ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਬਾ ਮਨਬੀਰ ਕੌਰ ਨੂੰ 10ਵੀਂ ਦੀ ਪ੍ਰੀਖਿਆ ਦੌਰਾਨ 1100 ਅੰਕਾਂ ਵਿਚੋਂ 1023 ਨੰਬਰ ਲੈ ਕੇ ਪੂਰੇ ਪਾਕਿਸਤਾਨ ‘ਚੋਂ ਪਹਿਲਾ ਸਥਾਨ ਹਾਸਲ ਕਰਨ ਤੇ ਮੁਬਾਰਕਬਾਦ ਦਿੰਦਿਆਂ ਐਲਾਨ ਕੀਤਾ ਹੈ ਕਿ ਇਸ ਬੀਬਾ ਨੂੰ ਉਚੇਰੀ ਸਿੱਖਿਆ ਲਈ ਸ਼੍ਰੋਮਣੀ ਕਮੇਟੀ ਵੱਲੋਂ 51 ਹਜ਼ਾਰ ਰੁਪਏ ਦਿੱਤੇ ਜਾਣਗੇ।
ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਪਾਕਿਸਤਾਨ ਵਿੱਚ ਘੱਟ ਗਿਣਤੀ ਸਿੱਖ ਭਾਈਚਾਰੇ ਦੀ ਬੱਚੀ ਨੇ ਪੂਰੇ ਪਾਕਿਸਤਾਨ ਵਿਚੋਂ ੧੦ਵੀਂ ਦੀ ਪ੍ਰੀਖਿਆ ਦੌਰਾਨ ਪਹਿਲਾ ਸਥਾਨ ਹਾਸਲ ਕਰਕੇ ਜਿਥੇ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ ਹੈ, ਉਥੇ ਸਿੱਖ ਕੌਮ ਦਾ ਵੀ ਮਾਣ ਵਧਾਇਆ ਹੈ।ਉਨ੍ਹਾਂ ਕਿਹਾ ਕਿ ਅਜਿਹੇ ਹੋਣਹਾਰ ਬੱਚੇ-ਬੱਚਿਆਂ ਨੂੰ ਜੇਕਰ ਸਰਕਾਰ ਮਦਦ ਮੁਹੱਈਆ ਕਰਵਾਏ ਤਾਂ ਯਕੀਨਨ ਇਹ ਦੇਸ਼ ਦਾ ਨਾਮ ਉੱਚਾ ਕਰ ਸਕਦੇ ਹਨ।ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬੀਬਾ ਮਨਬੀਰ ਕੌਰ ਵੱਲੋਂ 10ਵੀਂ ਦੀ ਪ੍ਰੀਖਿਆ ਵਿਚ ਟਾਪ ਕਰਨਾ ਇਹ ਸਾਬਤ ਕਰਦਾ ਹੈ ਕਿ ਇਹ ਬੱਚੀ ਹੋਣਹਾਰ ਤੇ ਪੜ੍ਹਣ ਵਾਲੀ ਹੈ।ਇਸ ਲਈ ਇਸ ਬੱਚੀ ਨੂੰ ਵੱਧ ਤੋਂ ਵੱਧ ਸਹਾਇਤਾ ਦਿੱਤੀ ਜਾਵੇ ਅਤੇ ਅੱਗੋਂ ਇਸ ਦੀ ਪੜਾਈ ਤੇ ਹੋਣ ਵਾਲਾ ਸਮੁੱਚਾ ਖਰਚ ਸਰਕਾਰ ਕਰੇ।ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਤੇ ਗੁਰੂ ਦੀ ਕਿਰਪਾ ਹੋਵੇ ਉਨ੍ਹਾਂ ਪਰਿਵਾਰਾਂ ਦੇ ਬੱਚੇ ਹਮੇਸ਼ਾ ਹੋਣਹਾਰ ਹੁੰਦੇ ਹਨ।ਉਨ੍ਹਾਂ ਕਿਹਾ ਕਿ ਬੀਬਾ ਮਨਬੀਰ ਕੌਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪ੍ਰੇਮ ਸਿੰਘ ਦੀ ਸਪੁੱਤਰੀ ਹੈ।ਉਨ੍ਹਾਂ ਕਿਹਾ ਕਿ ਸਤਿਗੁਰੂ ਜੀ ਕਿਰਪਾ ਕਰਨ ਇਹ ਬੱਚੀ ਅੱਗੋਂ ਵੀ ਇਸੇ ਤਰ੍ਹਾਂ ਪਰਿਵਾਰ, ਕੌਮ ਅਤੇ ਦੇਸ਼ ਦਾ ਨਾਮ ਰੌਸ਼ਨ ਕਰਦੀ ਰਹੇ।