿਉਂ ਜਰੂਰੀ ਹੈ ਦਾ ਇਤਿਹਾਸਕ ਤੱਥਾਂ ਨਾਲ ਜੁਆਬ ਦਿੰਦਾ ਹੈ। ਦੇਸ਼ ਦੀ ਭਾਈਚਾਰਕ ਸਾਂਝ ਵਿੱਚ ਵੱਖਰੇਵੀਆਂ ਦੀ ਲੀਕ ਖਿੱਚਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਨੂੰ ਸਿਰਸਾ ਨੇ ਸਿੱਖ ਕੌਮ ਵੱਲੋਂ ਜ਼ੁਲਮ ਦੇ ਖਿਲਾਫ਼ਕੁਰਬਾਨੀਆਂ ਦੇ ਕੇ ਉਸਾਰੀ ਗਈ ਇਸ ਸਾਂਝ ਨੂੰ ਚੇਤਾ ਰੱਖਣ ਦੀ ਵੀ ਅਪੀਲ ਕੀਤੀ।
ਸਾਹਨੀ ਨੇ ਸੈਂਕੜੇ ਵਿਦੇਸ਼ੀ ਸ਼ੈਲਾਨੀਆਂ ਵੱਲੋਂ ਰੋਜ਼ਾਨਾ ਅਜਾਇਬਘਰ ਵਿੱਚ ਜਾਣਕਾਰੀ ਲੈਣ ਲਈ ਆਉਣ ਦਾ ਹਵਾਲਾ ਦਿੰਦੇ ਹੋਏ ਵਿਸਤਾਰ ਨਾਲ ਅਜਾਇਬਘਰ ਵਿੱਚ ਮੌਜ਼ੂਦ ਸੁਵੀਧਾਵਾਂ ਦੀ ਜਾਣਕਾਰੀ ਦਿੱਤੀ। ਦਿੱਲੀ ਵਿੱਖੇ ਬ੍ਰਿਟਿਸ਼ ਹਾਈ ਕਮਿਸ਼ਨਰ ਨੂੰ ਛੇਤੀ ਕਮੇਟੀ ਪ੍ਰਧਾਨ ਦੀ ਅਗੁਵਾਹੀ ਹੇਠ ਇਕ ਵੱਫ਼ਦ ਦੇ ਰੂਪ ਵਿੱਚ ਮਿਲਕੇ ਇੰਗਲੈਂਡ ਵਿੱਖੇ ਮਹਾਰਾਜਾ ਰਣਜੀਤ ਸਿੰਘ ਨਾਲ ਸੰਬਧਿਤ ਵਸਤੂਆਂ ਨੂੰ ਵਾਪਸ ਭਾਰਤ ਲਿਆਉਣ ਦੀ ਮੰਗ ਛੇਤੀ ਕਰਨ ਦਾ ਵੀ ਸਾਹਨੀ ਨੇ ਐਲਾਨ ਕੀਤਾ।
ਇਸ ਮੌਕੇ ਤੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਧਰਮ ਪ੍ਰਚਾਰ ਕਮੇਟੀ ਦੇ ਸਰਪ੍ਰਸਤ ਗੁਰਬਚਨ ਸਿੰਘ ਚੀਮਾ, ਮੈਂਬਰ ਪਰਮਜੀਤ ਸਿੰਘ ਚੰਢੋਕ, ਹਰਦੇਵ ਸਿੰਘ ਧਨੋਆ,ਬੀਬੀ ਧੀਰਜ ਕੌਰ, ਅਕਾਲੀ ਆਗੂ ਮਨਜੀਤ ਸਿੰਘ ਔਲਖ, ਅਤੇ ਗੁਰਮੀਤ ਸਿੰਘ ਬੌਬੀ ਮੌਜ਼ੂਦ ਸਨ।